ਅਮਰਿੰਦਰ ਸਿੰਘ ਤੋਂ ਸਮਾਂ ਮੰਗ ਖ਼ੁਦ ਮੋਬਾਇਲ ਬੰਦ ਕਰਕੇ ਬੈਠ ‘ਗੇ ਭਗਵੰਤ ਮਾਨ

Time, Amarinder Singh

ਬਿਜਲੀ ਦੀਆਂ ਦਰਾਂ ‘ਚ ਵਾਧੇ ਸਬੰਧੀ ਕਰਨਾ ਚਾਹੁੰਦੇ ਸਨ ਮੁੱਖ ਮੰਤਰੀ ਨਾਲ ਗੱਲਬਾਤ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਗੱਲਬਾਤ ਕਰਨ ਲਈ ਸਮਾਂ ਮੰਗਣ ਵਾਲੇ ਭਗਵੰਤ ਮਾਨ ਨੇ ਖ਼ੁਦ ਦਾ ਹੀ ਮੋਬਾਇਲ ਫੋਨ ਬੰਦ ਕਰ ਲਿਆ। ਮੁੱਖ ਮੰਤਰੀ ਦਫ਼ਤਰ ਤਾਂ ਦੂਰ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਵੀ ਦੇਰ ਸ਼ਾਮ ਤੱਕ ਭਗਵੰਤ ਮਾਨ ਨਾਲ ਮੋਬਾਇਲ ਬੰਦ ਹੋਣ ਕਰਕੇ ਗੱਲਬਾਤ ਨਹੀਂ ਕਰ ਸਕਿਆ। ਹਾਲਾਂਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਫ਼ਤਰ ਵੱਲੋਂ ਭਰੋਸਾ ਦਿੱਤਾ ਗਿਆ ਸੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੁਨੇਹਾ ਦੇਣ ਤੋਂ ਬਾਅਦ ਉਨ੍ਹਾਂ ਦੇ ਮੋਬਾਇਲ ਫੋਨ ‘ਤੇ ਗੱਲਬਾਤ ਕਰਵਾ ਦਿੱਤੀ ਜਾਏਗੀ ਪਰ ਜਨਾਬ ਖ਼ੁਦ ਹੀ ਆਪਣਾ ਮੋਬਾਇਲ ਫੋਨ ਬੰਦ ਕਰਕੇ ਬੈਠ ਗਏ ਅਤੇ ਦੇਰ ਸ਼ਾਮ ਤੱਕ ਉਨ੍ਹਾਂ ਆਪਣਾ ਮੋਬਾਇਲ ਫੋਨ ਹੀ ਨਹੀਂ ਖੋਲ੍ਹਿਆ।
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਜਾਬ ਰਾਜ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦੀਆਂ ਦਰਾਂ ਵਿੱਚ ਵਾਧੇ ਲਈ ਹਰੀ ਝੰਡੀ ਦੇਣ ਤੋਂ ਬਾਅਦ 1 ਜੂਨ ਤੋਂ ਦਰਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਇਸ ਵਾਧੇ ਸਬੰਧੀ ਪੰਜਾਬੀਆਂ ਵੱਲੋਂ ਕਾਫ਼ੀ ਜ਼ਿਆਦਾ ਨਰਾਜ਼ਗੀ ਜ਼ਾਹਿਰ ਕੀਤੀ ਜਾ ਰਹੀ ਹੈ। ਇਸ ਮਾਮਲੇ ਸਬੰਧੀ ਹੀ ਭਗਵੰਤ ਮਾਨ ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ‘ਚ ਲੱਗੇ ਲੈਂਡਲਾਈਨ ‘ਤੇ ਫੋਨ ਕਰਦੇ ਹੋਏ ਗੱਲਬਾਤ ਕਰਵਾਉਣ ਜਾਂ ਫਿਰ ਮਿਲਣ ਲਈ ਸਮਾਂ ਦੇਣ ਦੀ ਮੰਗ ਕੀਤੀ ਸੀ।
ਭਗਵੰਤ ਮਾਨ ਦੀ ਮੁੱਖ ਮੰਤਰੀ ਰਿਹਾਇਸ਼ ਦੇ ਸਟਾਫ਼ ਵੱਲੋਂ ਸਕੱਤਰ ਟੂ ਸੀ.ਐਮ. ਐਮ.ਪੀ. ਸਿੰਘ ਨਾਲ ਕਰਵਾਈ ਗਈ ਸੀ। ਜਿਥੇ ਕਿ ਐਮ.ਪੀ. ਸਿੰਘ ਵੱਲੋਂ ਜਲਦ ਹੀ ਮੁੱਖ ਮੰਤਰੀ ਨਾਲ ਗੱਲਬਾਤ ਕਰਦੇ ਹੋਏ ਸਮਾਂ ਦੇਣ ਦਾ ਭਰੋਸਾ ਦੇ ਦਿੱਤਾ ਹੈ। ਇਸ ਗੱਲਬਾਤ ਨੂੰ ਜਨਤਕ ਕਰਦੇ ਹੋਏ ਭਗਵੰਤ ਮਾਨ ਨੇ ਟਵੀਟ ਕੀਤਾ ਅਤੇ ਲਿਖਿਆ ਕਿ ਉਨ੍ਹਾਂ ਨੇ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਲਈ ਫੋਨ ਕੀਤਾ ਸੀ ਪਰ ਉਨ੍ਹਾਂ ਦੀ ਗੱਲਬਾਤ ਨਹੀਂ ਹੋ ਸਕੀ ਇਸ ਲਈ ਉਨ੍ਹਾਂ ਨੇ ਹੁਣ ਮਿਲਣ ਲਈ ਸਮਾਂ ਮੰਗਿਆਂ ਹੈ।
ਭਗਵੰਤ ਮਾਨ ਵੱਲੋਂ ਇਹ ਫੋਨ ਕਰਨ ਤੋਂ ਕੁਝ ਘੰਟੇ ਬਾਅਦ ਹੀ ਆਪਣਾ ਫੋਨ ਸਵਿੱਚ ਆਫ਼ ਕਰ ਲਿਆ ਅਤੇ ਮੁੜ ਕੇ ਦੇਰ ਸ਼ਾਮ ਤੱਕ ਆਪਣਾ ਫੋਨ ਹੀ ਨਹੀਂ ਚਲਾਇਆ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦਫ਼ਤਰ ਵੱਲੋਂ ਵੀ ਭਗਵੰਤ ਮਾਨ ਨਾਲ ਗੱਲਬਾਤ ਕਰਨ ਦੀ ਕੋਸ਼ਸ਼ ਕੀਤੀ ਗਈ ਪਰ ਮੋਬਾਇਲ ਫੋਨ ਸਵਿੱਚ ਆਫ਼ ਹੋਣ ਦੇ ਕਾਰਨ ਗੱਲਬਾਤ ਨਹੀਂ ਹੋ ਸਕੀ। ਭਗਵੰਤ ਮਾਨ ਨਾਲ ਗੱਲਬਾਤ ਕਰਨ ਲਈ ‘ਸੱਚ ਕਹੂੰ’ ਵਲੋਂ ਵੀ ਦਰਜਨਾਂ ਵਾਰ ਫੋਨ ਕੀਤਾ ਗਿਆ ਪਰ ਉਨਾਂ ਦਾ ਫੋਨ ਬੰਦ ਹੀ ਆ ਰਿਹਾ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।