ਖੇਤੀ ’ਚ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਕਿੰਨੀ ਸਹੀ?

Agriculture

ਖੇਤੀ ’ਚ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਕਿੰਨੀ ਸਹੀ?

ਦੇਸ਼ ਦੀ ਆਜ਼ਾਦੀ ਸਮੇਂ ਭਾਰਤ ਦੀ ਖੇਤੀਬਾੜੀ (Agriculture) ਪੱਛੜੀ ਹੋਈ ਹੋਣ ਦੇ ਨਾਲ-ਨਾਲ ਇਸ ਦੀ ਉਤਪਾਦਕਤਾ ਵੀ ਅਨਿਸ਼ਚਿਤ ਹੁੰਦੀ ਸੀ। ਆਜ਼ਾਦੀ ਤੋਂ ਬਾਅਦ ਦੇ ਤਕਰੀਬਨ ਪਹਿਲੇ ਪੰਦਰਾਂ ਸਾਲਾਂ ਦੌਰਾਨ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਵੱਖੋ-ਵੱਖ ਸਮੇਂ ਅਨਾਜ ਦੀ ਕਿੱਲਤ ਮਹਿਸੂਸ ਕੀਤੀ ਜਾਂਦੀ ਰਹੀ ਸੀ। ਸਰਕਾਰ ਨੂੰ ਲੋਕਾਂ ਦਾ ਢਿੱਡ ਭਰਨ ਲਈ ਵਿਦੇਸ਼ਾਂ ਤੋਂ ਅਨਾਜ ਮੰਗਵਾਉਣਾ ਪੈਂਦਾ ਸੀ। ਸੰਨ 1960-70 ਦੇ ਦਹਾਕੇ ਦੌਰਾਨ ਕਿਸਾਨਾਂ, ਸਰਕਾਰਾਂ ਅਤੇ ਖੇਤੀ ਵਿਗਿਆਨੀਆਂ ਵੱਲੋਂ ਕੀਤੀਆਂ ਗਈਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਆਈ ਹਰੀ ਕ੍ਰਾਂਤੀ ਤਹਿਤ ਖੇਤੀਬਾੜੀ ਦੇ ਢੰਗ-ਤਰੀਕਿਆਂ ਵਿਚ ਵੱਡੀਆਂ ਤਬਦੀਲੀਆਂ ਕੀਤੀਆਂ ਗਈਆਂ ਸਨ।

ਉਹ ਸਨ ਖੇਤੀਬਾੜੀ (Agriculture) ਵਿਚ ਤਕਨਾਲੋਜੀ ਦੀ ਵਰਤੋਂ, ਵਧੇਰੇ ਝਾੜ ਦੇਣ ਵਾਲੇ ਬੀਜਾਂ ਦਾ ਵਿਕਾਸ, ਮਸ਼ੀਨੀ ਸੰਦਾਂ ਦੀ ਵਰਤੋਂ, ਸਿੰਚਾਈ ਸਹੂਲਤਾਂ ਵਿਚ ਵਾਧਾ ਅਤੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਨਾ। ਹਰੀ ਕ੍ਰਾਂਤੀ ਲਿਆਉਣ ਵਿਚ ਜਿੱਥੇ ਖੇਤੀ ਯੂਨੀਵਰਸਿਟੀਆਂ ਅਤੇ ਖੇਤੀ ਵਿਗਿਆਨੀਆਂ ਦੀ ਅਹਿਮ ਭੂਮਿਕਾ ਰਹੀ, ਉੱਥੇ ਹੀ ਸਮੂਹ ਕਿਸਾਨਾਂ ਦਾ ਵੱਡਾ ਯੋਗਦਾਨ ਰਿਹਾ। ਹਰੀ ਕ੍ਰਾਂਤੀ ਨੇ ਜਿੱਥੇ ਇੱਕ ਪਾਸੇ ਦੇਸ਼ ਵਿਚ ਖ਼ੁਸ਼ੀ ਵਾਲਾ ਮਾਹੌਲ ਪੈਦਾ ਕੀਤਾ, ਦੂਜੇ ਪਾਸੇ ਖੇਤੀ ਵਿਚ ਲੋੜ ਤੋਂ ਵੱਧ ਵਰਤੇ ਜਾਂਦੇ ਰਸਾਇਣਾਂ ਨੇ ਸਾਡੇ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਵੀ ਕੀਤਾ ਹੈ। ਸੰਨ 1972 ਤੋਂ 1985 ਦੇ ਸਮੇਂ ਦੌਰਾਨ ਸਮੁੱਚੇ ਭਾਰਤ ਦੀ ਖੇਤੀ ਵਾਧਾ ਦਰ 2.3 ਫ਼ੀਸਦੀ ਰਹੀ ਸੀ ਜਦਕਿ ਪੰਜਾਬ ਵਿਚ ਖੇਤੀ ਵਾਧਾ ਦਰ 5.7 ਫ਼ੀਸਦੀ ਰਹੀ ਸੀ ਜੋ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ।

ਖੇਤੀਬਾੜੀ ਵਿਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬੇਹਿਸਾਬ ਵਰਤੋਂ

ਇਸ ਸਭ ਦੇ ਨਾਲ ਇੱਕ ਦੂਜਾ ਪਹਿਲੂ ਵੀ ਵਿਚਾਰਨ ਦੀ ਲੋੜ ਹੈ ਤੇ ਉਹ ਹੈ ਖੇਤੀਬਾੜੀ ਵਿਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਬੇਹਿਸਾਬ ਵਰਤੋਂ। ਤ੍ਰਾਸਦੀ ਇਹ ਹੈ ਕਿ ਪੰਜਾਬ ਵਿਚ ਭਾਰਤ ਦੇ ਬਾਕੀ ਹਿੱਸਿਆਂ ਨਾਲੋਂ ਸਭ ਤੋਂ ਵੱਧ ਰਸਾਇਣਕ ਖਾਦਾਂ ਵਰਤੀਆਂ ਜਾਂਦੀਆਂ ਹਨ। ਇੱਥੇ ਕਈ ਅਜਿਹੇ ਕੀਟਨਾਸ਼ਕ ਵੀ ਵਰਤੇ ਜਾਂਦੇ ਹਨ ਜਿਨ੍ਹਾਂ ਦੀ ਵਿਸ਼ਵ ਸਿਹਤ ਸੰਗਠਨ ਨੇ ਮਨਾਹੀ ਕੀਤੀ ਹੋਈ ਹੈ। ਪੰਜਾਬ ਵਿਚ ਪ੍ਰਤੀ ਹੈਕਟੇਅਰ ਖਾਦਾਂ ਦੀ ਔਸਤ ਵਰਤੋਂ 232 ਕਿੱਲੋ ਹੈ ਜੋ ਦੂਜੇ ਰਾਜਾਂ ਵਿਚ 133 ਕਿੱਲੋ ਪ੍ਰਤੀ ਹੈਕਟੇਅਰ ਹੈ।

ਕੀਟਨਾਸ਼ਕਾਂ ਦੀ ਬੇਹੱਦ ਵਰਤੋਂ ਜਿੱਥੇ ਇੱਕ ਪਾਸੇ ਕਿਸਾਨ ਦਾ ਖ਼ਰਚ ਵਧਾਉਂਦੀ ਹੈ, ਦੂਜੇ ਪਾਸੇ ਇਹ ਰਸਾਇਣ ਜ਼ਮੀਨ ਅੰਦਰਲੇ ਕਿਸਾਨ ਮਿੱਤਰ ਕੀਟਾਂ ਨੂੰ ਮਾਰ ਕੇ ਜ਼ਮੀਨ ਨੂੰ ਬੇਜਾਨ ਕਰਦੇ ਹਨ। ਰਸਾਇਣਾਂ ਦੀ ਬੇਤਹਾਸ਼ਾ ਵਰਤੋਂ ਕਰਨ ਕਾਰਨ ਇਹ ਸਾਡੀ ਜੀਵਨ ਪ੍ਰਣਾਲੀ ਦੇ ਜ਼ਰੂਰੀ ਹਿੱਸਿਆਂ ਜਿਵੇਂ ਕਿ ਭੋਜਨ, ਪਾਣੀ ਅਤੇ ਮਿੱਟੀ ਵਿਚ ਰਲ ਚੁੱਕੇ ਹਨ ਅਤੇ ਇਨ੍ਹਾਂ ਰਸਤੇ ਸਾਡੇ ਸਰੀਰ ਅੰਦਰ ਵੀ ਇਨ੍ਹਾਂ ਦਾ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਅਨੇਕਾਂ ਬਿਮਾਰੀਆਂ ਦਾ ਤੇਜ਼ੀ ਨਾਲ ਪਸਾਰਾ ਹੋ ਰਿਹਾ ਹੈ। ਇਸ ਲਈ ਇਹ ਸਮੇਂ ਦੀ ਲੋੜ ਹੈ ਕਿ ਖੇਤੀਬਾੜੀ ਵਿਚ ਖੇਤੀ ਵਿਗਿਆਨੀਆਂ ਵੱਲੋਂ ਤੈਅ ਕੀਤੇ ਮਾਪਦੰਡਾਂ ਅਨੁਸਾਰ ਹੀ ਰਸਾਇਣਾਂ ਦੀ ਵਰਤੋਂ ਕੀਤੀ ਜਾਵੇ।

ਪੇਸ਼ਕਸ਼: ਵਿਜੈ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ