Preetam Siwach: ਦਰੋਣਾਚਾਰੀਆ ਐਵਾਰਡ ਹਾਸਲ ਕਰਨ ਵਾਲੀ ਬਣੀ ਪਹਿਲੀ ਮਹਿਲਾ ਹਾਕੀ ਕੋਚ
ਪ੍ਰੀਤਮ ਸਿਵਾਚ, ਦਰੋਣਾਚਾਰੀਆ ਐਵਾਰਡ ਹਾਸਲ ਕਰਨ ਵਾਲੀ ਬਣੀ ਪਹਿਲੀ ਮਹਿਲਾ ਹਾਕੀ ਕੋਚ
ਪ੍ਰੀਤਮ ਸਿਵਾਚ ਦੀ ਗਿਣਤੀ ਭਾਰਤੀ ਮਹਿਲਾ ਹਾਕੀ ਟੀਮ ਦੀਆਂ ਦਿੱਗਜ ਖਿਡਾਰਨਾਂ ’ਚ ਕੀਤੀ ਜਾਂਦੀ ਹੈ। ਪ੍ਰੀਤਮ ਦਾ ਇੰਟਰਨੈਸ਼ਨਲ ਕੈਰੀਅਰ ਉਪਲੱਬਧੀਆਂ ਨਾਲ ਭਰਪੂਰ ਰਿਹਾ। ਖਿਡਾਰੀ ਵਜੋਂ ਦੇਸ਼ ਦੀ ਨੁਮਾਇੰਦਗੀ ਕਰਨ ਤੋਂ ਬਾਅਦ ਉਨ੍ਹਾਂ ਨੇ ਕੋਚ ਵਜੋਂ ਵੀ ਭਾਰਤੀ ਮਹਿਲਾ ਹਾਕੀ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਵਿਚ ਅਹਿਮ ਭੂਮਿਕਾ ਨਿਭਾਈ। ਪ੍ਰੀਤਮ ਸਿਵਾਚ ਦਾ ਜਨਮ 2 ਅਕਤੂਬਰ, 1974 ਨੂੰ ਹਰਿਆਣਾ ਦੇ ਗੁਰੂਗ੍ਰਾਮ ਦੇ ਨੇੜੇ ਸਥਿਤ ਝਾੜਸਾ ਪਿੰਡ ’ਚ ਹੋਇਆ। ਪ੍ਰੀਤਮ ਨੂੰ ਸ਼ੁਰੂ ਤੋਂ ਹੀ ਹਾਕੀ ਦੀ ਖੇਡ ’ਚ ਖਾਸ ਦਿਲਚਸਪੀ ਸੀ। ਉਨ੍ਹਾਂ ਨੇ ਸਿਰਫ਼ 13 ਸਾਲ ਦੀ ਉਮਰ ’ਚ ਹੀ ਹਾਕੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ, ਪ੍ਰੀਤਮ ਦੇ ਹਾਕੀ ਖੇਡਣ ’ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਿੰਡ ਦੇ ਲੋਕ ਤਾਹਨੇ ਮਾਰਦੇ ਰਹਿੰਦੇ ਸਨ, ਪਰ ਪ੍ਰੀਤਮ ਮੰਨੋ ਮਨ ’ਚ ਇਸ ਖੇਡ ’ਚ ਕੁਝ ਹਾਸਲ ਕਰਨ ਦਾ ਧਾਰ ਚੁੱਕੀ ਸੀ। ਪ੍ਰੀਤਮ ਜਦੋਂ 10ਵੀਂ ਜਮਾਤ ਦੀ ਵਿਦਿਆਰਥਣ ਸੀ, ਤਾਂ ਪਰਿਵਾਰ ਉਸ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ। Preetam Siwach
ਹਾਲਾਂਕਿ, ਪ੍ਰੀਤਮ ਨੇ ਖੁਦ ਲਈ ਦੋ ਸਾਲ ਦਾ ਸਮਾਂ ਮੰਗਿਆ। ਇਸ ਤੋਂ ਬਾਅਦ ਪ੍ਰੀਤਮ ਨੇ ਆਪਣਾ ਪੂਰਾ ਧਿਆਨ ਹਾਕੀ ਖੇਡਣ ’ਤੇ ਲਾ ਦਿੱਤਾ। 1990 ’ਚ ਪ੍ਰੀਤਮ ਨੇ ਪਹਿਲੀ ਵਾਰ ਰਾਸ਼ਟਰੀ ਮੁਕਾਬਲੇ ’ਚ ਹਿੱਸਾ ਲਿਆ ਅਤੇ ਟੂਰਨਾਮੈਂਟ ਦੀ ਬੈਸਟ ਖਿਡਾਰਨ ਬਣ ਕੇ ਉੱਭਰੀ। ਸਾਲ 1992 ’ਚ ਪ੍ਰੀਤਮ ਜੂਨੀਅਰ ਏਸ਼ੀਆ ਕੱਪ ’ਚ ਹਿੱਸਾ ਲੈਣ ਵਾਲੀ ਟੀਮ ਦਾ ਹਿੱਸਾ ਰਹੀ। ਇਹ ਉਨ੍ਹਾਂ ਦੇ ਕੈਰੀਅਰ ਦਾ ਪਹਿਲਾ ਇੰਟਰਨੈਸ਼ਨਲ ਟੂਰਨਾਮੈਂਟ ਰਿਹਾ। ਪ੍ਰੀਤਮ ਟੂਰਨਾਮੈਂਟ ’ਚ ਆਪਣੀ ਛਾਪ ਛੱਡਣ ’ਚ ਸਫਲ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਜ਼ਲਦੀ ਹੀ ਰੇਲਵੇ ਜੁਆਇਨ ਕਰ ਲਿਆ ਅਤੇ ਆਪਣੀ ਖੇਡ ਨੂੰ ਨਿਖਾਰਨ ਲਈ ਸਖ਼ਤ ਮਿਹਨਤ ਜਾਰੀ ਰੱਖੀ। ਭਾਰਤੀ ਹਾਕੀ ਟੀਮ ਲਈ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੇ ਚੱਲਦਿਆਂ ਉਨ੍ਹਾਂ ਨੂੰ ਕਪਤਾਨੀ ਦੀ ਵਾਧੂ ਜ਼ਿੰਮੇਵਾਰੀ ਵੀ ਸੌਂਪੀ ਗਈ। ਉਹ ਉਮੀਦਾਂ ’ਤੇ ਇੱਕਦਮ ਖਰੀ ਵੀ ਉੱਤਰੀ ਅਤੇ ਉਨ੍ਹਾਂ ਦੀ ਅਗਵਾਈ ’ਚ ਭਾਰਤੀ ਟੀਮ ਨੇ ਏਸ਼ੀਅਨ ਖੇਡਾਂ 1998 ’ਚ ਫਾਈਨਲ ਤੱਕ ਦਾ ਸਫ਼ਰ ਤੈਅ ਕਰਦਿਆਂ ਸਿਲਵਰ ਮੈਡਲ ਆਪਣੇ ਨਾਂਅ ਕੀਤਾ।
ਇਹ ਵੀ ਪੜ੍ਹੋ : Chemical Drugs: ਕੈਮੀਕਲ ਨਸ਼ਿਆਂ ਦੀ ਦਲਦਲ ’ਚ ਧਸਦੀ ਜਵਾਨੀ
ਸਾਲ 2002 ’ਚ ਦੇਸ਼ ਨੂੰ ਕਾਮਨਵੈਲਥ ਖੇਡਾਂ ’ਚ ਇਤਿਹਾਸਕ ਗੋਲਡ ਮੈਡਲ ਜਿਤਾਉਣ ’ਚ ਵੀ ਪ੍ਰੀਤਮ ਨੇ ਅਹਿਮ ਭੂਮਿਕਾ ਨਿਭਾਈ। ਖਿਡਾਰੀ ਵਜੋਂ ਸੰਨਿਆਸ ਲੈਣ ਤੋਂ ਬਾਅਦ ਪ੍ਰੀਤਮ ਨੇ ਕੋਚਿੰਗ ਵੱਲ ਰੁਖ਼ ਕੀਤਾ ਅਤੇ ਇਸ ਖੇਤਰ ’ਚ ਵੀ ਸਫਲਤਾ ਹਾਸਲ ਕੀਤੀ। ਕਾਮਨਵੈਲਥ ਖੇਡਾਂ 2010 ’ਚ ਉਹ ਭਾਰਤੀ ਹਾਕੀ ਟੀਮ ਦੀ ਟ੍ਰੇਨਰ ਰਹੀ। ਇਸ ਤੋਂ ਇਲਾਵਾ ਉਨ੍ਹਾਂ ਨੇ ਏਸ਼ੀਅਨ ਖੇਡਾਂ ਅਤੇ ਅਰਜਨਟੀਨਾ ’ਚ ਹੋਏ ਵਿਸ਼ਵ ਕੱਪ ਲਈ ਟੀਮ ਨੂੰ ਟ੍ਰੇਨਿੰਗ ਦਿੱਤੀ। ਸੋਨੀਪਤ ’ਚ ਪ੍ਰੀਤਮ ਨੇ ਆਪਣੀ ਹਾਕੀ ਅਕਾਦਮੀ ’ਚ ਕਈ ਖਿਡਾਰਨਾਂ ਨੂੰ ਤਿਆਰ ਕੀਤਾ, ਜਿਨ੍ਹਾਂ ਨੇ ਵਿਸ਼ਵ ਪੱਧਰ ’ਤੇ ਆਪਣੇ ਪ੍ਰਦਰਸ਼ਨ ਨਾਲ ਖੂਬ ਸੁਰਖ਼ੀਆਂ ਬਟੋਰੀਆਂ। ਪ੍ਰੀਤਮ ਨੂੰ ਹਾਕੀ ਦੀ ਖੇਡ ’ਚ ਅਹਿਮ ਯੋਗਦਾਨ ਲਈ ਸਾਲ 1998 ’ਚ ‘ਅਰਜਨ ਐਵਾਰਡ’ ਨਾਲ ਨਵਾਜਿਆ ਗਿਆ। ਇਸ ਤੋਂ ਇਲਾਵਾ ਸਾਲ 2021 ’ਚ ਪ੍ਰੀਤਮ ਨੂੰ ‘ਦਰੋਣਾਚਾਰੀਆ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਉਹ ‘ਦਰੋਣਾਚਾਰੀਆ ਐਵਾਰਡ’ ਪਾਉਣ ਵਾਲੀ ਪਹਿਲੀ ਮਹਿਲਾ ਹਾਕੀ ਕੋਚ ਬਣੀ।