Chemical Drugs: ਕੈਮੀਕਲ ਨਸ਼ਿਆਂ ਦੀ ਦਲਦਲ ’ਚ ਧਸਦੀ ਜਵਾਨੀ

ਕੈਮੀਕਲ ਨਸ਼ਿਆਂ ਦੀ ਦਲਦਲ ’ਚ ਧਸਦੀ ਜਵਾਨੀ

Khushdeep Singh Picture
Published On

ਭਾਰਤ ਵਿੱਚ ਨਸ਼ਿਆਂ ਦਾ ਰੂਪ-ਰੰਗ ਬੜੀ ਤੇਜ਼ੀ ਨਾਲ ਬਦਲ ਰਿਹਾ ਹੈ। ਪਹਿਲਾਂ ਜਿੱਥੇ ਅਫ਼ੀਮ, ਚਰਸ ਅਤੇ ਹੈਰੋਇਨ ਵਰਗੇ ਨਸ਼ਿਆਂ ਦਾ ਜ਼ੋਰ ਹੁੰਦਾ ਸੀ, ਉੱਥੇ ਹੀ ਹੁਣ ਮੈਥਾਮਫੇਟਾਮਾਈਨ, ਮੇਫੇਡਰੋਨ, ਕੈਟਾਮਾਈਨ, ਫੈਂਟਾਨਿਲ ਅਤੇ ਟਰਾਮਾਡੋਲ ਵਰਗੇ ਸਿੰਥੈਟਿਕ ਤੇ ਰਸਾਇਣਕ ਨਸ਼ੇ ਪੈਰ ਪਸਾਰ ਚੁੱਕੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਚੱਲਿਤ ਤੇ ਜਾਨਲੇਵਾ ਨਾਂਅ ‘ਮੈਫੇਡਰੋਨ’ ਦਾ ਹੈ, ਜਿਸ ਨੂੰ ਨੌਜਵਾਨਾਂ ਦੀ ਬੋਲਚਾਲ ਵਿੱਚ ‘ਮਿਆਊਂ-ਮਿਆਊਂ’ ਜਾਂ ‘ਐੱਮ-ਕੈਟ’ ਕਿਹਾ ਜਾਂਦਾ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਦੇ ਅੰਕੜਿਆਂ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਵਿੱਚ ਸਿੰਥੈਟਿਕ ਨਸ਼ਿਆਂ ਦੀ ਜ਼ਬਤੀ ਵਿੱਚ 300 ਤੋਂ 400 ਫ਼ੀਸਦੀ ਤੱਕ ਦਾ ਚਿੰਤਾਜਨਕ ਵਾਧਾ ਦਰਜ਼ ਕੀਤਾ ਗਿਆ ਹੈ। ਚਿੱਟੇ ਦੇ ਮੁਕਾਬਲੇ ਇਹ ਰਸਾਇਣਕ ਨਸ਼ੇ ਸਸਤੇ ਮਿਲਦੇ ਹਨ, ਜਿਸ ਕਾਰਨ ਨੌਜਵਾਨ ਪੀੜ੍ਹੀ ਵਿੱਚ ਇਨ੍ਹਾਂ ਦਾ ਰੁਝਾਨ ਖ਼ਤਰਨਾਕ ਹੱਦ ਤੱਕ ਵਧ ਚੁੱਕਾ ਹੈ। ਇਹ ਸਿੰਥੈਟਿਕ ਨਸ਼ੇ ਮੁੱਖ ਤੌਰ ’ਤੇ ਬੇਰੰਗ, ਬੇਗੰਧ ਪਾਊਡਰ ਜਾਂ ਗੋਲੀਆਂ ਦੇ ਰੂਪ ਵਿੱਚ ਤਿਆਰ ਕੀਤੇ ਜਾਂਦੇ ਹਨ। Chemical Drugs

ਇਹੀ ਕਾਰਨ ਹੈ ਕਿ ਰਵਾਇਤੀ ਜਾਂਚ ਪ੍ਰਣਾਲੀਆਂ, ਸੁੰਘਣ ਵਾਲੇ ਕੁੱਤੇ ਅਤੇ ਸੁਰੱਖਿਆ ਸਕੈਨਰ ਅਕਸਰ ਇਨ੍ਹਾਂ ਨੂੰ ਫੜਨ ਵਿੱਚ ਅਸਮਰੱਥ ਰਹਿੰਦੇ ਹਨ। ਕਾਨੂੰਨ ਤਹਿਤ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਇਹ ਨਸ਼ੇ ਸਿੱਧਾ ਮਨੁੱਖ ਦੇ ਦਿਮਾਗ ਅਤੇ ਨਾੜੀ ਤੰਤਰ ਨੂੰ ਨਿਸ਼ਾਨਾ ਬਣਾਉਂਦੇ ਹਨ। ਸਰੀਰ ਅੰਦਰ ਦਾਖ਼ਲ ਹੁੰਦਿਆਂ ਹੀ ਇਹ ਦਿਲ ਦੀ ਧੜਕਣ ਅਤੇ ਖ਼ੂਨ ਦੇ ਦਬਾਅ ਨੂੰ ਇਸ ਕਦਰ ਵਧਾ ਦਿੰਦੇ ਹਨ ਕਿ ਵਿਅਕਤੀ ਮੌਕੇ ’ਤੇ ਹੀ ਦਿਲ ਦੇ ਦੌਰੇ ਜਾਂ ਦਿਮਾਗ ਦੀ ਨਾੜੀ ਫਟਣ ਦਾ ਸ਼ਿਕਾਰ ਹੋ ਸਕਦਾ ਹੈ। ਲਗਾਤਾਰ ਵਰਤੋਂ ਨਾਲ ਜਬਾੜਿਆਂ ਤੇ ਦੰਦਾਂ ਦਾ ਗਲਣਾ, ਨੱਕ ਦੀਆਂ ਨਾਜ਼ੁਕ ਨਸਾਂ ਦਾ ਸੜਨਾ ਅਤੇ ਅੰਦਰੂਨੀ ਅੰਗਾਂ ਦਾ ਖ਼ਰਾਬ ਹੋਣਾ ਆਮ ਗੱਲ ਬਣ ਜਾਂਦੀ ਹੈ। ਮਾਨਸਿਕ ਤੌਰ ’ਤੇ ਇਹ ਨਸ਼ਾ ਬੰਦੇ ਨੂੰ ਭਿਆਨਕ ਵਹਿਮਾਂ, ਬੇਵਜ੍ਹਾ ਡਰ, ਭਰਮ ਅਤੇ ਘਬਰਾਹਟ ਦੇ ਦੌਰਿਆਂ ਦੇ ਅਜਿਹੇ ਹਨੇ੍ਹਰੇ ਵਿੱਚ ਧੱਕ ਦਿੰਦਾ ਹੈ, ਜਿੱਥੋਂ ਆਮ ਜ਼ਿੰਦਗੀ ਵੱਲ ਪਰਤਣਾ ਲਗਭਗ ਅਸੰਭਵ ਹੋ ਜਾਂਦਾ ਹੈ। ਸਰਹੱਦਾਂ ’ਤੇ ਸਖ਼ਤ ਚੌਕਸੀ ਕਾਰਨ ਤਸਕਰਾਂ ਨੇ ਆਪਣੇ ਤੌਰ-ਤਰੀਕੇ ਬਦਲ ਕੇ ਦੇਸ਼ ਦੇ ਅੰਦਰੂਨੀ ਹਿੱਸਿਆਂ ਵਿੱਚ ਹੀ ਕੱਚੇ ਰਸਾਇਣਾਂ ਤੋਂ ਨਸ਼ਾ ਤਿਆਰ ਕਰਨ ਵਾਲੀਆਂ ਗ਼ੈਰ-ਕਾਨੂੰਨੀ ਪ੍ਰਯੋਗਸ਼ਾਲਾਵਾਂ ਕਾਇਮ ਕਰ ਲਈਆਂ ਹਨ। Chemical Drugs

ਇਹ ਵੀ ਪੜ੍ਹੋ : Dubai Based Gangster: ਦੁਬਈ ਸਥਿਤ ਗੈਂਗਸਟਰ ਰਾਸ਼ਿਦ ਕੇਵਲਵਾਲਾ ਦੇ ਦੋ ਸ਼ੂਟਰ ਦਿੱਲੀ ਵਿੱਚ ਗ੍ਰਿਫ਼ਤਾਰ

ਕਾਨੂੰਨ ਦੀਆਂ ਨਜ਼ਰਾਂ ਤੋਂ ਬਚਣ ਲਈ ਇਨ੍ਹਾਂ ਫੈਕਟਰੀਆਂ ਨੂੰ ਪੇਂਡੂ ਖੇਤਰਾਂ ਦੇ ਖੇਤਾਂ, ਸੰਘਣੇ ਜੰਗਲਾਂ ਵਿੱਚ ਬਣੇ ਟੀਨ ਦੇ ਸ਼ੈੱਡਾਂ, ਸਨਅਤੀ ਖੇਤਰਾਂ ਦੇ ਬੰਦ ਗੁਦਾਮਾਂ ਜਾਂ ਜ਼ਮੀਨਦੋਜ਼ ਤਹਿਖ਼ਾਨਿਆਂ ਵਿੱਚ ਚਲਾਇਆ ਜਾਂਦਾ ਹੈ। ਖ਼ਾਸ ਕਰਕੇ ਮੁਰਗ਼ੀਖ਼ਾਨਿਆਂ ਨੂੰ ਤਸਕਰਾਂ ਵੱਲੋਂ ਢਾਲ ਵਜੋਂ ਵਰਤਿਆ ਜਾਂਦਾ ਹੈ, ਕਿਉਂਕਿ ਉੱਥੋਂ ਆਉਂਦੀ ਆਮ ਬਦਬੂ ਕਾਰਨ ਰਸਾਇਣਕ ਨਸ਼ੇ ਬਣਾਉਣ ਵੇਲੇ ਨਿੱਕਲਣ ਵਾਲੀ ਤਿੱਖੀ ਗੰਧ ਦਾ ਆਲੇ-ਦੁਆਲੇ ਕਿਸੇ ਨੂੰ ਸ਼ੱਕ ਨਹੀਂ ਹੁੰਦਾ। ਕੇਂਦਰੀ ਅਤੇ ਸੂਬਾਈ ਜਾਂਚ ਏਜੰਸੀਆਂ ਦੀਆਂ ਕਾਰਵਾਈਆਂ ਨੇ ਇਸ ਕਾਲੇ ਕਾਰੋਬਾਰ ਦੇ ਅੰਤਰ-ਰਾਜੀ ਜਾਲ ਨੂੰ ਬੇਪਰਦ ਕੀਤਾ ਹੈ। ਮੱਧ ਪ੍ਰਦੇਸ਼ ਦੇ ਆਗਰ ਮਾਲਵਾ ਵਿੱਚ ਮਾਰੇ ਛਾਪੇ ਦੌਰਾਨ 31 ਕਿੱਲੋ ਤੋਂ ਵੱਧ ਮੈਫੇਡਰੋਨ ਅਤੇ 10 ਕਰੋੜ ਰੁਪਏ ਦੇ 600 ਕਿੱਲੋ ਕੱਚੇ ਰਸਾਇਣ ਬਰਾਮਦ ਕੀਤੇ ਗਏ। ਇਸੇ ਤਰ੍ਹਾਂ ਰਾਜਸਥਾਨ ਦੇ ਜੋਧਪੁਰ ਵਿੱਚ ਚਲਾਏ ਗਏ ਖ਼ਾਸ ਅਭਿਆਨ ਤਹਿਤ ਕਰੀਬ 100 ਕਰੋੜ ਰੁਪਏ ਦੀ 176 ਕਿੱਲੋ ਤਿਆਰ ਡਰੱਗ ਜ਼ਬਤ ਕੀਤੀ ਗਈ। Chemical Drugs

ਸਭ ਤੋਂ ਵੱਡਾ ਖ਼ੁਲਾਸਾ ਉਦੋਂ ਹੋਇਆ ਜਦੋਂ ਗੁਜਰਾਤ ਅਤੇ ਕੇਂਦਰੀ ਏਜੰਸੀਆਂ ਨੇ ਸਾਂਝੀ ਕਾਰਵਾਈ ਕਰਕੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ ਬਗਰੋਦਾ ਸਨਅਤੀ ਖੇਤਰ ਵਿੱਚੋਂ ਲਗਭਗ 1814 ਕਰੋੜ ਰੁਪਏ ਦੀ 907 ਕਿੱਲੋ ਮੈਫੇਡਰੋਨ ਅਤੇ 5000 ਕਿੱਲੋ ਕੱਚਾ ਮਾਲ ਫੜ ਕੇ ਦੇਸ਼ ਦੀ ਵੱਡੀ ਨਾਜਾਇਜ਼ ਫੈਕਟਰੀ ਦਾ ਪਰਦਾਫਾਸ਼ ਕੀਤਾ। ਮਹਾਂਰਾਸ਼ਟਰ ਇਸ ਨੈੱਟਵਰਕ ਦੀ ਵਿਕਰੀ ਅਤੇ ਖਪਤ ਦਾ ਵੱਡਾ ਕੇਂਦਰ ਬਣ ਚੁੱਕਾ ਹੈ, ਜਿੱਥੇ ਮੁੰਬਈ ਪੁਲਿਸ ਨੇ ਮਾਲਵਾਨੀ ਅਤੇ ਗੋਰਾਈ ਇਲਾਕਿਆਂ ਵਿੱਚੋਂ 100 ਕਰੋੜ ਰੁਪਏ ਦਾ ਕੱਚਾ ਮਾਲ ਅਤੇ ਮਸ਼ੀਨਰੀ ਜ਼ਬਤ ਕੀਤੀ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਪਰਿਆਗਰਾਜ ਸਥਿਤ ਕੌਂਝਰਾ ਕਲਾਂ ਦੇ ਜੰਗਲਾਂ ਵਿੱਚ ਛਾਪਾ ਮਾਰ ਕੇ ਸ਼ੈੱਡ ਹੇਠ ਚੱਲ ਰਹੀ ਫੈਕਟਰੀ ਵਿੱਚੋਂ 139 ਕਰੋੜ ਰੁਪਏ ਦੀ ਨਸ਼ੀਲੀ ਖ਼ੇਪ ਬਰਾਮਦ ਕਰਦਿਆਂ 21 ਮੁਲਜ਼ਮਾਂ ਨੂੰ ਕਾਬੂ ਕੀਤਾ।

ਨਸ਼ੇ ਦਾ ਇਹ ਕਾਰੋਬਾਰ ਪੂਰੀ ਤਰ੍ਹਾਂ ਆਧੁਨਿਕ ਤਕਨੀਕ ’ਤੇ ਆਧਾਰਿਤ ਹੋ ਚੁੱਕਾ ਹੈ। ਤਸਕਰ ਗ੍ਰਾਹਕਾਂ ਨਾਲ ਸੰਪਰਕ ਕਰਨ ਲਈ ਗੁਪਤ ਇੰਟਰਨੈੱਟ ਨੈੱਟਵਰਕ ਅਤੇ ਗੁਪਤ ਸੁਨੇਹਾ ਪ੍ਰਣਾਲੀਆਂ ਦਾ ਸਹਾਰਾ ਲੈਂਦੇ ਹਨ, ਜਦਕਿ ਪੈਸਿਆਂ ਦਾ ਲੈਣ-ਦੇਣ ਵੀ ਡਿਜ਼ੀਟਲ ਮੁਦਰਾ ਰਾਹੀਂ ਕੀਤਾ ਜਾਂਦਾ ਹੈ ਤਾਂ ਜੋ ਕੋਈ ਵਿੱਤੀ ਸਬੂਤ ਨਾ ਬਚੇ। ਇਸ ਤੋਂ ਵੀ ਵੱਧ ਚਿੰਤਾਜਨਕ ਗੱਲ ਇਹ ਹੈ ਕਿ ਦਵਾਈਆਂ ਦੇ ਖੇਤਰ ਨਾਲ ਜੁੜੇ ਕੁਝ ਪੜ੍ਹੇ-ਲਿਖੇ ਮਾਹਿਰ ਮੋਟੇ ਮੁਨਾਫ਼ੇ ਦੇ ਲਾਲਚ ਵਿੱਚ ਤਸਕਰਾਂ ਲਈ ਇਹ ਜਾਨਲੇਵਾ ਫਾਰਮੂਲੇ ਤਿਆਰ ਕਰਦੇ ਹਨ। ਦਵਾਈਆਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਜ਼ਰੂਰੀ ਕੱਚੇ ਰਸਾਇਣ ਜਿਵੇਂ ਐਫੇਡਰੀਨ, ਸੂਡੋਐਫੇਡਰੀਨ, ਬ੍ਰੋਮੀਨ, ਟੋਲੂਈਨ ਤੇ ਮਿਥਾਈਲਾਮਾਈਨ ਨੂੰ ਫੈਕਟਰੀਆਂ ਦੀ ਸਪਲਾਈ ਵਿੱਚੋਂ ਚੋਰੀ ਕਰਕੇ ਕਾਲਾਬਾਜ਼ਾਰੀ ਰਾਹੀਂ ਇਨ੍ਹਾਂ ਨਾਜਾਇਜ਼ ਲੈਬਾਂ ਤੱਕ ਪਹੁੰਚਾਇਆ ਜਾਂਦਾ ਹੈ।

ਇਸ ਮਾਰੂ ਲਹਿਰ ਨੂੰ ਠੱਲ੍ਹ ਪਾਉਣ ਲਈ ਸਿਰਫ਼ ਪੁਲਿਸ ਕਾਰਵਾਈ ਕਾਫ਼ੀ ਨਹੀਂ ਹੈ, ਸਗੋਂ ਉਦਯੋਗਿਕ ਰਸਾਇਣਾਂ ਦੀ ਨਿਗਰਾਨੀ ਸਭ ਤੋਂ ਅਹਿਮ ਕਦਮ ਹੈ। ਸਰਕਾਰ ਨੂੰ ਫੈਕਟਰੀ ਤੋਂ ਲੈ ਕੇ ਖਪਤ ਤੱਕ ਹਰ ਰਸਾਇਣ ਉੱਤੇ ਡਿਜ਼ੀਟਲ ਕੋਡ ਲਾ ਕੇ ਪੂਰਾ ਹਿਸਾਬ-ਕਿਤਾਬ ਰੱਖਣਾ ਲਾਜ਼ਮੀ ਕਰਨਾ ਚਾਹੀਦਾ ਹੈ। ਕੇਂਦਰੀ ਅਤੇ ਸੂਬਾਈ ਏਜੰਸੀਆਂ ਵਿਚਕਾਰ ਤਾਲਮੇਲ ਵਧਾਉਣ ਦੇ ਨਾਲ-ਨਾਲ ਸਨਅਤੀ ਅਤੇ ਪੇਂਡੂ ਖੇਤਰਾਂ ਦੀ ਲਗਾਤਾਰ ਪੜਤਾਲ ਜ਼ਰੂਰੀ ਹੈ। ਆਮ ਲੋਕਾਂ ਨੂੰ ਜਾਗਰੂਕ ਕਰਕੇ ਰਾਸ਼ਟਰੀ ਨਸ਼ਾ-ਵਿਰੋਧੀ ਹੈਲਪਲਾਈਨ ਨੰਬਰ 1933 ਰਾਹੀਂ ਕਿਸੇ ਵੀ ਸ਼ੱਕੀ ਹਲਚਲ ਦੀ ਜਾਣਕਾਰੀ ਦੇਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਨੌਜਵਾਨ ਪੀੜ੍ਹੀ ਦੇ ਭਵਿੱਖ ਦੀ ਰਾਖੀ ਲਈ ਸਰਕਾਰ ਨੂੰ ਸਖ਼ਤ ਨੀਤੀ ਅਪਣਾ ਕੇ ਵਿਸ਼ੇਸ਼ ਅਦਾਲਤਾਂ ਰਾਹੀਂ ਮੁਕੱਦਮੇ ਚਲਾਉਣੇ ਚਾਹੀਦੇ ਹਨ ਅਤੇ ਤਸਕਰਾਂ ਦੀਆਂ ਜਾਇਦਾਦਾਂ ਜ਼ਬਤ ਕਰਕੇ ਅਜਿਹੀਆਂ ਮਿਸਾਲੀ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ, ਤਾਂ ਜੋ ਇਸ ਜ਼ਹਿਰੀਲੇ ਜਾਲ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕੇ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਚੌੜੀ ਗਲੀ, ਬੁਢਲਾਡਾ (ਮਾਨਸਾ)
 ਡਾ. ਕ੍ਰਿਸ਼ਨ ਲਾਲ

About The Author

Related Posts