ਮਾਤ ਭਾਸ਼ਾ ਵਿੱਚ ਹੋਵੇ ਪੜ੍ਹਾਈ

Education

ਮਨੁੱਖ ਆਪਣੀਆਂ ਮਨ ਦੀਆਂ ਭਾਵਨਾਵਾਂ ਅਤੇ ਪੈਦਾ ਹੋਏ ਵਲਵਲਿਆਂ ਨੂੰ ਦੂਜੇ ਮਨੁੱਖ ਨਾਲ ਸਾਂਝਾ ਕਰਨ ਲਈ ਕਿਸੇ ਨਾ ਕਿਸੇ ਭਾਸ਼ਾ ਜਾਂ ਬੋਲੀ ਨੂੰ ਵਰਤੋਂ ਵਿੱਚ ਲਿਆਉਂਦਾ ਹੈ। ਭਾਰਤੀ ਸੰਵਿਧਾਨ ਵਿੱਚ 22 ਭਾਰਤੀ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ। ਇਨ੍ਹਾਂ ਭਾਰਤੀ ਭਾਸ਼ਾਵਾਂ ਦੇ ਨਾਲ-ਨਾਲ ਹੋਰ ਵੀ ਕਈ ਖੇਤਰੀ ਭਾਸ਼ਾਵਾਂ ਹਨ ਜਿਨ੍ਹਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ ਚਾਹੇ ਘੱਟ ਹੈ ਪਰ ਉਹ ਭਾਰਤੀ ਸੰਸਕਿ੍ਰਤੀ ਦੀ ਧਰੋਹਰ ਹਨ।

ਭਾਰਤ ਦੇ ਪ੍ਰਸਿੱਧ ਕਵੀ, ਰਾਸ਼ਟਰੀ ਗਾਣ ਦੇ ਰਚੇਤਾ ਅਤੇ ਏਸ਼ੀਆ ਦੇ ਪਹਿਲੇ ਨੌਬਲ ਪੁਰਸਕਾਰ ਵਿਜੇਤਾ ਅਤੇ ਗੁਰੂਦੇਵ ਵਜੋਂ ਜਾਣੇ ਜਾਂਦੇ ਰਬਿੰਦਰ ਨਾਥ ਟੈਗੋਰ ਜੀ ਦਾ ਵਿਚਾਰ ਹੈ ਕਿ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟਾਉਣ ਲਈ ਮਾਤ ਭਾਸ਼ਾ ਤੋਂ ਬਗੈਰ ਹੋਰ ਕੋਈ ਵੀ ਭਾਸ਼ਾ ਚੰਗੇਰੀ ਸਾਬਤ ਨਹੀਂ ਹੋ ਸਕਦੀ ਕਿਉਂਕਿ ਮਾਤ ਭਾਸ਼ਾ ਇੱਕ ਅਜਿਹੀ ਭਾਸ਼ਾ ਹੁੰਦੀ ਹੈ ਜੋ ਅਸੀਂ ਵਿਰਸੇ ਵਿੱਚੋਂ ਪ੍ਰਾਪਤ ਕਰਦੇ ਹਾਂ ਅਤੇ ਜੋ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧਦੀ ਜਾਂਦੀ ਹੈ। ਪਰਿਵਾਰ, ਜੋ ਕਿ ਸਮਾਜ ਦੀ ਮੁੱਢਲੀ ਇਕਾਈ ਹੁੰਦੀ ਹੈ, ਮਾਤ ਭਾਸ਼ਾ ਦਾ ਇੱਕ ਅਜਿਹਾ ਮੁੱਖ ਸੋਮਾ ਹੈ ਜਿਸ ਦੀ ਗੁੜ੍ਹਤੀ ਬੱਚੇ ਨੂੰ ਜਨਮ ਤੋਂ ਹੀ ਮਿਲ ਜਾਂਦੀ ਹੈ।

ਅਜਾਦੀ ਤੋਂ ਬਾਅਦ ਸਾਡੇ ਨੀਤੀ ਘਾੜਿਆਂ ਦੀ ਇਹ ਤ੍ਰਾਸਦੀ ਰਹੀ ਹੈ ਕਿ ਉਨ੍ਹਾਂ ਨੇ ਮਾਤ ਭਾਸ਼ਾ ਵਿੱਚ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਤੇ ਇਸ ਵਿਸ਼ੇ ਨੂੰ ਹਮੇਸ਼ਾ ਅਣਗੌਲਿਆਂ ਕਰੀ ਰੱਖਿਆ। ਖੇਤਰੀ ਭਾਸ਼ਾਵਾਂ ਨੂੰ ਅੱਗੇ ਲਿਆਉਣ ਤੇ ਉਸ ਦੇ ਵਿਕਾਸ ਦੀ ਬਜਾਏ ਵਿਦੇਸ਼ੀ ਭਾਸ਼ਾਵਾਂ ਨੂੰ ਤਰਜੀਹ ਦਿੱਤੀ ਗਈ। ਸਕੂਲੀ ਸਿੱਖਿਆ ਦੇ ਨਾਲ-ਨਾਲ ਉਚੇਰੀ ਸਿੱਖਿਆ ਦਾ ਮਾਤ ਭਾਸ਼ਾ ਵਿੱਚ ਹੋਣਾ ਵਿਦਿਆਰਥੀ ਨੂੰ ਮਾਨਸਿਕ ਅਤੇ ਸ਼ਖਸੀਅਤ ਤੌਰ ਤੇ ਮਜ਼ਬੂਤ ਕਰਦਾ ਹੈ।

ਮਾਤ ਭਾਸ਼ਾ ਜਿਸ ਨੂੰ ਉਹ ਬਚਪਨ ਤੋਂ ਹੀ ਪੜ੍ਹਦਾ ਆ ਰਿਹਾ ਹੈ ਉਸੇ ਭਾਸ਼ਾ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਰੁਜ਼ਗਾਰ ਹਾਸਲ ਕਰ ਸਕਦਾ ਹੈ। ਮਾਤ ਭਾਸ਼ਾ ਵਿੱਚ ਕੀਤੀ ਪੜ੍ਹਾਈ ਨੂੰ ਜਾਰੀ ਰੱਖਦਾ ਹੋਇਆ ਖੋਜ ਖੇਤਰ ਵੱਲ ਪ੍ਰੇਰਿਤ ਕੀਤਾ ਜਾ ਸਕਦਾ ਹੈ। ਮਾਤ ਭਾਸ਼ਾ ਵਿੱਚ ਕੀਤੀ ਪੜ੍ਹਾਈ ਨੂੰ ਉਹ ਅਸਾਨੀ ਨਾਲ ਸਮਝ ਅਤੇ ਨਵੇਂ ਪੈਦਾ ਹੋਏ ਵਿਚਾਰਾਂ ਨੂੰ ਅਸਾਨੀ ਨਾਲ ਪ੍ਰਗਟਾ ਕੇ ਸੱਭਿਆਚਾਰ ਅਤੇ ਸੰਸਕਿ੍ਰਤੀ ਦੇ ਖੇਤਰ ਵਿੱਚ ਨਵੀਆਂ ਬੁਲੰਦੀਆਂ ਨੂੰ ਛੂਹ ਸਕਦਾ ਹੈ।

ਦੂਜੀਆਂ ਭਾਸ਼ਾਵਾਂ ਨੂੰ ਜ਼ਿਆਦਾ ਤਵੱਜੋ ਦੇਣ ਵਾਲੇ ਇਹ ਵੀ ਯਾਦ ਰੱਖਣ ਕਿ ਚੀਨ ਅਤੇ ਜਪਾਨ ਵਰਗੇ ਦੇਸ਼ਾਂ ਨੇ ਆਪਣੀ ਮਾਤ ਭਾਸ਼ਾ ਵਿੱਚ ਹੀ ਸਿੱਖਿਆ ਪ੍ਰਾਪਤ ਕਰਕੇ ਵਿਸ਼ਵ ਦੇ ਨਾਮਵਰ ਸਨਮਾਨ ਹਾਸਲ ਕੀਤੇ ਹਨ। ਬਹੁਤੀਆਂ ਭਾਸ਼ਾਵਾਂ ਦਾ ਗਿਆਨ ਰੱਖਣਾ ਕੋਈ ਗਲਤ ਨਹੀਂ ਪਰ ਆਪਣੀ ਮਾਤ ਭਾਸ਼ਾ ਨੂੰ ਕਿਨਾਰੇ ਕਰਕੇ ਦੂਜੀਆਂ ਭਾਸ਼ਾਵਾਂ ਨੂੰ ਜ਼ਿਆਦਾ ਤਰਜੀਹ ਦੇਣਾ ਭਾਰਤੀ ਸੱਭਿਆਚਾਰ, ਸੰਸਕਿ੍ਰਤੀ, ਏਕਤਾ ਅਤੇ ਅਖੰਡਤਾ ਨੂੰ ਖੋਰਾ ਲਾਉਣ ਦੇੇ ਬਰਾਬਰ ਹੈ। ਖੇਤਰੀ ਭਾਸ਼ਾਵਾਂ ਸਾਡੀ ਪਹਿਚਾਣ ਹਨ ਜਿਨ੍ਹਾਂ ਦੀ ਉਤਪਤੀ ਅਤੇ ਵਿਕਾਸ ਦਾ ਪੜਾਅ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਦਰਜ ਹੈ।

ਇਨ੍ਹਾਂ ਨੂੰ ਖਤਮ ਕਰਨਾ ਇਤਿਹਾਸ ਤੋਂ ਬੇਮੁੱਖ ਹੋਣਾ ਹੈ। ਜੋ ਕੌਮ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਉਸ ਦਾ ਹੌਲੀ-ਹੌਲੀ ਪਤਨ ਹੋ ਜਾਂਦਾ ਹੈ। ਸਿੱਖਿਆ ਵਿਭਾਗ, ਉਚੇਰੀ ਸਿੱਖਿਆ ਵਿਭਾਗ ਅਤੇ ਭਾਰਤ ਦੇ ਸਿੱਖਿਆ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਿੱਖਿਆ ਨੂੰ ਮਾਤ ਭਾਸ਼ਾ ਵਿੱਚ ਪੜ੍ਹਾਉਣ ਦੀ ਯੋਜਨਾ ਉਲੀਕ ਕੇ ਜਲਦ ਤੋਂ ਜਲਦ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਬੱਚਿਆਂ ਨੂੰ ਮਾਤ ਭਾਸ਼ਾ ਦੇ ਨਾਲ ਜੋੜ ਕੇ ਭਾਰਤੀ ਭਾਸ਼ਾਵਾਂ ਦੀ ਹੋਂਦ ਕਾਇਮ ਰੱਖੀ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ