ਜਦੋਂ ਸੰਨੀ ਨੂੰ ਮਿਲ ਕੇ ਕੈਪਟਨ ਅਮਰਿੰਦਰ ਸਿੰਘ ਦੀਆਂ ਯਾਦਾਂ ਤਾਜ਼ੀਆਂ ਹੋਈਆਂ

Memory, Captain Amarinder singh, Revived, Sunny

ਫਿਲੌਰ/ਚੰਡੀਗੜ੍ਹ (ਸੱਚ ਕਹੂੰ ਬਿਊਰੋ)। ਪਾਕਿਸਤਾਨ ਦੀ ਇਤਿਹਾਸਕ ਫੇਰੀ ਦੌਰਾਨ ਤਕਰੀਬਨ 14 ਵਰੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਿਛਲੇ ਕਾਰਜਕਾਲ ਸਮੇਂ ਆਪਣੇ ਲਹਿੰਦੇ ਪੰਜਾਬ ਦੇ ਹਮਰੁਤਬਾ ਕੋਲੋਂ ਇੱਕ ਅਨੋਖਾ ਪਰ ਦਿਲ-ਖਿੱਚਵਾਂ ਤੋਹਫ਼ਾ ਮਿਲਿਆ ਸੀ। ਇਹ ਸੁਲਤਾਨ ਨਾਂਅ ਦਾ ਦਰਸ਼ਨੀ ਘੋੜਾ ਸੀ। ਬਦਕਿਸਮਤੀ ਨਾਲ ਸੁਲਤਾਨ ਨੂੰ ਭਾਰਤ ਪਹੁੰਚਣ ‘ਤੇ ਭਿਆਨਕ ਬਿਮਾਰੀ ਕਾਰਨ ਵੱਖ ਰੱਖਿਆ ਗਿਆ ਸੀ ਅਤੇ ਉਹ ਜ਼ਿਆਦਾ ਸਮਾਂ ਜਿਉਂਦਾ ਨਹੀਂ ਰਹਿ ਸਕਿਆ ਸੀ।

ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦਾ ਸਾਲ 2004 ਦੀ ਇਸ ਫੇਰੀ ਦੌਰਾਨ ਪਾਕਿਸਤਾਨੀ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪਰਵੇਜ਼ ਇਲਾਹੀ ਨਾਲ ਰਿਸ਼ਤਾ ਸੁਲਤਾਨ ਨਾਲੋਂ ਜ਼ਿਆਦਾ ਸਮਾਂ ਬਣਿਆ ਰਿਹਾ। ਕੈਪਟਨ ਅਮਰਿੰਦਰ ਨੂੰ ਦਿੱਤੇ ਤੋਹਫ਼ੇ ਦੇ ਜ਼ਿਆਦਾ ਦੇਰ ਜ਼ਿੰਦਾ ਨਾ ਰਹਿਣ ਕਾਰਨ ਸ੍ਰੀ ਇਲਾਹੀ ਵੀ ਦੁਖੀ ਹੋਏ ਸਨ ਅਤੇ ਉਨ੍ਹਾਂ ਨੇ ਇੱਕ ਹੋਰ ਘੋੜਾ ਤੋਹਫ਼ੇ ਵਜੋਂ ਦੇਣ ਦਾ ਫੈਸਲਾ ਕੀਤਾ ਸੀ। ਕੈਪਟਨ ਅਮਰਿੰਦਰ ਸਿੰਘ ਇਹ ਨਵਾਂ ਤੋਹਫ਼ਾ ਮਿਲਣ ਬਾਅਦ ਤੁਰੰਤ ਇਸ ਸੰਨੀ ਨਾਂਅ ਦੇ ਵਛੇਰੇ ਨੂੰ ਉਨ੍ਹਾਂ ਨੇ ਇਸ ਦੀ ਦੇਖ-ਭਾਲ ਪੰਜਾਬ ਪੁਲਿਸ ਅਕੈਡਮੀ (ਪੀਪੀਏ) ਨੂੰ ਸੌਂਪ ਦਿੱਤੀ ਸੀ। ਬੁੱਧਵਾਰ ਨੂੰ ਜਦੋਂ ਮੁੱਖ ਮੰਤਰੀ ਪਾਸਿੰਗ ਆਊਟ ਪਰੇਡ ਲਈ ਸਥਾਨਕ ਪੀਪੀਏ ਆਏ ਤਾਂ ਉਨ੍ਹਾਂ ਨੇ ਸੰਨੀ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ।  ਮੁੱਖ ਮੰਤਰੀ ਨੂੰ ਹਾਲੇ ਵੀ ਯਾਦ ਸੀ ਕਿ ਇਸ ਘੋੜੇ ਨੇ ਉਦੋਂ ਆਪਣੀ ਲੱਤ ਜ਼ਖ਼ਮੀ ਕਰ ਲਈ ਸੀ।

ਅਸਲ ਵਿੱਚ ਅੱਜ ਸਵੇਰੇ ਪੀਪੀਏ ਪਹੁੰਚਣ ਸਾਰ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਸੰਨੀ ਬਾਰੇ ਪੁੱਛਿਆ ਅਤੇ ਉਸ ਨੂੰ ਦੇਖਣ ਦੀ ਇੱਛਾ ਪ੍ਰਗਟਾਈ। ਅਧਿਕਾਰੀਆਂ ਨੇ ਤੁਰੰਤ ਇਸ ਮਿਲਣੀ ਦਾ ਇੰਤਜ਼ਾਮ ਕਰ ਦਿੱਤਾ।   ਭਾਵੇਂ ਇਹ ਮਿਲਣੀ ਕੁਝ ਪਲਾਂ ਦੀ ਸੀ ਪਰ ਮੁੱਖ ਮੰਤਰੀ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਕਿਉਂਕਿ ਉਹ ਇਸ ਘੋੜੇ ਦੀ ਸਿਹਤ ਲਈ ਫਿਕਰਮੰਦ ਅਤੇ ਲੰਬੇ ਸਮੇਂ ਬਾਅਦ ਹੋਈ ਇਸ ਮਿਲਣੀ ਤੋਂ ਖੁਸ਼ ਜਾਪ ਰਹੇ ਸਨ।