ਯੁਵਾ ਪੀੜ੍ਹੀ ਦਾ ਵਿਦੇਸ਼ਾਂ ਵੱਲ ਵਧ ਰਿਹਾ ਰੁਝਾਨ ਫ਼ਿਕਰ ਦਾ ਵਿਸ਼ਾ

abroad

ਨੌਜਵਾਨਾਂ ਦਾ ਵਧੇਰੇ ਗਿਣਤੀ ਵਿੱਚ ਵਿਦੇਸ਼ਾਂ ਨੂੰ ਜਾਣਾ ਸਾਡੇ ਸਿਆਸੀ ਨੇਤਾਵਾਂ ਦੇ ਦਾਅਵਿਆਂ ਦੀ ਫੂਕ ਕੱਢਦਾ ਹੈ ਜੋ ਅਕਸਰ ਹੀ ਆਪਣੇ ਭਾਸ਼ਣਾਂ ਵਿੱਚ ਦੇਸ਼/ਸੂਬੇ ਦੇ ਵਿਕਾਸ ਕਾਰਜਾਂ ਦੀ ਦੁਹਾਈ ਦਿੰਦੇ ਨਹੀਂ ਥੱਕਦੇ। ਹੁਕਮਰਾਨਾਂ ਵੱਲੋਂ ਨੌਜਵਾਨਾਂ ਦੇ ਕਰੀਅਰ ਪ੍ਰਤੀ ਕੋਈ ਯੋਗ ਨੀਤੀ ਨਾ ਬਣਾਏ ਸਦਕਾ ਪ੍ਰਵਾਸ ਦੀ ਸਥਿਤੀ ਹੁਣ ਜੱਗ ਜ਼ਾਹਿਰ ਹੋ ਚੁੱਕੀ ਹੈ। ਪਰ ਉਂਝ ਸਾਡੇ ਮੁਲਕ ਵਿੱਚ ਸਰਕਾਰਾਂ ਨੇ ਯੁਵਾ ਵਰਗ ਲਈ ਅਸ਼ਲੀਲ ਸਾਹਿਤ, ਮਾੜਾ ਸੰਗੀਤ, ਨੈਤਿਕ ਕਦਰਾਂ-ਕੀਮਤਾਂ ਦੀ ਅਣਹੋਂਦ, ਨਸ਼ਿਆਂ ਦੀ ਸ਼ਰੇਆਮ ਵਰਤੋਂ ਕਰਨ, ਗੈਂਗਸਟਰਵਾਦ ਨੂੰ ਪ੍ਰਮੋਟ ਕਰਨ, ਮਹਿੰਗੀਆਂ ਸਿਹਤ ਸਹੂਲਤਾਂ, ਵੱਡੇ ਪੱਧਰ ’ਤੇ ਬੇਰੁਜ਼ਗਾਰੀ, ਹਥਿਆਰਾਂ ਦੀ ਪ੍ਰਮੋਸ਼ਨ, ਰਾਜਨੀਤਿਕ ਪਾਰਟੀਆਂ ਵੱਲੋਂ ਨੌਜਵਾਨਾਂ ਦੇ ਸਿਆਸਤ ਵਿੱਚ ਦਾਖਲੇ ਰਾਹੀਂ ਗਲਤ ਕੰਮਾਂ ਨੂੰ ਅੰਜ਼ਾਮ ਦੇਣਾ, ਮਹਿੰਗੀ ਸਿੱਖਿਆ, ਕੰਮਕਾਜ ਕਰਨ ਲਈ ਮਹਿੰਗੇ ਲੋਨ ਆਦਿ ਸਹੂਲਤਾਂ ਦੇਣ ਸਬੰਧੀ ਕੋਈ ਕਸਰ ਬਾਕੀ ਨਹੀਂ ਛੱਡੀ ਹੈ।

ਅਜਿਹੀ ਨਕਾਰਾਤਮਕ ਸੋਚ ਦਾ ਨਤੀਜਾ ਹੈ ਕਿ ਹੁਣ ਨੌਜਵਾਨ ਲੁੱਟ-ਖਸੁੱਟ ਅਤੇ ਅਪਰਾਧ ਦੇ ਰਸਤੇ ਚੱਲ ਪਏ ਹਨ, ਜਿਸ ਦਾ ਸਿੱਧਾ ਭਾਵ ਇਹ ਹੈ ਕਿ ਕਾਨੂੰਨ ਦੀਆਂ ਉੱਡ ਰਹੀਆਂ ਧੱਜੀਆਂ ਲਈ ਸੂਬੇ ਦੀ ਸੱਤਾ ਧਿਰ ਹੀ ਜਿੰਮੇਵਾਰ ਹੁੰਦੀ ਹੈ। ਗਰੀਬ ਮਾਪਿਆਂ ਵੱਲੋਂ ਆਪਣੇ ਪੇਟ ਨੂੰ ਗੰਢਾਂ ਦੇ ਕੇ ਬੱਚਿਆਂ ਨੂੰ ਕਰਵਾਈ ਗਈ ਮਹਿੰਗੀ ਪੜ੍ਹਾਈ ਦਾ ਕੋਈ ਮੁੱਲ ਨਹੀਂ ਪੈ ਰਿਹਾ ਹੈ। ਉਚੇਰੀ ਵਿੱਦਿਆ ਪ੍ਰਾਪਤ ਕਰ ਚੁੱਕੇ ਬੱਚੇ ਹੋਰ ਕੋਈ ਕੰਮ-ਧੰਦਾ ਕਰਨ ਤੋਂ ਅਸਮਰੱਥ ਹਨ ਕਿਉਂਕਿ ਉਹਨਾਂ ਨੇ ਕੰਮ ਸਿੱਖਣ ਦੀ ਉਮਰ ਕਿਤਾਬਾਂ ਪੜ੍ਹਨ ਵਿੱਚ ਬਤੀਤ ਕਰ ਦਿੱਤੀ। ਬੜੇ ਮਲਾਲ ਦੀ ਗੱਲ ਹੈ ਕਿ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਕੰਮ ਨਹੀਂ ਮਿਲ ਰਿਹਾ ਹੈ। ਉਨ੍ਹਾਂ ਦੇ ਵੱਡੇ ਪੱਧਰ ’ਤੇ ਹੋ ਰਹੇ ਸ਼ੋਸ਼ਣ ਦੀ ਜਿੰਮੇਵਾਰੀ ਸਰਕਾਰਾਂ ਦੇ ਸਿਰ ਹੀ ਹੈ।

ਅਮਰ ਵੇਲ ਵਾਂਗ ਵਧ ਰਹੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਵੇਖਦੇ ਹੋਏ ਨੌਜਵਾਨਾਂ ਨੂੰ ਉਨ੍ਹਾਂ ਦੇ ਮਾਪੇ ਵਿਆਜ ਉੱਪਰ ਕਰਜ਼ੇ ਲੈ ਕੇ ਬਾਹਰਲੇ ਦੇਸ਼ ਭੇਜਦੇ ਹਨ। ਕਈ ਵਾਰ ਮਾਪਿਆਂ ਨੂੰ ਗਲਤ ਏਜੰਟਾਂ ਦੇ ਧੱਕੇ ਚੜ੍ਹਨ ਕਰਕੇ ਆਪਣੀ ਖੂਨ-ਪਸੀਨੇ ਦੀ ਕਮਾਈ ਤੋਂ ਵੀ ਹੱਥ ਧੋਣਾ ਪੈ ਜਾਂਦਾ ਹੈ। ਸੋਨੇ ਦੀ ਚਿੜੀ ਕਹਾਉਣ ਵਾਲੇ ਸਾਡੇ ਦੇਸ਼ ਦਾ ਨੌਜਵਾਨ ਵਰਗ ਵਿਦੇਸ਼ਾਂ ਵਿੱਚ ਮਜ਼ਦੂਰੀ ਕਰਕੇ ਆਪਣਾ ਢਿੱਡ ਭਰ ਰਿਹਾ ਹੈ। ਅੱਜ ਸਮੇਂ ਨੇ ਫਿਰ ਸਾਡੇ ਨੌਜਵਾਨਾਂ ਨੂੰ ਉਨ੍ਹਾਂ ਅੰਗਰੇਜ਼ਾਂ ਦੇ ਲੜ ਲਾ ਦਿੱਤਾ ਹੈ।

ਜਿਨ੍ਹਾਂ ਨੂੰ ਭਾਰਤ ਤੋਂ ਬਾਹਰ ਕੱਢਣ ਲਈ ਸਾਡੇ ਦੇਸ਼ ਭਗਤਾਂ ਨੇ ਅਜ਼ਾਦੀ ਦੀ ਲੜਾਈ ਲੜੀ ਸੀ। ਸਰਕਾਰਾਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੀਆਂ ਕਿ ਉਹ ਸਿਰਫ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਮਸ਼ਰੂਫ ਹਨ। ਉਹ ਨੌਜਵਾਨਾਂ ਨੂੰ ਬਾਹਰ ਭੇਜਣ ਲਈ ਉਤਸੁਕ ਹਨ ਕਿਉਂ ਜੋ ਸੂਬੇ ਦੇ ਸਿਆਸੀ ਨਿਘਾਰ ਨੂੰ ਸਹੀ ਕਰਨ ਵਿੱਚ ਨੌਜਵਾਨ ਵਰਗ ਹੀ ਅਹਿਮ ਭੂਮਿਕਾ ਨਿਭਾ ਸਕਦਾ ਹੈ। ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਇੱਥੇ ਰਹਿੰਦੇ ਹੋਏ ਆਪਣੇ ਹੱਕ ਲਈ ਸਿਆਸੀ ਲੀਡਰਾਂ ਤੋਂ ਜਵਾਬ ਮੰਗਣ ਕਿਉਂਕਿ ਵੋਟਾਂ ਦੀ ਪ੍ਰਾਪਤੀ ਲਈ ਇਨ੍ਹਾਂ ਲੀਡਰਾਂ ਨੇ ਘਰ-ਘਰ ਰੁਜ਼ਗਾਰ ਦੇਣ ਦੀ ਗੱਲ ਆਖੀ ਸੀ। ਜੇਕਰ ਸਰਕਾਰ ਸਾਡੇ ਨੌਜਵਾਨਾਂ ਦਾ ਪ੍ਰਵਾਸ ਰੋਕਣ ਵਿੱਚ ਕਾਮਯਾਬ ਹੋਵੇਗੀ ਤਾਂ ਹੀ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇਗਾ। ਬਾਹਰਲੇ ਮੁਲਕ ਵਿੱਚ ਲੱਖਾਂ ਰੁਪਏ ਲਾ ਕੇ ਜਾਣਾ ਵੀ ਕੋਈ ਬੁੱਧੀਮਾਨੀ ਨਹੀਂ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ