ਅੰਨ, ਅਣਖ ਤੇ ਅਨੰਦ ਦਾ ਪ੍ਰਤੀਕ ਵਿਸਾਖੀ ਦਾ ਤਿਉਹਾਰ

ਅੰਨ, ਅਣਖ ਤੇ ਅਨੰਦ ਦਾ ਪ੍ਰਤੀਕ ਵਿਸਾਖੀ ਦਾ ਤਿਉਹਾਰ

ਭਾਰਤ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਇਨ੍ਹਾਂ ਦਾ ਮਨੁੱਖੀ ਜੀਵਨ ਨਾਲ ਅਨਿੱਖੜਵਾਂ ਸਬੰਧ ਹੈ। ਤਿਉਹਾਰ ਮਨੁੱਖੀ ਜੀਵਨ ’ਚ ਖ਼ੁਸੀਆਂ, ਖੇੜੇ ਤੇ ਉਤਸ਼ਾਹ ਭਰਦੇ ਹਨ। ਪੰਜਾਬੀ ਸੱਭਿਆਚਾਰ, ਇਤਿਹਾਸ ਤੇ ਧਾਰਮਿਕ ਵਿਰਸੇ ਨਾਲ ਜੁੜੇ ਮੇਲਿਆਂ ’ਚੋਂ ਵਿਸਾਖੀ ਦੇ ਤਿਉਹਾਰ ਦੀ ਅਹਿਮ ਥਾਂ ਹੈ। ਇਹ ਹਾੜੀ ਦੀ ਫ਼ਸਲ ਨਾਲ ਜੁੜਿਆ ਤਿਉਹਾਰ ਹੈ। ਖੇਤਾਂ ਵਿਚ ਪੱਕ ਚੁੱਕੀ ਸੋਨੇ ਰੰਗੀ ਕਣਕ ਦੀ ਫ਼ਸਲ ਨੂੰ ਦੇਖ ਕੇ ਕਿਸਾਨ ਆਪਣੇ ਸੁਪਨਿਆਂ ਨੂੰ ਹਕੀਕਤ ’ਚ ਤਬਦੀਲ ਹੁੰਦਿਆਂ ਮਹਿਸੂਸ ਕਰਦਾ ਹੈ। ਮੌਸਮ ਨਾਲ ਸਬੰਧਤ ਹੋਣ ਕਰਕੇ ਚਿਰਾਂ ਤੋਂ ਇਹ ਪੰਜਾਬੀਆਂ ਦਾ ਸਰਵ-ਸਾਂਝਾ ਤਿਉਹਾਰ ਹੈ।

ਵਿਸਾਖੀ ਸ਼ਬਦ ਵਿਸਾਖ ਤੋਂ ਬਣਿਆ ਹੈ। ਨਾਂਅ ਤੋਂ ਹੀ ਸਪੱਸ਼ਟ ਹੈ ਵਿਸਾਖੀ, ਦੇਸੀ ਮਹੀਨੇ ‘ਵਿਸਾਖ’ ਵਿਚ ਮਨਾਇਆ ਜਾਂਦਾ ਹੈ। ਵਿਸਾਖੀ ਦਾ ਨਾਂਅ ਸੁਣਦਿਆਂ ਹੀ ਦਿਮਾਗ਼ ’ਚ ਪੰਜਾਬ ਦਾ ਗਿੱਧਾ ਤੇ ਭੰਗੜਾ ਅੱਖਾਂ ਸਾਹਮਣੇ ਆ ਜਾਂਦਾ ਹੈ। ਸੂਰਜ ਦੇ ਹਿਸਾਬ ਨਾਲ ਵਿਸਾਖ ਮਹੀਨੇ ਦੇ ਪਹਿਲੇ ਦਿਨ ਵਿਸਾਖੀ ਮਨਾਉਣ ਦੀ ਰਵਾਇਤ ਚੱਲੀ ਆਉਂਦੀ ਹੈ। ਇਹ ਤਿਉਹਾਰ ਅਪਰੈਲ ਮਹੀਨੇ ਦੀ 13-14 ਤਰੀਕ ਨੂੰ ਮਨਾਇਆ ਜਾਂਦਾ ਹੈ। ਇਹ ‘ਸੌਰ ਵਰ੍ਹੇ’ ਦੇ ਆਰੰਭ ਦਾ ਵੀ ਪ੍ਰਤੀਕ ਹੈ। ਭਰਪੂਰ ਫ਼ਸਲ ਦੀ ਪ੍ਰਾਪਤੀ ਲਈ ਸ਼ੁਕਰਾਨੇ ਵਜੋਂ ਕਿਸਾਨ ਵਿਸਾਖੀ ਮਨਾਉਂਦੇ ਹਨ। ਢੋਲੀ ਢੋਲ ’ਤੇ ਡਗਾ ਮਾਰਦਾ ਹੈ ਤੇ ਸਾਰੇ ਨੱਚ ਕੇ ਅਨੰਦ ਮਾਣਦੇ ਹਨ। ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸ਼ਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ।

ਪੰਜਾਬੀ ਕਵੀ ਧਨੀ ਰਾਮ ਚਾਤਿ੍ਰਕ ਨੇ ‘ਵਿਸਾਖੀ ਦਾ ਮੇਲਾ’ ਕਵਿਤਾ ਵਿੱਚ ਪੰਜਾਬ ਦੀਆਂ ਫ਼ਸਲਾਂ ਅਤੇ ਸੱਭਿਆਚਾਰ ਦੇ ਰੰਗ ਨੂੰ ਇੰਝ ਬਿਆਨ ਕੀਤਾ ਹੈ:-

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਸੰਮਾਂ ਵਾਲੀ ਡਾਗਾਂ ਉੱਤੇ ਤੇਲ ਲਾਇਕੇ,
ਕੱਛੇਮਾਰ ਵੰਝਲੀ ਅਨੰਦ ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

ਵਿਸਾਖੀ ਦਾ ਤਿਉਹਾਰ ਕੇਵਲ ਪੰਜਾਬ ’ਚ ਹੀ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ’ਚ ਵੱਡੇ ਪੱਧਰ ’ਤੇ ਮਨਾਇਆ ਜਾਂਦਾ ਹੈ। ਇਸ ਦਿਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਮੇਲੇ ਲੱਗਦੇ ਹਨ ਅਤੇ ਲੋਕ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਸਮੇਤ ਇਨ੍ਹਾਂ ਮੇਲਿਆਂ ਦਾ ਅਨੰਦ ਮਾਣਦੇ ਹਨ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਵਿੱਚ ਪਵਿੱਤਰ ਸ਼ਹਿਰ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਖ-ਵੱਖ ਜਾਤਾਂ ਨਾਲ ਸਬੰਧਤ ਪੰਜ ਪਿਆਰਿਆਂ ਨੂੰ ਅੰਮਿ੍ਰਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ।

13 ਅਪਰੈਲ 1699 ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿਖੇ ਭਾਰੀ ਇਕੱਠ ਕਰਕੇ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਉਨ੍ਹਾਂ ਪੰਡਾਲ ’ਚੋਂ ਪੰਜ ਸਿਰਾਂ ਦੀ ਮੰਗ ਕੀਤੀ। ਪੰਜ ਸਿਦਕੀ ਯੋਧੇ ਭਾਈ ਦਇਆ ਰਾਮ, ਭਾਈ ਧਰਮ ਦਾਸ, ਭਾਈ ਮੋਹਕਮ ਚੰਦ, ਭਾਈ ਹਿੰਮਤ ਰਾਏ ਤੇ ਭਾਈ ਸਾਹਿਬ ਚੰਦ ਹਾਜ਼ਰ ਹੋਏ। ਉਨ੍ਹਾਂ ਪੰਜ ਪਿਆਰਿਆਂ ਨੂੰ ਅੰਮਿ੍ਰਤ ਛਕਾ ਕੇ ਅਤੇ ਉਨ੍ਹਾਂ ਹੱਥੋਂ ਖ਼ੁਦ ਅੰਮਿ੍ਰਤ ਛਕ ਕੇ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਣ ਕੇ ਖਾਲਸਾ ਪੰਥ ਦੀ ਨੀਂਹ ਰੱਖੀ। ਇਸ ਦਿਨ ਤੋਂ ਵਿਸਾਖੀ ਦਾ ਇਹ ਤਿਉਹਾਰ ਖ਼ਾਲਸਾ ਪੰਥ ਦੇ ਸਥਾਪਨਾ ਦਿਵਸ ਵਜੋਂ ਬੜੀ ਧੂਮ-ਧਾਮ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ।

ਸ੍ਰੀ ਗੁਰੂ ਅਮਰਦਾਸ ਜੀ ਨੇ 1539 ਈਸਵੀ ਨੂੰ ਵਿਸਾਖੀ ਦੇ ਸ਼ੁੱਭ ਦਿਹਾੜੇ ’ਤੇ ਹੀ ਗੋਇੰਦਵਾਲ ਸਾਹਿਬ ਵਿਖੇ ਜੋੜ ਮੇਲਾ ਕਰਨ ਦੀ ਰੀਤ ਸ਼ੁਰੂ ਕੀਤੀ ਸੀ। ਲੰਗਰ ਪ੍ਰਥਾ ਸ਼ੁਰੂ ਕਰ ਕੇ ਜਾਤ-ਪਾਤ ਨੂੰ ਦੂਰ ਕਰਨ ਦਾ ਸੁਨੇਹਾ ਦਿੱਤਾ। ਭਾਵੇਂ ਵਿਸਾਖੀ ਦੇ ਤਿਉਹਾਰ ਦਾ ਸਬੰਧ ਕਣਕ ਦੀ ਫ਼ਸਲ ਦੇ ਪੱਕਣ ਨਾਲ ਹੈ ਪਰ ਇਸ ਦੀ ਇਤਿਹਾਸਕ ਮਹਾਨਤਾ ਕਰਕੇ ਇਸ ਦਿਨ ਦਾ ਮਹੱਤਵ ਹੋਰ ਵਧ ਜਾਂਦਾ ਹੈ। ਇਸ ਦਿਨ ਲੋਕ ਗੁਰੂ ਘਰਾਂ ’ਚ ਮੱਥਾ ਟੇਕਦੇ ਹਨ ਅਤੇ ਗੁਰੂ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ। ਪੰਜਾਬ ਦੇ ਵੱਖ-ਵੱਖ ਗੁਰੂ ਘਰਾਂ ’ਚ ਧਾਰਮਿਕ ਸਮਾਗਮ ਅਤੇ ਨਗਰ ਕੀਰਤਨ ਵੀ ਸਜਾਏ ਜਾਂਦੇ ਹਨ। ਜਿਸ ’ਚ ਵੱਡੀ ਗਿਣਤੀ ’ਚ ਸੰਗਤਾਂ ਸ਼ਿਰਕਤ ਕਰਦੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦਿਨ ਦਸਤਾਰ ਦਿਵਸ ਵੀ ਮਨਾਇਆ ਜਾਂਦਾ ਹੈ।

ਦੇਸ਼ ਭਰ ਵਿਚ ਵਿਸਾਖੀ ਪੁਰਬ ਜਿੱਥੇ ਪ੍ਰਾਚੀਨ ਇਤਿਹਾਸ, ਨਵੀਂ ਫ਼ਸਲ ਦੀ ਆਮਦ ਤੇ ਖ਼ਾਲਸਾ ਪੰਥ ਦੇ ਸਥਾਪਨਾ ਨਾਲ ਸਬੰਧਤ ਹੋਣ ਕਰਕੇ ਮਨਾਇਆ ਜਾਂਦਾ ਹੈ, ਉੱਥੇ ਇਸ ਨਾਲ ਅੰਮਿ੍ਰਤਸਰ ਦੇ ਜਲ੍ਹਿਆਂਵਾਲਾ ਬਾਗ਼ ਦਾ ਸਾਕਾ ਵੀ ਜੁੜਿਆ ਹੋਇਆ ਹੈ। ਵਿਸਾਖੀ ਦਾ ਇਹ ਦਿਨ ਸਾਨੂੰ ਭਾਰਤ ਦੀ ਆਜ਼ਾਦੀ ਲਈ ਮਰ ਮਿਟਣ ਵਾਲ਼ੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀ ਯਾਦ ਦਿਵਾਉਂਦਾ ਹੈ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ। ਆਜ਼ਾਦੀ ਸੰਗਰਾਮ ’ਚ ਸ਼ਾਮਲ ਲੋਕ ਬਰਾਤਨਵੀ ਸਰਕਾਰ ਵੱਲੋਂ ਲਾਗੂ ਕੀਤੇ ਰੋਲਟ ਐਕਟ ਦੇ ਵਿਰੋਧ ਵਿਚ ਥਾਂ-ਥਾਂ ਜਨ-ਸਭਾਵਾਂ ਕਰ ਰਹੇ ਸਨ। ਅਜਿਹੀ ਹੀ ਇੱਕ ਜਨ-ਸਭਾ 13 ਅਪਰੈਲ 1919 ਨੂੰ ਸ਼ਾਮ 4 ਵਜੇ ਜਲ੍ਹਿਆਂਵਾਲਾ ਬਾਗ਼ ਵਿਚ ਰੱਖੀ ਗਈ ਸੀ।

ਇੱਥੇ ਜੁੜੇ ਲੋਕ ਆਪਣੇ ਆਗੂਆਂ ਡਾ. ਸੈਫ਼-ਉਦ-ਦੀਨ ਕਿਚਲੂ ਤੇ ਡਾ. ਸੱਤਿਆਪਾਲ ਦੀ ਗਿ੍ਰਫ਼ਤਾਰੀ ਦਾ ਵਿਰੋਧ ਕਰ ਰਹੇ ਸਨ। ਬਾਗ਼ ਵਿਚ ਜਾਣ ਤੇ ਬਾਹਰ ਨਿੱਕਲਣ ਲਈ ਸਿਰਫ਼ ਇੱਕ ਛੋਟਾ ਤੇ ਤੰਗ ਰਸਤਾ ਸੀ। ਇਸ ਮੌਕੇ ਬਰਤਾਨਵੀ ਸਰਕਾਰ ਵੱਲੋਂ ਜਨਰਲ ਡਾਇਰ ਨੂੰ ਕਮਾਂਡ ਸੰਭਾਲੀ ਗਈ ਸੀ। ਜਨਰਲ ਡਾਇਰ ਨੇ ਜਲ੍ਹਿਆਂਵਾਲਾ ਬਾਗ਼ ਵਿਖੇ ਹੋਣ ਵਾਲੇ ਜਲਸੇ ਉੱਪਰ ਪਾਬੰਦੀ ਲਾ ਦਿੱਤੀ। ਜਦੋਂ 4 ਵਜੇ ਵੱਡੀ ਗਿਣਤੀ ਵਿਚ ਲੋਕ ਜਲ੍ਹਿਆਂਵਾਲਾ ਬਾਗ਼ ਵਿਚ ਪਹੁੰਚ ਚੁੱਕੇ ਸਨ ਤਾਂ ਬਿਨਾਂ ਕਿਸੇ ਭੜਕਾਹਟ ਤੇ ਚਿਤਾਵਨੀ ਦੇ ਜਨਰਲ ਡਾਇਰ ਨੇ ਅੰਗਰੇਜ਼ ਸਰਕਾਰ ਵਿਰੁੱਧ ਲੋਕਾਂ ਵਿਚ ਉੱਠ ਰਹੀ ਵਿਰੋਧ ਦੀ ਲਾਟ ਨੂੰ ਬੁਝਾਉਣ ਤੇ ਆਜ਼ਾਦੀ ਸੰਗਰਾਮ ’ਚ ਸ਼ਾਮਲ ਲੋਕਾਂ ਨੂੰ ਡਰਾਉਣ-ਧਮਕਾਉਣ ਦੇ ਮਕਸਦ ਨਾਲ ਇਕੱਤਰ ਲੋਕਾਂ ’ਤੇ ਅੰਨ੍ਹੇਵਾਹ ਗੋਲੀਆਂ ਦਾ ਮੀਂਹ ਵਰ੍ਹਾ ਕੇ ਅਣਗਿਣਤ ਲੋਕਾਂ ਨੂੰ ਮਾਰ ਦਿੱਤਾ। ਕਈ ਲੋਕਾਂ ਨੇ ਖੂਹ ਵਿਚ ਛਾਲ ਮਾਰ ਦਿੱਤੀ।

ਇਸੇ ਲਈ ਜਲ੍ਹਿਆਂਵਾਲਾ ਬਾਗ਼ ਵਿਚ ਬਣੇ ਖੂਹ ਨੂੰ ‘ਖ਼ੂਨੀ ਖੂਹ’ ਵੀ ਕਿਹਾ ਜਾਂਦਾ ਹੈ। ਅੱਜ ਵੀ ਜਲ੍ਹਿਆਂਵਾਲਾ ਬਾਗ਼ ਵਿਚ ਗੋਲੀਆਂ ਦੇ ਨਿਸ਼ਾਨ ਹਨ। ਇਸ ਕਰਕੇ ਅੰਮਿ੍ਰਤਸਰ ਵਿਚ ਮਨਾਏ ਜਾਂਦੇ ਵਿਸਾਖੀ ਪੁਰਬ ਨੂੰ ਉਸ ‘ਖ਼ੂਨੀ ਸਾਕੇ’ ਦੀ ਯਾਦ ਵਜੋਂ ਵੀ ਮਨਾਇਆ ਜਾਂਦਾ ਹੈ। ਇਸ ਖ਼ੂਨੀ ਕਾਂਡ ’ਚ ਸ਼ਹੀਦ ਹੋਏ ਲੋਕਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਪ੍ਰਣ ਕਰੀਏ ਕਿ ਅਜਿਹੇ ਗ਼ੈਰ-ਮਨੁੱਖੀ ਕਾਰੇ ਇਸ ਧਰਤੀ ’ਤੇ ਮੁੜ ਕਦੇ ਨਾ ਵਾਪਰਨ। ਇਸ ਖ਼ੂਨੀ ਕਾਰੇ ਦਾ ਬਦਲਾ ਸ਼ਹੀਦ ਊਧਮ ਸਿੰਘ ਨੇ ਪੰਜਾਬ ਦੇ ਉਸ ਵੇਲੇ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਨੂੰ ਇੰਗਲੈਂਡ ’ਚ ਮਾਰ ਕੇ ਲਿਆ।

ਜੇਕਰ ਗੱਲ ਤਿਉਹਾਰਾਂ ਦੀ ਕਰੀਏ ਤਾਂ?ਇਹ ਸਾਡੀ ਜਿੰਦਗੀ ਵਿਚ ਅਹਿਮ ਸਥਾਨ ਰੱਖਦੇ ਹਨ ਤਿਉਹਾਰਾਂ ਤੋਂ ਹੀ ਸਾਨੂੰ ਪਤਾ ਲੱਗਦਾ ਹੈ?ਕਿ ਸਾਡੇ ਪੁਰਖਿਆਂ ਨੇ ਕਿਸ ਤਰ੍ਹਾਂ ਦਾ ਜੀਵਨ ਜੀਵਿਆ ਹੈ ਅਤੇ ਉਨ੍ਹਾਂ?ਨੇ ਕਿਸ ਤਰ੍ਹਾਂ ਦੇ ਕੰਮ ਕੀਤੇ ਹਨ ਤਿਉਹਾਰ ਉਨ੍ਹਾਂ ਦੀ ਯਾਦ ਨੂੰ ਵੀ ਤਾਜ਼ਾ ਕਰਦੇ ਹਨ ਅਤੇ ਸਾਡੇ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਂਦੀ ਹੈ ਤਿਉਹਾਰਾਂ ਨੂੰ?ਮਨਾਉਣ ਦਾ ਅਸਲ ਮਨੋਰਥ ਤਾਂ ਹੀ ਸਾਰਥਿਕ ਹੋ ਸਕਦਾ ਹੈ?ਜੇਕਰ ਅਸੀਂ ਆਪਣੇ ਅਤੀਤ ਤੋਂ ਪ੍ਰੇਰਣਾ ਲੈ ਕੇ ਆਪਣੇ ਵਰਤਮਾਨ ਵਿਚ ਕੁਝ ਸੁਧਾਰ ਕਰ ਸਕੀਏ
ਗੰਢੂਆਂ, ਸੰਗਰੂਰ
ਮੋ. 81468-59585
ਰਾਜਿੰਦਰ ਰਾਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.