Uttarakhand Madrasa News: ਉਤਰਾਖੰਡ ਦੇ ਮਾਨਤਾ ਪ੍ਰਾਪਤ ਮਦਰੱਸਿਆਂ ’ਚ ਹੁਣ ਸ਼ੁੱਕਰਵਾਰ ਦੀ ਬਜਾਏ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਹੋਵੇਗੀ
ਉਤਰਾਖੰਡ ਦੇ ਮਾਨਤਾ ਪ੍ਰਾਪਤ ਮਦਰੱਸਿਆਂ ’ਚ ਹੁਣ ਸ਼ੁੱਕਰਵਾਰ ਦੀ ਬਜਾਏ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਹੋਵੇਗੀ
ਦੇਹਰਾਦੂਨ (ਸੱਚ ਕਹੂੰ ਨਿਊਜ਼/ਏਜੰਸੀ)। ਉੱਤਰਾਖੰਡ ’ਚ ਸਕੂਲਾਂ ਵਜੋਂ ਮਾਨਤਾ ਪ੍ਰਾਪਤ ਮਦਰੱਸਿਆਂ ’ਚ ਹੁਣ ਸ਼ੁੱਕਰਵਾਰ ਦੀ ਬਜਾਏ ਐਤਵਾਰ ਨੂੰ ਹਫ਼ਤਾਵਾਰੀ ਛੁੱਟੀ ਹੋਵੇਗੀ। ਸੂਬਾ ਸਰਕਾਰ ਨੇ ਇਨ੍ਹਾਂ ਸੰਸਥਾਵਾਂ ਨੂੰ ਸਿੱਖਿਆ ਵਿਭਾਗ ਤੇ ਉਤਰਾਖੰਡ ਘੱਟ ਗਿਣਤੀ ਸਿੱਖਿਆ ਅਥਾਰਟੀ ਦੁਆਰਾ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇੱਕ ਬਿਆਨ ’ਚ ਕਿਹਾ ਕਿ ਸਰਕਾਰ ਸਾਰੇ ਬੱਚਿਆਂ ਨੂੰ ਬਰਾਬਰ ਮੌਕੇ ਅਤੇ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਸਕੂਲਾਂ ਵਜੋਂ ਮਾਨਤਾ ਪ੍ਰਾਪਤ ਮਦਰੱਸੇ ਸਿੱਖਿਆ ਵਿਭਾਗ ਦੇ ਨਿਯਮਾਂ ਦੇ ਅਧੀਨ ਹੋਣਗੇ।
ਤੇ ਜੋ ਸੰਸਥਾਵਾਂ ਪਾਲਣਾ ਨਹੀਂ ਕਰਦੀਆਂ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਰਕਾਰ ਅਨੁਸਾਰ, ਨਵੀਂ ਪ੍ਰਣਾਲੀ ਦੇ ਤਹਿਤ 76 ਸੰਸਥਾਵਾਂ ਨੂੰ ਸਕੂਲਾਂ ਵਜੋਂ ਮਾਨਤਾ ਦਿੱਤੀ ਗਈ ਹੈ, ਜਦੋਂ ਕਿ 114 ਅਰਜ਼ੀਆਂ ਪ੍ਰਕਿਰਿਆ ਅਧੀਨ ਹਨ। ਉਤਰਾਖੰਡ ਘੱਟ ਗਿਣਤੀ ਸਿੱਖਿਆ ਅਥਾਰਟੀ ਦੇ ਚੇਅਰਮੈਨ ਡਾ. ਸੁਰਜੀਤ ਸਿੰਘ ਗਾਂਧੀ ਨੇ ਦੱਸਿਆ ਕਿ ਮਾਨਤਾ ਪ੍ਰਾਪਤ ਸੰਸਥਾਵਾਂ ’ਚ ਹਰਿਦੁਆਰ ’ਚ 44, ਊਧਮ ਸਿੰਘ ਨਗਰ ’ਚ 24, ਦੇਹਰਾਦੂਨ ਵਿੱਚ ਛੇ ਤੇ ਨੈਨੀਤਾਲ ਵਿੱਚ ਦੋ ਸ਼ਾਮਲ ਹਨ। ਸਰਕਾਰ ਨੇ ਉਤਰਾਖੰਡ ਮਦਰੱਸਾ ਬੋਰਡ ਨੂੰ ਖਤਮ ਕਰਨ ਤੋਂ ਬਾਅਦ ਘੱਟ ਗਿਣਤੀ ਵਿਦਿਅਕ ਸੰਸਥਾਵਾਂ ਲਈ ਇੱਕ ਨਵੀਂ ਪ੍ਰਣਾਲੀ ਲਾਗੂ ਕੀਤੀ ਹੈ।
ਪਹਿਲਾਂ, ਮਦਰੱਸਾ ਬੋਰਡ ਦੁਆਰਾ 452 ਮਦਰੱਸਿਆਂ ਨੂੰ ਮਾਨਤਾ ਦਿੱਤੀ ਗਈ ਸੀ। ਨਵੀਂ ਪ੍ਰਣਾਲੀ ਤਹਿਤ, ਸੰਸਥਾਵਾਂ ਨੂੰ ਨਿਰਧਾਰਤ ਵਿਦਿਅਕ ਮਿਆਰਾਂ ਅਨੁਸਾਰ ਮਾਨਤਾ ਪ੍ਰਾਪਤ ਕਰਨ ਦੀ ਲੋੜ ਹੋਵੇਗੀ। ਘੱਟ ਗਿਣਤੀ ਵਿਭਾਗ ਦੇ ਸਕੱਤਰ ਡਾ. ਪਰਾਗ ਮਧੂਕਰ ਧਾਕਤੇ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਸੂਬਾ ’ਚ 250 ਗੈਰ-ਕਾਨੂੰਨੀ ਮਦਰੱਸਿਆਂ ਨੂੰ ਸੀਲ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਅਨੁਸਾਰ, ਇਹ ਸੰਸਥਾਵਾਂ ਮਦਰੱਸਾ ਬੋਰਡ ਨਾਲ ਰਜਿਸਟਰਡ ਨਹੀਂ ਸਨ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਵਿਦਿਆਰਥੀਆਂ ਨੂੰ ਬਾਹਰੀ ਰਾਜਾਂ ਤੋਂ ਇਨ੍ਹਾਂ ਸੰਸਥਾਵਾਂ ਵਿੱਚ ਪੜ੍ਹਨ ਲਈ ਲਿਆਂਦਾ ਜਾ ਰਿਹਾ ਸੀ।
ਇਹ ਵੀ ਪੜ੍ਹੋ : Dehradun News: ਹਿਮਾਚਲ ਪ੍ਰ੍ਰਦੇਸ਼ ਤੋਂ ਦੇਹਰਾਦੂਨ ਲਿਆਂਦੀ ਜਾ ਰਹੀ 1.8 ਕਿਲੋਗ੍ਰਾਮ ਚਰਸ ਸਮੇਤ ਨੌਜਵਾਨ ਗ੍ਰਿਫ਼ਤਾਰ