ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ…

Trees

ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ…

ਅੱਜ ਹਵਾ, ਪਾਣੀ, ਧਰਤੀ ਸਭ ਕੁਝ ਪ੍ਰਦੂਸ਼ਿਤ ਹੋ ਗਿਆ ਹੈ। ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਆਪਣੇ ਨਿੱਜੀ ਸਵਾਰਥਾਂ ਲਈ ਮਨੁੱਖ ਨੇ ਕੁਦਰਤ ਨਾਲ ਛੇੜਛਾੜ ਕੀਤੀ ਹੈ। ਪਹਾੜੀ ਖੇਤਰਾਂ ਵਿੱਚ ਵੀ ਵੱਡੀਆਂ-ਵੱਡੀਆਂ ਇਮਾਰਤਾਂ ਉਸਾਰ ਦਿੱਤੀਆਂ ਗਈਆਂ। ਨਦੀਆਂ, ਨਾਲਿਆਂ ਨੂੰ ਤੰਗ ਕਰ ਦਿੱਤਾ ਗਿਆ। ਜਨਸੰਖਿਆ ਨੂੰ ਵਸਾਉਣ ਲਈ ਜੰਗਲ ਤੱਕ ਕੱਟ ਦਿੱਤੇ ਗਏ।

ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਕੁਦਰਤ ਲਗਾਤਾਰ ਮਨੁੱਖ ਨੂੰ ਇਸ਼ਾਰੇ ਕਰ ਰਹੀ ਹੈ। 2005 ਵਿੱਚ ਸੁਨਾਮੀ ਨੇ ਬਹੁਤ ਕਹਿਰ ਮਚਾਇਆ। ਲੱਖਾਂ ਪਰਿਵਾਰ ਖਤਮ ਹੋ ਗਏ।  2012 ਵਿੱਚ ਜੋ ਉੱਤਰਾਖੰਡ ਵਿੱਚ ਹੜ੍ਹਾਂ ਨੇ ਕਹਿਰ ਮਚਾਇਆ, ਉਹ ਅੱਜ ਵੀ ਨਹੀਂ ਭੁੱਲਦਾ। ਲੱਖਾਂ ਦੀ ਤਦਾਦ ਵਿੱਚ ਲੋਕ ਸੈਲਾਨੀ ਪਾਣੀ ਵਿੱਚ ਰੁੜ੍ਹ ਗਏ। ਹੁਣ ਪਿਛਲੇ ਮਹੀਨੇ ਫਿਰ ਉੱਤਰਾਖੰਡ ਵਿੱਚ ਬੱਦਲ ਫਟਣ ਕਾਰਨ ਜੋ ਤਬਾਹੀ ਮੱਚੀ ਸੀ ਉਸ ਨੇ ਦਿਲ ਕੰਬਾ ਦਿੱਤਾ। ਫਿਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰੁੜ੍ਹ ਗਏ। ਕਿੰਨੇ ਲੋਕਾਂ ਦੀ ਜਾਨ ਚਲੀ ਗਈ। ਕਈ ਲੋਕ ਤਾਂ ਪਾਣੀ ਵਿਚ ਹੀ ਰੁੜ੍ਹ ਗਏ। ਇਨਸਾਨ ਫਿਰ ਵੀ ਨਹੀਂ ਸੁਧਰਿਆ ਹੈ।

ਨਿੱਜੀ ਸਵਾਰਥਾਂ ਖਾਤਰ ਮਨੁੱਖ ਕੁਦਰਤ ਨਾਲ ਛੇੜਛਾੜ ਕਰਨ ਤੋਂ ਬਾਜ ਨਹੀਂ ਆ ਰਿਹਾ ਹੈ। ਭੂਚਾਲ ਆਉਣ ਨਾਲ ਵੱਡੀਆਂ-ਵੱਡੀਆਂ ਇਮਾਰਤਾਂ ਡਿੱਗਦੀਆਂ ਹਨ। ਪਿਛਲੇ ਵਰ੍ਹੇ ਅਫਾਨ ਤੂਫਾਨ ਪੱਛਮੀ ਬੰਗਾਲ ਵਿੱਚ ਆਫਤ ਲੈ ਕੇ ਆਇਆ ਸੀ। ਫਿਰ ਨਿਸਰਗ ਤੂਫਾਨ ਦੀ ਦਸਤਕ ਹੋਈ, ਇਸ ਸਮੁੰਦਰੀ ਤੂਫਾਨ ਨਾਲ ਵੱਡੇ ਪੱਧਰ ’ਤੇ ਤਬਾਹੀ ਹੋਈ। ਫਿਰ ਵੀ ਮਨੁੱਖ ਨਹੀਂ ਸੰਭਲ ਰਿਹਾ। ਪਿਛਲੇ ਹਫਤੇ ਤਾਊਤੇ ਤੂਫਾਨ ਨੇ ਅਰਬ ਸਾਗਰ ’ਚ ਕਹਿਰ ਮਚਾਇਆ। ਜਿਸ ਕਾਰਨ 25 ਤੋਂ ਵੱਧ ਮੌਤਾਂ ਹੋਈਆਂ। ਹੁਣੇ ਪੱਛਮੀ ਬੰਗਾਲ ਵਿਚ ਯਾਸ ਤੂਫਾਨ ਦੇ ਆਉਣ ਨਾਲ ਨੁਕਸਾਨ ਹੋਇਆ । ਫੈਕਟਰੀਆਂ ਦੀ ਰਹਿੰਦ-ਖੂੰਹਦ ਨੂੰ ਦਰਿਆਵਾਂ ਵਿੱਚ ਸੁੱਟ ਦਿੱਤਾ ਜਾ ਰਿਹਾ ਹੈ।

ਪਿੱਛੇ ਜਿਹੇ ਬਿਆਸ ਦਰਿਆ ਵਿਚ ਫੈਕਟਰੀਆਂ ਦੀ ਰਹਿੰਦ-ਖੂੰਹਦ ਨੂੰ ਸੁੱਟਣ ਨਾਲ ਕਾਫੀ ਮੱਛੀਆਂ ਦੀ ਮੌਤ ਹੋ ਗਈ। ਇਨਸਾਨ ਨੇ ਇਹਨਾਂ ਬੇਜੁਬਾਨਾਂ ਨੂੰ ਵੀ ਨਹੀਂ ਬਖਸ਼ਿਆ। ਫ਼ਸਲ ਦੀ ਜ਼ਿਆਦਾ ਪੈਦਾਵਾਰ ਲਈ ਤਰ੍ਹਾਂ-ਤਰ੍ਹਾਂ ਦੇ ਖਾਦ ਪਦਾਰਥ ਕੈਮੀਕਲ ਪਾਏ ਜਾ ਰਹੇ ਹਨ, ਜਿਸ ਨਾਲ ਧਰਤੀ ਹੇਠਲਾ ਪਾਣੀ ਵੀ ਡੂੰਘਾ ਤੇ ਜ਼ਹਿਰੀਲਾ ਹੋ ਰਿਹਾ ਹੈ। ਲੋਕ ਕੈਂਸਰ, ਦਿਲ ਦੇ ਮਰੀਜ ਬਣਦੇ ਜਾ ਰਹੇ। ਪ੍ਰਧਾਨ ਮੰਤਰੀ ਨਰਿੰਦ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਵਾਤਾਵਰਨ ਦਿਵਸ ’ਤੇ ਜ਼ਿਆਦਾ ਰੁੱਖ ਲਾਉਣ ਲਈ ਸੁਨੇਹਾ ਦਿੱਤਾ ਹੈ । ਸਿਰਫ ਰੁੱਖ ਲਾਉਣਾ ਹੀ ਇੱਕ ਜ਼ਿੰਮੇਵਾਰੀ ਨਹੀਂ ਹੈ, ਸਮੇਂ-ਸਮੇਂ ’ਤੇ ਉਸ ਰੁੱਖ ਦੀ ਦੇਖਭਾਲ ਕਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ।

ਪਿਛਲੇ ਸਾਲ ਜਦੋਂ ਕੋਰੋਨਾ ਮਹਾਂਮਾਰੀ ਨੇ ਭਾਰਤ ਵਿੱਚ ਦਸਤਕ ਦਿੱਤੀ, ਤਾਂ ਪੂਰੇ ਦੇਸ਼ ਵਿੱਚ ਲਾਕਡਾਊਨ ਲਾ ਦਿੱਤਾ ਗਿਆ। ਲਾਕਡਾਊਨ ਕਰਕੇ ਵਾਤਾਵਰਨ ਸਾਫ-ਸੁਥਰਾ ਹੋਇਆ। ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰਾ ਵਾਤਾਵਰਨ ਸਾਫ-ਸੁਥਰਾ ਹੋ ਗਿਆ । ਕੁਦਰਤ ਨਵੀਂ-ਨਵੇਲੀ ਦੁਲਹਨ ਦੀ ਤਰ੍ਹਾਂ ਸੱਜ ਗਈ। ਗੰਗਾ, ਜਮੁਨਾ, ਘੱਗਰ ਦਰਿਆ ਵਰਗੇ ਸਾਫ-ਸੁਥਰੇ ਹੋ ਗਏ। ਪੰਜਾਬ ਵਿੱਚ ਚਿੱਟੀ ਵੇਈਂ, ਕਾਲਾ ਸੰਘਾ ਡਰੇਨ ਦਾ ਪਾਣੀ ਸਾਫ਼-ਸੁਥਰਾ ਹੋ ਚੁੱਕਿਆ ਸੀ। ਓਜ਼ੋਨ ਪਰਤ ਵਿੱਚ ਵੀ ਬਹੁਤ ਸੁਧਾਰ ਹੋਇਆ। ਹਰੀਕੇ ਪੱਤਣ ਵਿੱਚ ਪੰਛੀ ਅਠਖੇਲੀਆਂ ਕਰਦੇ ਨਜ਼ਰ ਆਏ। ਬਿਆਸ ਦਰਿਆ ਵਿੱਚ ਡਾਲਫਿਨ ਨੇ ਆਨੰਦ ਮਾਣਿਆ। ਅੱਜ ਫਿਰ ਮਹਾਂਮਾਰੀ ਕਾਰਨ ਦੇਸ਼ ਵਿਚ ਹਾਹਾਕਾਰ ਮੱਚ ਗਈ ਹੈ। ਦੇਸ਼ ਵਿੱਚ ਆਕਸੀਜਨ ਦੀ ਕਮੀ ਹੋ ਚੁੱਕੀ ਹੈ। ਹੁਣ ਲੋਕਾਂ ਨੂੰ ਚੇਤੇ ਆ ਰਿਹਾ ਹੈ ਕਿ ਜੇ ਰੁੱਖ ਹੁੰਦੇ ਤਾਂ ਅੱਜ ਇਹ ਹਾਲ ਨਾ ਹੁੰਦਾ। ਪਿੰਡਾਂ ’ਚ ਫਿਰ ਵੀ ਅਜੇ ਠੀਕ ਹੈ। ਪਿੰਡਾਂ ’ਚ ਸਾਰੇ ਹੀ ਤਰ੍ਹਾਂ ਦੇ ਰੁੱਖ ਦੇਖਣ ਨੂੰ ਮਿਲ ਜਾਂਦੇ ਹਨ।

ਪਿਛਲੇ ਦਿਨੀਂ ਇੱਕ ਖ਼ਬਰ ਛਪੀ ਸੀ ਕਿ ਕਿਸੇ ਪਿੰਡ ਵਿੱਚ ਕਣਕ ਦੇ ਨਾੜ ਨੂੰ ਅੱਗ ਲਾ ਦਿੱਤੀ ਗਈ, ਹੋਇਆ ਕੀ ਖੇਤਾਂ ਦੇ ਆਸ-ਪਾਸ ਜਿੰਨੇ ਵੀ ਰੁੱਖ ਸਨ, ਉਹ ਅੱਗ ਦੀ ਲਪੇਟ ਵਿੱਚ ਆ ਗਏ। ਸਾਰੇ ਹੀ ਰੁੱਖ ਸੜ ਗਏ। ਨਾੜ ਨੂੰ ਫੂਕਣਾ ਬਹੁਤ ਜ਼ਿਆਦਾ ਗਲਤ ਹੈ। ਇੱਕ ਤਾਂ ਹਵਾ ਪ੍ਰਦੂਸ਼ਿਤ ਹੁੰਦੀ ਹੈ। ਰੁੱਖਾਂ ਦੇ ਬਹੁਤ ਫਾਇਦੇ ਹਨ। ਵਾਤਾਵਰਨ ਸਾਫ-ਸੁਥਰਾ ਰਹਿੰਦਾ ਹੈ। ਲੋਕ ਬਿਮਾਰੀਆਂ ਦੇ ਘੱਟ ਸ਼ਿਕਾਰ ਹੁੰਦੇ ਹਨ। ਬਾਰਿਸ਼ ਦੇ ਸਹਾਈ ਹੋਣ ’ਚ ਰੁੱਖਾਂ ਦਾ ਅਹਿਮ ਯੋਗਦਾਨ ਹੁੰਦਾ ਹੈ। ਅਸੀਂ ਆਮ ਦੇਖਦੇ ਹਾਂ ਕਿ ਪਹਾੜੀ ਖੇਤਰਾਂ ’ਚ ਰੁੱਖ ਬਹੁਤ ਹੁੰਦੇ ਹਨ। ਇੱਥੇ ਬਹੁਤ ਜ਼ਿਆਦਾ ਬਾਰਿਸ਼ ਹੁੰਦੀ ਹੈ। ਪ੍ਰਦੂਸ਼ਣ ਵੀ ਬਹੁਤ ਘੱਟ ਹੁੰਦਾ ਹੈ। ਲੋਕ ਬਿਮਾਰੀਆਂ ਦੇ ਘੱਟ ਸ਼ਿਕਾਰ ਹੁੰਦੇ ਹਨ। ਅਜਿਹੇ ਵਾਤਾਵਰਣ ਵਿੱਚ ਰਹਿਣ ਨੂੰ ਬਹੁਤ ਦਿਲ ਕਰਦਾ ਹੈ।

ਜੇ ਹਰ ਥਾਂ ’ਤੇ ਸੰਘਣੇ ਸੰਘਣੇ ਦਰੱਖਤ ਹੁੰਦੇ ਤਾਂ ਅੱਜ ਦੇਸ਼ ਵਿੱਚ ਆਕਸੀਜਨ ਦੀ ਕਮੀ ਨਾ ਹੁੰਦੀ। ਕਿਉਂਕਿ ਦਰੱਖਤ ਕਾਰਬਨ ਡਾਈਆਕਸਾਈਡ ਸੋਖ ਲੈਂਦੇ ਹਨ ਤੇ ਆਕਸੀਜਨ ਛੱਡਦੇ ਹਨ। ਅਕਸਰ ਅਸੀਂ ਆਮ ਦੇਖਦੇ ਹਾਂ ਕਿ ਜਦੋਂ ਅਸੀਂ ਸਵੇਰੇ ਸੈਰ ਕਰਨ ਜਾਂਦੇ ਹਾਂ ਤਾਂ ਵਾਤਾਵਰਨ ਬਹੁਤ ਸਾਫ-ਸੁਥਰਾ ਹੁੰਦਾ ਹੈ। ਠੰਢੀ-ਠੰਢੀ ਹਵਾ ਚੱਲ ਰਹੀ ਹੁੰਦੀ ਹੈ। ਵਾਤਾਵਰਨ ਵਿੱਚ ਆਕਸੀਜਨ ਭਰਪੂਰ ਮਾਤਰਾ ਵਿੱਚ ਹੁੰਦੀ ਹੈ। ਲੰਮੇ ਲੰਮੇ ਸਾਹ ਲੈਣ ਨਾਲ ਫੇਫੜੇ ਸਾਫ-ਸੁਥਰੇ ਹੋ ਜਾਂਦੇ ਹਨ।

ਸਾਨੂੰ ਸਾਰਿਆਂ ਨੂੰ ਹੀ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਰੁੱਖ ਲਾਉਣ ਵਿੱਚ ਵਧ-ਚੜ੍ਹ ਕੇ ਹਿੱਸਾ ਲਈਏ। ਇਹ ਹੁਣ ਸੰਭਲਣ ਦਾ ਸਮਾਂ ਹੈ। ਜੇ ਇੰਨਾ ਕੁਝ ਹੋ ਕੇ ਇਨਸਾਨ ਨਹੀਂ ਸੁਧਰਿਆ, ਤਾਂ ਉਹ ਇਨਸਾਨ ਕਹਾਉਣ ਦੇ ਲਾਇਕ ਨਹੀਂ ਹੈ। ਆਓ! ਅਸੀਂ ਸਾਰੇ ਹੀ ਪ੍ਰਣ ਕਰੀਏ ਕਿ ਆਪਣੇ ਵਾਤਾਵਰਨ ਨੂੰ ਹਰਿਆ-ਭਰਿਆ ਤੇ ਸਾਫ-ਸੁਥਰਾ ਰੱਖੀਏ । ਤਾਂ ਜੋ ਆਉਣ ਵਾਲੀਆਂ ਪੁਸ਼ਤਾਂ ਇਸ ਦਾ ਆਨੰਦ ਮਾਣ ਸਕਣ।

ਸੰਜੀਵ ਸਿੰਘ ਸੈਣੀ
ਮੋਹਾਲੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।