ਮਹਾਨ ਵਿਦਵਾਨ ਪ੍ਰੋ. ਸਾਹਿਬ ਸਿੰਘ ਕੌਣ ਸਨ? ਆਓ ਜਾਣੀਏ

Bhai-Sahib-Singh

ਪ੍ਰੋ. ਸਾਹਿਬ ਸਿੰਘ ਦਾ ਜਨਮ 16 ਫਰਵਰੀ 1892 ਨੂੰ ਭਾਈ ਹੀਰਾ ਨੰਦ ਦੇ ਘਰ ਪਿੰਡ ਫੱਤੇਵਾਲੀ ਜ਼ਿਲ੍ਹਾ ਸਿਆਲਕੋਟ ਵਿਖੇ ਮਾਤਾ ਨਿਹਾਲ ਦੇਵੀ ਦੀ ਕੁੱਖੋਂ ਹੋਇਆ। ਇਨ੍ਹਾਂ ਦੇ ਪਿਤਾ ਦੀ ਥਰਪਾਲ ਪਿੰਡ ਵਿੱਚ ਹੱਟੀ ਪਾਈ ਹੋਣ ਕਰਕੇ ਸਾਰਾ ਪਰਿਵਾਰ ਇੱਥੇ ਰਹਿਣ ਲੱਗਾ। ਪ੍ਰੋ. ਸਾਹਿਬ ਸਿੰਘ ਦਾ ਬਚਪਨ ਦਾ ਨਾਂਅ ਨੱਥੂ ਰਾਮ ਸੀ ਪਰ ਬਾਅਦ ਵਿੱਚ ਅੰਮਿ੍ਰਤ ਛਕਣ ਤੋਂ ਬਾਅਦ ਸਾਹਿਬ ਸਿੰਘ ਨਾਂਅ ਰੱਖਿਆ ਗਿਆ। ਬਚਪਨ ਵਿੱਚ ਮੁੱਢਲੀ ਵਿੱਦਿਆ ਇਨ੍ਹਾਂ ਨੇ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਪ੍ਰਾਇਮਰੀ ਸਕੂਲ ਰਈਏ ਵਿੱਚੋਂ ਪੰਜਵੀਂ ਪਾਸ ਕੀਤੀ। ਉਸ ਤੋਂ ਬਾਅਦ ਮਿਡਲ ’ਚ ਗੋਤਾ ਫਤਿਹਗੜ੍ਹ ਵਿਖੇ ਦਾਖਲਾ ਲਿਆ। ਉਸ ਤੋਂ ਬਾਅਦ ਇਨ੍ਹਾਂ ਨੇ ਸੰਸਕਿ੍ਰਤ ਵਿੱਚ ਵੀ ਚੰਗੀ ਵਿੱਦਿਆ ਪ੍ਰਾਪਤ ਕੀਤੀ।

ਇਸ ਦੌਰਾਨ ਹੀ 1905 ਵਿੱਚ ਇਨ੍ਹਾਂ ਦਾ ਵਿਆਹ ਦੁਰਗਾ ਨਾਲ ਹੋਇਆ। ਜਿਸ ਨੇ ਆਪਣਾ ਨਾਂਅ ਆਗਿਆ ਕੌਰ ਰੱਖ ਲਿਆ ਸੀ। ਪਰ ਇਹ ਸਾਥ ਬਹੁਤਾ ਲੰਬਾ ਸਮਾਂ ਨਹੀਂ ਨਿਭਿਆ 1932 ਵਿੱਚ ਪਤਨੀ ਦੀ ਮੌਤ ਹੋ ਗਈ। 20 ਜੁਲਾਈ 1907 ਨੂੰ ਇਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਪਰ ਉਨ੍ਹਾਂ ਦੀ ਅੰਤਿਮ ਇੱਛਾ ਸੀ ਕਿ ਸਾਹਿਬ ਸਿੰਘ 10 ਜਮਾਤਾਂ ਜ਼ਰੂਰ ਪੜ੍ਹੇ। ਘਰੇ ਅੰਤਾਂ ਦੀ ਗਰੀਬੀ ਸੀ। ਇਨ੍ਹਾਂ ਦੀ ਵਿਧਵਾ ਭੂਆ ਰਾਧੀ ਨੇ ਆਪਣੀਆਂ ਟੂਮਾਂ ਗਹਿਣੇ ਰੱਖ ਕੇ ਆਪਣੇ ਭਰਾ ਦਾ ਸੁਪਨਾ ਆਪਣੇ ਭਤੀਜੇ ਨੂੰ ਦਸ ਪਾਸ ਕਰਵਾ ਕੇ ਪੂਰਾ ਕੀਤਾ।

ਉਚੇਰੀ ਸਿੱਖਿਆ | Pro. Sahib Singh

ਪ੍ਰੋ. ਸਾਹਿਬ ਸਿੰਘ (Pro. Sahib Singh) ਦੀ ਇਸ ਤੋਂ ਅੱਗੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੀ ਦਿਲੀਂ ਰੀਝ ਤੇ ਮਿਹਨਤ ਨਾਲ ਅੱਗੇ ਵਧਣ ਦਾ ਜਨੂੰਨ ਸੀ। ਇਸ ਕੰਮ ਵਿੱਚ ਇਨ੍ਹਾਂ ਦੇ ਇੱਕ ਅਧਿਆਪਕ ਨੇ ਦਿਆਲ ਸਿੰਘ ਕਾਲਜ ਵਿੱਚ ਦਾਖਲ ਕਰਵਾ ਦਿੱਤਾ ਤੇ ਨਾਲ ਅੱਧੀ ਫੀਸ ਮਾਫ ਕਰਵਾ ਦਿੱਤੀ ਤੇ ਖੁਦ ਕੋਲੋਂ ਜਿੰਨੀ ਵੀ ਮੱਦਦ ਹੁੰਦੀ ਕਰਦੇ ਰਹੇ। ਚੀਫ ਖਾਲਸਾ ਦੀਵਾਨ ਨੇ ਇਨ੍ਹਾਂ ਨੂੰ 5 ਰੁਪਏ ਵਜੀਫਾ ਵੀ ਦੇਣਾ ਸ਼ੁਰੂ ਕੀਤਾ। ਇਨ੍ਹਾਂ ਨੇ 1913 ਵਿੱਚ ਦਿਆਲ ਸਿੰਘ ਕਾਲਜ ਲਾਹੌਰ ਤੋਂ ਪਹਿਲੇ ਦਰਜੇ ਵਿੱਚ ਐੱਫ ਏ ਪਾਸ ਕੀਤੀ।

1915 ਵਿੱਚ ਗੌਰਮਿੰਟ ਕਾਲਜ ਲਾਹੌਰ ਤੋਂ ਇਨ੍ਹਾਂ ਜੀ ਨੇ ਬੀ.ਏ. ਪਾਸ ਕਰ ਲਈ। ਉਜ ਇਨ੍ਹਾਂ ਨੇ ਦੱਸਵੀਂ ਪਾਸ ਕਰਕੇ 1909 ਵਿੱਚ ਹੀ ਸੈਕਿੰਡ ਮਾਸਟਰ ਦੀ 15 ਰੁਪਏ ਤਨਖਾਹ ’ਤੇ ਮਿਡਲ ਸਕੂਲ ਸਾਂਗਲਾਂ ਵਿਖੇ ਨੌਕਰੀ ਕੀਤੀ। ਇਸ ਤੋਂ ਬਾਅਦ 1910 ਵਿੱਚ ਨੌਕਰੀ ਤੋਂ ਜਵਾਬ ਮਿਲਣ ਕਰਕੇ 20 ਰੁਪਏ ਮਹੀਨੇ ’ਤੇ ਡਾਕਖਾਨੇ ਵਿੱਚ ਕਲਰਕ ਦੀ ਨੌਕਰੀ ਕੀਤੀ। ਪਰ ਅੱਗੇ ਪੜ੍ਹਨ ਦੀ ਇੱਛਾ ਨੇ ਇੱਥੇ ਵੀ ਬਹੁਤਾ ਸਮਾਂ ਟਿਕਣ ਨਾ ਦਿੱਤਾ।

ਇਨ੍ਹਾਂ ਨੇ 1920 ਦੇ ਦਹਾਕੇ ਵਿਚ ਗੁਰਦੁਆਰਾ ਸੁਧਾਰ ਲਹਿਰ ਵਿਚ ਹਿੱਸਾ ਲਿਆ। ਇਨ੍ਹਾਂ ਨੇ ਗੁਰੂ ਕੇ ਬਾਗ ਅਤੇ ਜੈਤੋ ਦੇ ਮੋਰਚੇ ਸਮੇਂ ਅਗਸਤ 1922 ਤੋਂ ਮਾਰਚ 1923 ਤੱਕ ਤੇ ਅਕਤੂਬਰ 1923 ਤੋਂ ਮਾਰਚ 1924 ਤੱਕ ਜੇਲ੍ਹ ਯਾਤਰਾ ਵੀ ਕੀਤੀ।

ਮਿਲੇ ਅਹੁਦੇ | Pro. Sahib Singh

1921 ਵਿੱਚ ਇਨ੍ਹਾਂ ਨੇ ਪ੍ਰੋਫੈਸਰੀ ਛੱਡ ਕੇ ਸ੍ਰੋਮਣੀ ਕਮੇਟੀ ਵਿੱਚ ਮੀਤ ਪ੍ਰਧਾਨ ਦੇ ਆਹੁਦੇ ’ਤੇ ਕੰਮ ਕੀਤਾ ਤੇ 1927 ਵਿੱਚ ਇੱਥੋਂ ਵੀ ਅਸਤੀਫਾ ਦੇ ਕੇ ਮੁੜ ਗੁੱਜਰਾਂਵਾਲਾ ਕਾਲਜ ਵਿੱਚ ਨੌਕਰੀ ਕੀਤੀ। 1929 ਤੋਂ 1952 ਤੱਕ ਖਾਲਸਾ ਕਾਲਜ ਵਿੱਚ ਵੀ ਸੇਵਾ ਨਿਭਾਈ। ਇਸ ਉਪਰੰਤ ਮਿਸ਼ਨਰੀ ਕਾਲਜ ਅੰਮਿ੍ਰਤਸਰ ਦੇ ਪਿ੍ਰੰਸੀਪਲ ਦੇ ਤੌਰ ’ਤੇ ਸੇਵਾ ਨਿਭਾਈ। ਇਸ ਦੌਰਾਨ ਹੀ ਇਨ੍ਹਾਂ 1933 ਵਿੱਚ ਦੂਜਾ ਵਿਆਹ ਰਤਨ ਕੌਰ ਨਾਲ ਕਰਵਾਇਆ। ਇਨ੍ਹਾਂ ਦੇ ਘਰ 6 ਲੜਕੇ 2 ਲੜਕੀਆਂ ਪੈਦਾ ਹੋਈਆਂ। ਆਪਣੇ ਪੁੱਤਰ ਡਾ. ਦਲਜੀਤ ਸਿੰਘ ਨਾਲ 1968 ਵਿੱਚ ਪਟਿਆਲੇ ਆ ਕੇ ਗੁਰਮਤਿ ਕਾਲਜ ਪਟਿਆਲੇ ਗੁਰਬਾਣੀ ਪੜ੍ਹਾਉਣ ਲੱਗੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਨ੍ਹਾਂ ਨੂੰ 1971 ਵਿੱਚ ਡੀ ਲਿੱਟ ਦੀ ਡਿਗਰੀ ਦੇ ਕੇ ਮਾਣ ਬਖਸ਼ਿਆ। ਸਿੱਖ ਧਰਮ, ਗੁਰਬਾਣੀ, ਟੀਕਾਕਾਰੀ ਤੇ ਗੁਰਬਾਣੀ ਵਿਆਕਰਨ ਇਨ੍ਹਾਂ ਦੇ ਕਾਰਜ ਖੇਤਰ ਦੇ ਮੁੱਖ ਵਿਸ਼ੇ ਰਹੇ ਹਨ। ਗੁਰਬਾਣੀ ਵਿਆਕਰਨ ਇਨ੍ਹਾਂ 1932 ਵਿੱਚ ਪੂਰੀ ਕਰ ਲਈ ਸੀ ਇਸ ਬਦਲੇ ਇਨ੍ਹਾਂ ਨੂੰ 1000 ਰੁਪਏ ਇਨਾਮ ਵੀ ਮਿਲਿਆ ਸੀ।

ਮਹਾਨ ਕਾਰਜ

ਇਸ ਤੋਂ ਇਲਾਵਾ ਪ੍ਰੋ. ਸਾਹਿਬ ਸਿੰਘ ਨੇ ਗੁਰਬਾਣੀ ਦੀ ਟੀਕਾਕਾਰੀ ਲਈ ਆਪਣੀ ਜ਼ਿੰਦਗੀ ਦੇ ਅਣਮੁੱਲੇ ਵਰ੍ਹੇ ਲੇਖੇ ਲਾਏ। ਉਨ੍ਹਾਂ ਲਗਾਤਾਰ ਮਿਹਨਤ ਤੇ ਸਬਰ ਨਾਲ ਚੱਲਦਿਆਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ-10 ਜਿਲਦਾਂ ਦਾ ਮਹਾਨ ਕਾਰਜ ਕੀਤਾ, ਉਹ ਆਪਣੇ ਆਪ ਵਿੱਚ ਹੀ ਮਹਾਨ ਕਾਰਜ ਹੋ ਨਿੱਬੜਿਆ। ਇਨ੍ਹਾਂ ਦੀ ਟੀਕਾਕਾਰੀ ਦਾ ਵਿਸ਼ੇਸ਼ ਗੁਣ ਸੰਜਮ ਸੀ, ਜੋ ਟੀਕਾਕਾਰੀ ਦੀ ਇੱਕ ਵਿਸ਼ੇਸ਼ ਲੋੜ ਵੀ ਹੈ।

ਪ੍ਰੋ. ਸਾਹਿਬ ਸਿੰਘ ਜੀ ਨੇ ਆਪਣੇ ਜੀਵਨ ਕਾਲ ਵਿੱਚ 121 ਦੇ ਕਰੀਬ ਲੇਖ ਲਿਖੇ। ਇਨ੍ਹਾਂ ਨੇ ਸਵੈ-ਜੀਵਨੀ ‘ਮੇਰੀ ਜੀਵਨ ਕਹਾਣੀ’ ਲਿਖੀ ਜਿਸ ਵਿੱਚ ਆਪਣੀ ਜ਼ਿੰਦਗੀ ਦੇ ਸਾਰੇ ਪੱਖ ਬਿਲਕੁਲ ਸੱਚੇ ਲਿਖੇ। ਪ੍ਰੋ. ਸਾਹਿਬ ਸਿੰਘ ਦੀ ਮਹਾਨ ਸ਼ਖਸੀਅਤ ਬਾਰੇ ਜਿੰਨ੍ਹਾਂ ਵੀ ਲਿਖ ਸਕੀਏ ਉਨਾਂ ਹੀ ਥੋੜ੍ਹਾ ਕਿਉਂਕਿ ਉਨ੍ਹਾਂ ਨੇ ਜੋ ਕਾਰਜ ਕੀਤਾ ਉਹ ਕਿਸੇ ਸੰਸਥਾ ਦੇ ਕੀਤੇ ਕਾਰਜ ਤੋਂ ਵੀ ਵੱਡਾ ਹੈ।

ਪ੍ਰੋ. ਸਾਹਿਬ ਸਿੰਘ ਦਾ ਸਾਰਾ ਜੀਵਨ ਬਹੁਤ ਸਾਦਾ ਗੁਰਮਤਿ ਅਨੁਸਾਰ ਹੀ ਰਿਹਾ। ਆਪ ਜੀ ਨੇ ਗੁਰੂ ਪ੍ਰਤੀ ਸਮਰਪਿਤ ਹੋ ਕੇ ਹੀ 29 ਅਕਤੂਬਰ 1977 ਤੱਕ ਆਪਣੀ ਸਾਰੀ ਜ਼ਿੰਦਗੀ ਬਿਤਾਈ। ਪ੍ਰੋ. ਸਾਹਿਬ ਸਿੰਘ ਆਪਣੇ ਕੀਤੇ ਮਹਾਨ ਕਾਰਜਾਂ ਸਦਕਾ ਰਹਿੰਦੀ ਦੁਨੀਆਂ ਤੱਕ ਯਾਦ ਰਹਿਣਗੇ। ਲੋੜ ਹੈ ਉਨ੍ਹਾਂ ਦੀ ਮਹਾਨ ਸ਼ਖਸੀਅਤ ਤੇ ਉਹਨਾਂ ਦੀ ਜੀਵਨੀ ਤੇ ਉਹਨਾਂ ਦੇ ਚੰਗੇ ਗੁਣਾਂ ਨੂੰ ਮਨ ਵਿੱਚ ਵਸਾਈਏ।

ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਨਾ ਸਿੰਘ ਵਾਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ