ਭੇਡਾਂ ਵਾਲਾ

ਭੇਡਾਂ ਵਾਲਾ

ਬੜੇ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਜੰਗਲ ਦੇ ਕੋਲ ਇੱਕ ਨਿੱਕੇ ਜਿਹੇ ਪਿੰਡ ਵਿਚ ਰੂਪ ਭੇਡਾਂ ਵਾਲਾ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਦਸ-ਬਾਰਾਂ ਭੇਡਾਂ ਨਾਲ ਕਰ ਰਿਹਾ ਸੀ। ਸਰਦੀਆਂ ਦੇ ਮੌਸਮ ਵਿੱਚ ਭੇਡਾਂ ਦੀ ਉੱਨ ਤੋਂ ਚੰਗਾ ਮੁਨਾਫਾ ਹੁੰਦਾ ਅਤੇ ਭੇਡਾਂ ਦਾ ਦੁੱਧ ਵੀ ਵਧੀਆ ਵਿਕਦਾ। ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਰੂਪ ਦੋ ਕੁੜੀਆਂ ਦਾ ਵਿਆਹ ਭੇਡਾਂ ਦੀ ਕਮਾਈ ਤੋਂ ਕਰ ਚੁੱਕਾ ਸੀ ।

ਉਸ ਨੇ ਤਾਂ ਭੇਡਾਂ ਦੀ ਕਮਾਈ ਤੋਂ ਆਪਣੇ ਪੁੱਤਰ ਨੂੰ ਬਾਹਰ ਸ਼ਹਿਰ ਪੜ੍ਹਨ ਦੀ ਯੋਜਨਾ ਬਣਾਈ। ਭੇਡਾਂ ਦੇ ਪਰਿਵਾਰ ਵਿੱਚ ਦਿਨ-ਪ੍ਰਤੀਦਿਨ ਵਾਧਾ ਹੁੰਦਾ ਜਾ ਰਿਹਾ ਸੀ ਭਾਵੇਂ ਕੁਝ ਭੇਡਾਂ ਨੂੰ ਜੰਗਲੀ ਜਾਨਵਰ ਖਾ ਜਾਂਦੇ ਪਰੰਤੂ ਫਿਰ ਵੀ ਭੇਡਾਂ ਦੀ ਗਿਣਤੀ ਵਿੱਚ ਕੋਈ ਘਾਟਾ ਨਾ ਹੁੰਦਾ। ਰੂਪ ਬੜਾ ਪਿਆਰ ਕਰਦਾ ਸੀ ਭੇਡਾਂ ਨੂੰ ਕਿਸੇ ਵੀ ਭੇਡ ਦੇ ਲੇਲੇ ਦੇ ਗੁਆਚ ਜਾਣ ’ਤੇ ਉਹ ਕਈ-ਕਈ ਦਿਨ ਅੱਥਰੂ ਵਹਾਉਂਦਾ ਰਹਿੰਦਾ। ਪੁੱਤਰ- ਪੁੱਤਰੀਆਂ ਤੋਂ ਘੱਟ ਨਹੀਂ ਸੀ ਮੰਨਦਾ ਉਹ ਆਪਣੇ ਇਨ੍ਹਾਂ ਨਿਆਣਿਆਂ ਨੂੰ।

ਸਮੇਂ ਦੇ ਬੀਤਣ ਦੇ ਨਾਲ-ਨਾਲ ਭੇਡਾਂ ਦਾ ਪਰਿਵਾਰ ਵੱਡਾ ਹੁੰਦਾ ਗਿਆ। ਰੂਪ ਦੀਆਂ ਭੇਡਾਂ ਵਿੱਚ ਲੇਲੇ, ਮੀਢੇ ਤੇ ਭੇਡਾਂ ਦੀ ਗਿਣਤੀ ਸੌ ਤੋਂ ਟੱਪ ਚੁੱਕੀ ਸੀ। ਵੱਡੇ-ਵੱਡੇ ਸ਼ਹਿਰਾਂ ਤੋਂ ਉੱਨ ਅਤੇ ਦੁੱਧ ਲਈ ਵਪਾਰੀ ਰੂਪ ਨੂੰ ਮਿਲਣ ਆਉਂਦੇ ਅਤੇ ਪਹਿਲਾਂ ਹੀ ਚੋਖੀ ਰਾਸ਼ੀ ਰੂਪ ਨੂੰ ਉਹਦੇ ਲਈ ਦੇ ਜਾਂਦੇ। ਇਸ ਤਰ੍ਹਾਂ ਰੂਪ ਦਾ ਪਰਿਵਾਰ ਖ਼ੁਸ਼ਹਾਲ ਪਰਿਵਾਰ ਵੱਜਣ ਲੱਗਾ ਸੀ ਇਲਾਕੇ ਵਿਚ। ਹੌਲੀ-ਹੌਲੀ ਰੂਪ ਦੇ ਮੁੰਡੇ ਨੂੰ ਸ਼ਹਿਰ ਦਾ ਰੰਗ ਚੜ੍ਹਨ ਲੱਗਾ ਤੇ ਉਹ ਭੇਡਾਂ ਤੋਂ ਨਫਰਤ ਮਹਿਸੂਸ ਕਰਦਾ।

ਜਦੋਂ ਵੀ ਪਿੰਡ ਆਉਂਦਾ ਰੂਪ ਨੂੰ ਭੇਡਾਂ ਵੇਚਣ ਲਈ ਤੰਗ ਕਰਦਾ। ਉਹ ਕਹਿੰਦਾ ਕਿ ਕਿਉਂ ਨਾ ਆਪਾਂ ਭੇਡਾਂ ਵੇਚ ਕੇ ਚੋਖੇ ਪੈਸੇ ਕਮਾ ਕੇ ਕੋਈ ਹੋਰ ਕਾਰੋਬਾਰ ਸ਼ੁਰੂ ਕਰ ਲਈਏ? ਹੁਣ ਰੂਪ ਵੀ ਬੁੱਢਾ ਹੋ ਚੁੱਕਾ ਸੀ ਔਲਾਦ ਅੱਗੇ ਕਿਸ ਦੀ ਚੱਲਦੀ ਹੈ। ਰੂਪ ਦੇ ਮੁੰਡੇ ਨੇ ਪਹਿਲਾਂ ਮੀਢੇ ਵੇਚਣੇ ਸ਼ੁਰੂ ਕਰ ਦਿੱਤੇ ਜਿਸ ਦੇ ਗ਼ਮ ਵਿਚ ਕਾਫੀ ਲੇਲੇ ਅਤੇ ਭੇਡਾਂ ਮਰ ਗਈਆਂ ਰਹਿੰਦੀਆਂ ਭੇਡਾਂ ਦੁੱਧ ਦੇਣੋਂ ਹਟ ਗਈਆਂ ਅਤੇ ਸੁਸਤ ਰਹਿਣ ਲੱਗ ਪਈਆਂ। ਭੇਡਾਂ ਦੇ ਪਰਿਵਾਰ ਨੂੰ ਛੋਟੇ ਹੁੰਦਿਆਂ ਵੇਖ ਸ਼ਿਕਾਰੀ ਕੁੱਤੇ ਵੀ ਲੇਲਿਆਂ ਅਤੇ ਭੇਡਾਂ ਨੂੰ ਮਾਰ ਕੇ ਖਾ ਜਾਂਦੇ ਜਿਸ ਦੇ ਗ਼ਮ ਵਿਚ ਰੂਪ ਲਗਾਤਾਰ ਬਿਮਾਰ ਰਹਿਣ ਲੱਗਾ।

ਪੈਸੇ ਨਾ ਹੋਣ ਕਾਰਨ ਮੁੰਡੇ ਨੂੰ ਵੀ ਸ਼ਹਿਰੋਂ ਪਿੰਡ ਕੰਮਕਾਜ ਲਈ ਮੁੜਨਾ ਪਿਆ ਕਿਸੇ ਸ਼ਹਿਰੀ ਦੋਸਤ ਨੇ ਉਸ ਦਾ ਸਾਥ ਨਾ ਦਿੱਤਾ। ਪਰਮਾਤਮਾ ਦਾ ਭਾਣਾ ਮੰਨਦਿਆਂ ਹੁਣ ਰੂਪ ਦੇ ਮੁੰਡੇ ਕੋਲ ਪਛਤਾਵੇ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਸੀ। ਰੂਪ ਵੀ ਮੰਜੇ ’ਤੇ ਪਿਆ ਖਊਂ-ਖਊਂ ਕਰਦਾ ਭੇਡਾਂ ਦੇ ਪਰਿਵਾਰ ਨੂੰ ਵੇਖ ਡੁਸਕਦਾ ਰਹਿੰਦਾ।

ਰੂਪ ਦੇ ਮੁੰਡੇ ਨੇ ਹੌਲੀ-ਹੌਲੀ ਭੇਡਾਂ ਦੇ ਪਰਿਵਾਰ ਨੂੰ ਪਾਲਣਾ ਸ਼ੁਰੂ ਕੀਤਾ ਅਤੇ ਪਿਆਰ, ਸਨੇਹ ਤੇ ਸਿਰੜ ਨਾਲ ਉਹ ਪਰਿਵਾਰ ਫਿਰ ਵੱਡਾ ਹੋਣ ਲੱਗਾ ਉੱਨ ਅਤੇ ਦੁੱਧ ਦਾ ਵਪਾਰ ਫਿਰ ਸ਼ੁਰੂ ਕੀਤਾ। ਪਰਿਵਾਰ ਵਿੱਚ ਬਰਕਤ ਹੋਣ ਲੱਗੀ ਮੁੰਡੇ ਦੀ ਨੇਕ ਕਮਾਈ ਵੇਖਦਿਆਂ ਰੂਪ ਵੀ ਮੰਜੇ ’ਤੇ ਉੱਠ ਖੜ੍ਹਾ ਹੋ ਗਿਆ। ਹੌਲੀ-ਹੌਲੀ ਪਹਾੜੀ ਭੇਡਾਂ ਦੀ ਉੱਨ ਦੀ ਚਰਚਾ ਦੇਸ਼ਾਂ-ਵਿਦੇਸ਼ਾਂ ਵਿਚ ਹੋਣ ਲੱਗੀ। ਭੇਡਾਂ ਦੀ ਉੱਨ ਦੀਆਂ ਬਣੀਆਂ ਮਹਿੰਗੀਆਂ ਬਰੈਂਡਡ ਜਾਕਟਾਂ ਹਜ਼ਾਰਾਂ ਰੁਪਏ ਵਿੱਚ ਵਿਕਦੀਆਂ।

ਇਸ ਨਾਲ ਪਰਿਵਾਰ ਫਿਰ ਖੁਸ਼ਹਾਲ ਹੋ ਗਿਆ ਰੂਪ ਦੇ ਮੁੰਡੇ ਲਈ ਸ਼ਹਿਰੋ ਰਿਸ਼ਤੇ ਆਉਣ ਲੱਗ ਪਏ ਪਰ ਉਸ ਦਾ ਮੁੰਡਾ ਹਮੇਸ਼ਾ ਕਹਿੰਦਾ ਕਿ ਭੇਡਾਂ ਹੀ ਮੇਰਾ ਪਰਿਵਾਰ ਹਨ। ਆਪਣੇ ਪੁੱਤਰ ਦੀ ਭੇਡਾਂ ਦੇ ਪਰਿਵਾਰ ਨਾਲ ਇੰਨੀ ਨੇੜਤਾ ਵੇਖ ਹੱਸਦਿਆਂ-ਹੱਸਦਿਆਂ ਰੂਪ ਇਸ ਰੰਗਲੀ ਦੁਨੀਆਂ ਤੋਂ ਚਲਾ ਗਿਆ। ਜਿਸ ਦਾ ਸਦਮਾ ਉਸ ਦੇ ਪੂਰੇ ਪਰਿਵਾਰ ਅਤੇ ਭੇਡਾਂ ਨੇ ਕਾਫੀ ਲੰਮਾ ਸਮਾਂ ਸਹਿਣ ਕੀਤਾ ਰੂਪ ਹਮੇਸ਼ਾ ਕਹਿੰਦਾ ਸੀ ਇਹ ਜਾਨਵਰ ਵੀ ਸਾਡੇ ਬੱਚੇ ਹਨ ਜੇਕਰ ਅਸੀਂ ਬੱਚਿਆਂ ਦਾ ਚੰਗਾ ਪਾਲਣ-ਪੋਸ਼ਣ ਕਰਾਂਗੇ ਤਾਂ ਹੀ ਬਰਕਤ ਹੈ।
ਅਮਨਦੀਪ ਸ਼ਰਮਾ (ਗੁਰਨੇ ਕਲਾਂ)
ਮਾਨਸਾ, ਮੋ: 98760-74055

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ