ਕਦੇ ਰਸੋਈ ਘਰ ’ਚ ਕੂੰਡੇ-ਘੋਟਣੇ ਦੀ ਵੀ ਸਰਦਾਰੀ ਹੁੰਦੀ ਸੀ

ਕਦੇ ਰਸੋਈ ਘਰ ’ਚ ਕੂੰਡੇ-ਘੋਟਣੇ ਦੀ ਵੀ ਸਰਦਾਰੀ ਹੁੰਦੀ ਸੀ

ਕੂੰਡਾ ਘੋਟਨਾ ਪਹਿਲਾ ਸਾਰਿਆਂ ਦੇ ਘਰਾਂ ’ਚ ਹੁੰਦਾ ਸੀ, ਕੋਈ ਸਮਾਂ ਸੀ ਜਦੋਂ ਪੰਜਾਬੀ ਰਸੋਈ ਘਰ ’ਚ ਕੂੰਡੇ-ਘੋਟਣੇ ਦੀ ਸਰਦਾਰੀ ਹੁੰਦੀ ਸੀ। ਜ਼ਿੰਦਗੀ ਕਿੰਨੇ ਰੰਗ ਬਦਲਦੀ ਹੈ ਤੇ ਤਕਨੀਕ ਦਾ ਵਿਕਾਸ ਫਿੱਕੇ ਰੰਗਾਂ ਉੱਤੇ ਗੂੜ੍ਹੇ ਰੰਗਾਂ ਦਾ ਲੇਪ ਕਿੰਨੀ ਛੇਤੀ ਚਾੜ੍ਹਦਾ ਹੈ,ਪਹਿਲਾ ਤਿੰਨ ਅਹਿਮ ਗੱਲਾਂ ਵੱਲ ਧਿਆਨ ਦਿੱਤਾ ਜਾਂਦਾ ਸੀ ਪਹਿਲਾ ਕੱਚੀਆਂ ਕੰਧਾਂ ’ਤੇ ਹੱਥੀਂ ਪਾਏ ਨਮੂਨੇ, ਦੂਜਾ ਕੱਚੀ ਕੰਧ ਨਾਲ ਪਿਆ ਕੂੰਡਾ-ਘੋਟਣਾ ਤੇ ਤੀਜਾ ਕੰਧ ਦੇ ਆਲੇ (ਮੋਰੀ) ਵਿਚ ਟੰਗੀ ਹੋਈ ਦਾਤਰੀ। ਇਹ ਤਿੰਨੇ ਚੀਜਾਂ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ ਤੇ ਜਿੱਥੇ ਕਿਤੇ ਮਿਲਦੀਆਂ ਹਨ, ਉਹ ਮਜਬੂਰੀ ਵੱਸ ਨੇ, ਸੌਕ ਕਿਸੇ ਨੂੰ ਨਹੀਂ ਇਨ੍ਹਾਂ ਦਾ। ਅੱਜ ਮਸ਼ੀਨੀਕਰਨ ਅਤੇ ਤੇਜ਼-ਤਰਾਰ ਜ਼ਿੰਦਗੀ ਦੇ ਰੁਖ਼ ਨੇ ਕੂੰਡੇ-ਘੋਟਣੇ ਦੀ ਵਰਤੋਂ ਕੁਝ ਘਟਾ ਦਿੱਤੀ ਹੈ।

ਸ਼ਹਿਰੀ ਖੇਤਰ ’ਚ ਇਸ ਦੀ ਜਗ੍ਹਾ ਮਿਕਸੀ /ਗਰੈਂਡਰ ਨੇ ਲੈ ਲਈ ਹੈ ਪਰ ਪੇਂਡੂ ਖੇਤਰ ’ਚ ਦਾਲ/ਸਬਜ਼ੀ ਬਣਾਉਣ ਸਮੇਂ ਮਿਰਚ ਮਸਾਲਾ ਰਗੜਨ ਅਤੇ ਚਟਣੀ ਆਦਿ ਬਣਾਉਣ ਲਈ ਕੂੰਡੇ ਦੀ ਵਰਤੋਂ ਅੱਜ ਵੀ ਕੀਤੀ ਜਾਂਦੀ ਹੈ।
ਕੂੰਡਾ ਅਕਸਰ ਹੀ ਪੱਥਰ ਜਾਂ ਚੀਕਣੀ ਮਿੱਟੀ ਦਾ ਬਣਿਆ ਹੁੰਦਾ ਹੈ। ਪਾਕਿਸਤਾਨੀ ਕੂੰਡਾ ਮਸ਼ਹੂਰ ਹੈ ਜਿਸ ਦੀ ਬਣਤਰ ਖ਼ਾਸ ਡਿਜ਼ਾਈਨ ਵਾਲੀ ਹੁੰਦੀ ਹੈ। ਕੂੰਡੇ ਦਾ ਸਾਥੀ ਘੋਟਣਾ ਨਿੰਮ ਦੀ ਸਖ਼ਤ ਲੱਕੜ ਦਾ ਬਣਿਆ ਹੁੰਦਾ ਹੈ। ਨਾ ਕੋਈ ਮੈਕਸੀ ਸੀ ਨਾ ਕੋਈ ਗਰਾਈਂਡਰ, ਨਾ ਕੋਈ ਜੂਸਰ ਅਤੇ ਨਾ ਕੋਈ ਹੋਰ ਕਿਸੇ ਕਿਸਮ ਦੀ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ। ਇਹ ਕਿੱਥੋਂ ਹੋਣੇ ਸਨ ਜਦੋਂ ਹਾਲੇ ਸਾਡੇ ਪਿੰਡਾਂ ਵਿਚ ਬਿਜਲੀ ਹੀ ਨਹੀਂ ਸੀ ਆਈ। ਸੱਤਰਵਿਆਂ ਦੇ ਸ਼ੁਰੂਸ਼ੁਰੂ ਦੇ ਦਿਨਾਂ ਦੀਆਂ ਦਾਦੀ ਮਾਂ ਦੀਆਂ ਦੱਸੀਆਂ ਗੱਲਾਂ ਦੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੀ ਹਾਂ।

ਸਰਦੀਆਂ ਵਿਚ ਚੁੱਲੇ ਤੇ ਤਵੇ ਦੀ ਰੋਟੀ ਅਤੇ ਗਰਮੀਆਂ ਵਿਚ ਤੰਦੂਰੀ ਰੋਟੀ ਹਾਲੇ ਪੱਕਣੀ ਸ਼ੁਰੂ ਹੀ ਹੁੰਦੀ ਸੀ ਤਾਂ ਦਾਦੀ ਮਾਂ ਬਾਪੂ ਨੂੰ ਅਵਾਜ ਮਾਰਦੀ ਕਿ ਕੂੰਡੇ ਵਿਚ ਮਿਰਚਾਂ ਰਗੜ ਲਓ ਰੋਟੀ ਤਿਆਰ ਹੈ। ਬਸ ਫਿਰ ਕੀ ਸੀ ਬਾਪੂ ਹੱਥ ਵਿਚ ਗੰਡੇ ਨੂੰ ਮਲਦਾ ਤੇ ਛਿਲੜ ਨੂੰ ਦੂਰ ਕਰਦਾ, ਜੜਾਂ ਤੇ ਭੂਕਾਂ ਵਾਲੇ ਪਾਸਿਓ ਜੇਕਰ ਚਾਕੂ ਲੱਭ ਜਾਂਦਾ ਤਾਂ ਠੀਕ ਨਹੀਂ ਤਾਂ ਮੂੰਹ ਨਾਲ ਹੀ ਕੰਮ ਸਾਰ ਲੈਂਦਾ। ਦੋ ਕੁ ਮਿੰਟਾਂ ’ਚ ਗੰਡਾ, ਮਿਰਚਾਂ, ਲੂਣ ਅਤੇ ਲਸਣ ਨੂੰ ਦਰੜਫਰੜ ਕੇ ਬਾਪੂ ਕੁੰਡੇ ਨੂੰ ਦਾਦੀ ਮਾਂ ਕੋਲ ਧਰ ਦਿੰਦਾ।

ਗਰਮੀਆਂ ਵਿਚ ਖੱਖੜੀਆਂ ਦੇ ਬੀਜ ਤੇ ਸਰਦੀਆਂ ਵਿਚ ਕਪਾਹ ਦੀ ਫਸਲ ਵਿਚੋਂ ਇਕੱਠੇ ਕੀਤੇ ਚਿੱਬੜ ਵੀ ਚਟਣੀ ’ਚ ਮਿਲਾ ਕੇ ਖਾਣ ਦਾ ਸਵਾਦ ਲੈਂਦੇ। ਥੋੜੀ ਕੁ ਚਟਣੀ ਅਤੇ ਮੱਖਣ ਦੋ ਰੋਟੀਆਂ ਤੇ ਰੱਖ ਕੇ ਦਾਦੀ ਮਾਂ ਮੇਰੇ ਪਾਪਾ ਨੂੰ ਕਹਿੰਦੀ ‘ਆਹ ਲੈ ਪੁੱਤ ਖਾ ਤੇ ਸਕੂਲ ਨੂੰ ਤੁਰਦਾ ਬਣ’। ਦੁਪਹਿਰ ਨੂੰ ਅੱਧੀ ਛੁੱਟੀ ਵੇਲੇ ਜਦੋਂ ਪਾਪਾ ਨੇ ਫਿਰ ਘਰ ਰੋਟੀ ਖਾਣ ਆਉਣਾ ਤਾਂ ਸਵੇਰ ਵਾਲੀ ਪੱਕੀ ਹੋਈ ਰੋਟੀ ਅਚਾਰ ਨਾਲ ਖਾ ਕੇ ਫਿਰ ਸਕੂਲ ਨੂੰ ਭੱਜ ਜਾਣਾ।
ਇਕ ਵੇਲਾ ਸੀ ਜਦੋਂ ਕੱਚੀਆਂ ਕੰਧਾਂ ਸਭ ਤੋਂ ਵੱਧ ਦੁੱਖ ਦੇਣੀਆਂ ਜਾਪਦੀਆਂ ਸਨ। ਹੁਣ ਪੱਕੀਆਂ ਕੰਧਾਂ ਖੁਦ ਤਾਂ ਨਹੀਂ ਖੁਰਦੀਆਂ, ਪਰ ਇਨਸਾਨ ਅੰਦਰੋਂ ਖੁਰਨਾ ਸੁਰੂ ਹੋ ਚੁੱਕਾ ਹੈ।

ਕੂੰਡੇ-ਸੋਟੇ ਦੀ ਲੋੜ ਗਰਾਈਂਡਰਾਂ ਤੇ ਮਿਕਸੀਆਂ ਨੇ ਪੂਰ ਦਿੱਤੀ ਹੈ। ਸਵਿੱਚ ਛੱਡੋ ਤੇ ਚਟਣੀ ਤਿਆਰ, ਪੀਸੀਆਂ ਚੀਜਾਂ ਤਿਆਰ। ਪਹਿਲਾਂ ਕਿੰਨੀ-ਕਿੰਨੀ ਦੇਰ ਬਾਹਾਂ ਦੀ ਕਸਰਤ ਹੁੰਦੀ ਸੀ, ਗੁਆਂਢ ਨੂੰ ਵੀ ਪਤਾ ਲੱਗ ਜਾਂਦਾ ਸੀ ਕਿ ਫਲਾਣਿਆਂ ਦੇ ਘਰ ਚਟਣੀ ਬਣ ਰਹੀ ਹੈ। ਕੂੰਡੇ ’ਚ ਕੁੱਟੀ ਚਿੱਬੜਾਂ ਦੀ ਚਟਣੀ ਜੋ ਸਵਾਦ ਦਿੰਦੀ ਸੀ, ਉਹ ਅੱਜ ਮਸੀਨਾਂ ਨਾਲ ਤਿਆਰ ਚਟਣੀਆਂ ’ਚੋਂ ਕਿਵੇਂ ਮਿਲ ਸਕਦਾ ਹੈ।

ਮੁੱਢ-ਕਦੀਮ ਤੋਂ ਰਸੋਈ ਘਰ ਦੇ ਬਹੁਤੇ ਭੋਜਨ ਪਦਾਰਥ ਸਾਬਤ ਰੂਪ ’ਚ ਕੁਦਰਤੀ ਤੌਰ ’ਤੇ ਖੇਤਾਂ ’ਚ ਉਗਾ ਕੇ ਪ੍ਰਾਪਤ ਕੀਤੇ ਜਾਂਦੇ ਸਨ, ਜਿੰਨਾਂ ਨੂੰ ਧੁੱਪ ’ਚ ਸੁਕਾ ਕੇ ਹੱਥੀਂ ਕੂੰਡੇ ਘੋਟਣੇ ਨਾਲ ਪੀਸ ਕੇ ਵਰਤੋਂ ’ਚ ਲਿਆਂਦਾ ਜਾਂਦਾ ਸੀ। ਅੱਜ ਵਾਂਗ ਬਾਜ਼ਾਰ ’ਚ ਪੈਕਟਾਂ ’ਚ ਬੰਦ ਪੀਸੇ ਹੋਏ ਭੋਜਨ ਪਦਾਰਥ ਘੱਟ ਮਿਲਦੇ ਸਨ। ਅੱਜ ਰਸੋਈ ਘਰ ਦੀ ਲੂਣਦਾਨੀ ਵੀ ਸੁੰਗੜ ਕੇ ਤਿੰਨ ਖਾਨਿਆਂ ਵਾਲੀ ਰਹਿ ਗਈ ਹੈ ਜਿਸ ’ਚ ਲੂਣ, ਮਿਰਚ, ਮਸਾਲਾ, ਹਲਦੀ ਪੀਸਿਆ ਹੋਇਆ ਬਾਜ਼ਾਰ ’ਚੋਂ ਖ਼ਰੀਦ ਕੇ ਭਰ ਲਿਆ ਜਾਂਦਾ ਹੈ

ਪਰ ਪਹਿਲਾਂ ਲੂਣਦਾਨੀ ਹਰਬਲ ਵਸਤੂਆਂ ਦੀ ਦੁਕਾਨ ਵਾਂਗ ਹੁੰਦੀ ਸੀ ਜਿਸ ’ਚ ਮਿਰਚ, ਲੂਣ, ਹਲਦੀ, ਜੈਫਲ, ਵੱਡੀ ਇਲਾਇਚੀ, ਛੋਟੀ ਇਲਾਇਚੀ, ਜਵੈਤਰੀ, ਕਾਲੀ ਮਿਰਚ, ਮਲੱਠੀ, ਸੁੰਢ, ਹਿੰਗ ਆਦਿ ਵਸਤੂਆਂ ਸਾਬਤ ਰੂਪ ’ਚ ਹੁੰਦੀਆਂ ਸਨ ਅਤੇ ਲੋੜ ਮੁਤਾਬਕ ਕੂੰਡੇ ਘੋਟਣੇ ਨਾਲ ਰਗੜ ਕੇ ਵਰਤੀਆਂ ਜਾਂਦੀਆਂ ਸਨ।
ਕੂੰਡੇ ਅਤੇ ਘੋਟਣੇ ਦੀ ਰਗੜਨ ਪ੍ਰਕਿਰਿਆ ਨਾਲ ਸਰੀਰਕ ਕਸਰਤ ਵੀ ਹੋ ਜਾਂਦੀ ਹੈ ਅਤੇ ਹੱਥਾਂ ਦੀ ਪਕੜ ਵੀ ਮਜ਼ਬੂਤ ਹੁੰਦੀ ਹੈ। ਪਹਿਲੇ ਸਮੇਂ ’ਚ ਠੰਢਿਆਈ, ਸੱਤੂ, ਭੁੱਗਾ ਆਦਿ ਕੂੰਡੇ-ਘੋਟਣੇ ’ਚ ਰਗੜ ਕੇ ਤਿਆਰ ਕੀਤੇ ਜਾਂਦੇ ਸਨ।

ਪਹਿਲਾ ਆਮ ਜਿਮੀਂਦਾਰਾਂ ਦੇ ਘਰ ਸਰਦੀਆਂ ਵਿਚ ਲਵੇਰਾ ਹੁੰਦਾ ਤਾਂ ਸਵੇਰੇ ਦਹੀਂ ਦੀ ਕੌਲੀ ਅਤੇ ਮੱਖਣੀ ਮਿਲਦੀ ਨਹੀਂ ਤਾਂ ਰੋਟੀ ਚਟਣੀ ਨਾਲ ਖਾ ਲੈਣੀ ਤੇ ਸਾਰੀ ਦਿਹਾੜੀ ਕੰਮ ਕਰਦੇ ਰਹਿਣਾ। ਸਿਰਫ ਸ਼ਾਮ ਦੇ ਵੇਲੇ ਹੀ ਤੌੜੀ ਵਿਚ ਰਿੰਨੀ ਦਾਲ ਖਾਣ ਨੂੰ ਮਿਲਦੀ। ਨਾ ਕਿਸੇ ਨੂੰ ਸਰਦੀਜ਼ੁਕਾਮ, ਤਾਪ ਅਤੇ ਮਲੇਰੀਆ ਹੁੰਦਾ ਤੇ ਨਾ ਹੀ ਕੋਈ ਸ਼ਹਿਰ ਡਾਕਟਰ ਕੋਲ ਦਵਾਈ ਲੈਣ ਜਾਂਦਾ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਜਿਮੀਂਦਾਰ ਦਾ ਲਮਕਮਾ ਢਿੱਡ ਹੀ ਨਹੀਂ ਸੀ ਹੁੰਦਾ। ਜਦੋਂ ਬੰਦਾ ਵਾਧੂ ਭਾਰ ਹੀ ਨਹੀਂ ਚੱਕਦਾ ਤਾਂ ਗੋਡਿਆਂ ਨੂੰ ਕੀ ਹੋਣਾ ਸੀ। ਜਦੋਂ ਵਾਧੂ ਭਾਰ ਹੀ ਨਹੀਂ ਤਾਂ ਦਿਲ ਨੂੰ ਬਹੁਤਾ ਕੰਮ ਕਰਨ ਦੀ ਵੀ ਲੋੜ ਨਹੀ ਸੀ ਪੈਂਦੀ। ਇਸ ਕਰਕੇ ਨਾ ਹਰਟਅਟੈਕ ਤੇ ਨਾ ਬਲੱਡਪਰੈਸ਼ਰ। ਹੋ ਸਕਦਾ ਐ ਕਿ ਕੁੱਝ ਲੋਕ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਮਰਦੇ ਹੋਣ।

ਮਿੱਟੀ ਦਾ ਕੂੰਡਾ, ਵਿਚ ਪੱਥਰ ਦੇ ਰੋੜ ਅਤੇ ਨਿੰਮ ਦਾ ਘੋਟਣਾ ਇਹ ਤਿੰਨੇ ਹੀ ਅੰਦਰੂਨੀ ਬਿਮਾਰਿਆਂ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ। ਪਰ ਮੈਕਸੀ ਵਿਚ ਚਟਣੀ ਬਣਾਉਣ ਨਾਲ ਅਸੀਂ ਇਨ੍ਹਾਂ ਤਿੰਨਾਂ ਚੀਜਾਂ ਦੇ ਫਾਈਦੇ ਉਠਾਉਣ ਤੋਂ ਵਾਂਝੇ ਰਹਿ ਗਏ ਤੇ ਅਸੀਂ ਬਿਮਾਰੀਆਂ ਵੱਲ ਨੂੰ ਆਪ ਹੀ ਤੁਰ ਗਏ। ਕੱਚਾ ਲਸਣ ਸਾਡੇ ਖੂਨ ਨੂੰ ਪਤਲਾ ਕਰਦਾ ਹੈ ਅਤੇ ਨਾੜੀਆਂ ਨੂੰ ਬੰਦ ਹੋਣ ਤੋਂ ਬਚਾਉਂਦਾ ਹੈ।

ਜੇਕਰ ਨਾੜੀਆਂ ਬੰਦ ਜਾਂ ਤੰਗ ਹੋਣੋ ਬਚ ਗਈਆਂ ਤਾਂ ਅਸੀਂ ਵੀ ਬਲੱਡਪਰੈਸ਼ਰ ਅਤੇ ਹਰਟਅਟੈਕ ਦੀ ਬਿਮਾਰੀ ਤੋਂ ਬਚ ਗਏ। ਮੈਕਸੀ ਵਿਚ ਤਿਆਰ ਕੀਤੀ ਚਟਣੀ ਦਾ ਇਕ ਚਮਚ ਪਾਣੀ ਦੇ ਗਿਲਾਸ ਵਿਚ ਪਾ ਕੇ ਦੇਖੋ ਤੁਹਾਨੂੰ ਪੁਦੀਨੇ ਦੇ ਪੱਤੇ ਬਰੀਕਬਰੀਕ ਕੱਟੇ ਹੋਏ ਨਜ਼ਰ ਤਾਂ ਆਉਣਗੇ ਪਰ ਘੁਟੇ ਹੋਏ ਨਹੀਂ ਦਿਸਣਗੇ।ਅਸੀਂ ਆਪਣਾ ਕੰਮ ਤਾਂ ਸੌਖਾ ਕਰ ਲਿਆ ਪਰ ਉਸ ਦੇ ਫਾਇਦੇ ਤੋਂ ਵੀ ਵਾਂਝੇ ਹੋ ਗਏ।
ਗਗਨਦੀਪ ਧਾਲੀਵਾਲ ਝਲੂਰ ਬਰਨਾਲਾ ।
ਜਨਰਲ ਸਕੱਤਰ ਮਹਿਲਾ ਕਾਵਿ ਮੰਚ ਪੰਜਾਬ ।
9988933161

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ