Punjab
Tiger Shroff Firing Case: ਟਾਈਗਰ ਸ਼ਰਾਫ ਗੋਲੀਬਾਰੀ ਮਾਮਲੇ ਦੇ ਤਿੰਨੋਂ ਮੁਲਜ਼ਮ ਮੁੰਬਈ ਪਹੁੰਚੇ, ਕੀਤੀ ਜਾ ਰਹੀ ਪੁੱਛਗਿੱਛ
ਟਾਈਗਰ ਸ਼ਰਾਫ ਗੋਲੀਬਾਰੀ ਮਾਮਲੇ ਦੇ ਤਿੰਨੋਂ ਮੁਲਜ਼ਮ ਮੁੰਬਈ ਪਹੁੰਚੇ, ਕੀਤੀ ਜਾ ਰਹੀ ਪੁੱਛਗਿੱਛ
ਮੁੰਬਈ (ਸੱਚ ਕਹੂੰ ਨਿਊਜ਼/ਏਜੰਸੀ)। ਮੁੰਬਈ ਪੁਲਿਸ ਬੁੱਧਵਾਰ ਸਵੇਰੇ 4 ਵਜੇ ਦੇ ਕਰੀਬ ਰਾਜਸਥਾਨ ’ਚ ਟਾਈਗਰ ਸ਼ਰਾਫ ਦੇ ਕਤਲ ਦੀ ਕੋਸ਼ਿਸ਼ ਦੇ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਨੂੰ ਲੈ ਕੇ ਮੁੰਬਈ ਪਹੁੰਚੀ। ਪੁਲਿਸ ਨੇ ਤੁਰੰਤ ਜੀਟੀ ਹਸਪਤਾਲ ’ਚ ਤਿੰਨਾਂ ਮੁਲਜ਼ਮਾਂ ਦਾ ਮੈਡੀਕਲ ਚੈੱਕਅਪ ਕਰਵਾਇਆ। ਫਿਰ ਉਨ੍ਹਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਮੁਲਜ਼ਮਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਅਜਿੰਕਿਆ ਮਿਰਗਲ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਅਜੇ ਤੱਕ ਉਨ੍ਹਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਹੈ ਤਾਂ ਜੋ ਉਨ੍ਹਾਂ ਦੇ ਪਾਵਰ ਆਫ਼ ਅਟਾਰਨੀ ’ਤੇ ਦਸਤਖਤ ਕੀਤੇ ਜਾ ਸਕਣ। ਪੁਲਿਸ ਨੇ ਦੱਸਿਆ ਕਿ ਕੋਟਾ ਤੋਂ 17 ਘੰਟੇ ਦੀ ਯਾਤਰਾ ਤੋਂ ਬਾਅਦ ਮੁੰਬਈ ਪਹੁੰਚਣ ’ਤੇ, ਤਿੰਨਾਂ ਨੂੰ ਜੀਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਮੈਡੀਕਲ ਚੈੱਕਅਪ ਹੋਇਆ।
ਉਨ੍ਹਾਂ ਨੂੰ ਮੁੰਬਈ ਕ੍ਰਾਈਮ ਬ੍ਰਾਂਚ ਦੇ ਐਂਟੀ-ਐਕਸਟੋਰਸ਼ਨ ਸੈੱਲ ’ਚ ਹਿਰਾਸਤ ਵਿੱਚ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਰਿਤਿਕ ਕੁਮਾਰ, ਫੂਲ ਸਿੰਘ ਤੇ ਰੇਹਾਨ ਅੰਸਾਰੀ ਵਜੋਂ ਹੋਈ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਤਿੰਨ ਮੁਲਜ਼ਮਾਂ ਵਿੱਚੋਂ ਰੇਹਾਨ ਹੀ ਲਾਰੈਂਸ ਬਿਸ਼ਨੋਈ ਗੈਂਗ ਦੇ ਅਨਿਲ ਪੰਡਿਤ ਦੇ ਸੰਪਰਕ ਵਿੱਚ ਸੀ। ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਟਾਈਗਰ ਸ਼ਰਾਫ ’ਤੇ ਹਮਲੇ ਸਬੰਧੀ ਅਨਿਲ ਪੰਡਿਤ ਨਾਲ ਗੱਲਬਾਤ ਕੀਤੀ ਸੀ।
ਚਰਚਾ ਹੈ ਕਿ ਮੰਗਲਵਾਰ ਨੂੰ ਦਿੱਲੀ ਪੁਲਿਸ ਨੇ ਇਸ ਮਾਮਲੇ ’ਚ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੰਬਈ ਪੁਲਿਸ ਵੀ ਇਨ੍ਹਾਂ ਚਾਰਾਂ ਨੂੰ ਮੁੰਬਈ ਲਿਆਉਣ ਜਾ ਰਹੀ ਹੈ। ਪਰ ਅਧਿਕਾਰੀ ਇਸ ਬਾਰੇ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਐਤਵਾਰ ਸ਼ਾਮ ਨੂੰ ਜੁਹੂ ਦੇ ਪੁਸ਼ਪਾ ਪਾਰਕ ਇਲਾਕੇ ’ਚ ਤਿੰਨ ਹਮਲਾਵਰਾਂ ਨੇ ਫਿਲਮ ਅਦਾਕਾਰ ਟਾਈਗਰ ਸ਼ਰਾਫ ’ਤੇ ਗੋਲੀਆਂ ਚਲਾਈਆਂ ਸਨ। ਹਮਲੇ ’ਚ ਟਾਈਗਰ ਸ਼ਰਾਫ ਵਾਲ-ਵਾਲ ਬਚ ਗਏ, ਪਰ ਉਨ੍ਹਾਂ ਦਾ ਡਰਾਈਵਰ ਤੇ ਇੱਕ ਰਾਹਗੀਰ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : Ludhiana News: ਲੁਧਿਆਣਾ ’ਚ ਪਾਰਕਿੰਗ ਵਿਵਾਦ ਦੌਰਾਨ ਫਾਇਰਿੰਗ, 31 ਸਾਲਾ ਨੌਜਵਾਨ ਦੀ ਮੌਤ