ਪਟਾਕਿਆਂ ਦਾ ਭਰਿਆ ਕੈਂਟਰ ਪਹਿਲਾਂ ਪੁਲਿਸ ਨੇ ਤੇ ਫ਼ਿਰ ਲੋਕਾਂ ਕੀਤਾ ਕਾਬੂ

Police, Firecrackers, Canter

ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ, ਮਾਲ ਦੇ ਅਸਲ ਮਾਲਕ ਖ਼ਿਲਾਫ਼ ਕੋਈ ਕਾਰਵਾਈ ਨਹੀਂ

ਸਮਾਣਾ, (ਸੁਨੀਲ ਚਾਵਲਾ) ਸਮਾਣਾ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਇੱਕ ਆਤਿਸ਼ਬਾਜ਼ੀ ਦਾ ਭਰਿਆ ਕੈਂਟਰ ਫੜਿਆ ਪ੍ਰੰਤੂ ਇਸ ਦੇ ਬਾਜਵੂਦ ਜਦੋਂ ਕੈਂਟਰ ਚਾਲਕ ਪੁਲਿਸ ਚੌਂਕੀ ਕੋਲ ਕੈਂਟਰ ਖੜ੍ਹਾ ਕਰ ਰਿਹਾ ਸੀ ਤਾਂ ਅਚਾਨਕ ਉਸਨੇ ਮੌਕੇ ਦਾ ਫਾਇਦਾ ਚੁਕਦਿਆਂ ਆਪਣਾ ਕੈਂਟਰ ਭਜਾ ਲਿਆ ਪ੍ਰੰਤੂ ਲੋਕਾਂ ਦੀ ਮੁਸਤੈਦੀ ਕਾਰਨ ਕੁਝ ਲੋਕਾਂ ਨੇ ਕੈਂਟਰ ਦਾ ਪਿੱਛਾ ਕਰਕੇ ਕੈਂਟਰ ਚਾਲਕ ਨੂੰ ਮੁੜ ਪੁਲਿਸ ਚੌਂਕੀ ਆਪਣਾ ਕੈਂਟਰ ਲਿਆਉਣ ਲਈ ਮਜ਼ਬੂਰ ਕਰ ਦਿੱਤਾ ।

ਪੁਲਿਸ ਨੇ ਕੈਂਟਰ ਚਾਲਕ ਖ਼ਿਲਾਫ਼ ਆਈਪੀਸੀ ਦੀ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਹੈ ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਨੇ ਕੇਵਲ ਕੈਂਟਰ ਚਾਲਕ ਖ਼ਿਲਾਫ਼ ਹੀ ਮਾਮਲਾ ਦਰਜ ਕੀਤਾ ਹੈ ਜਦੋਂ ਕਿ ਆਤਿਸ਼ਬਾਜੀ ਦੇ ਅਸਲੀ ਮਾਲਕ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਕੀਤਾ  ਜਾਣਕਾਰੀ ਅਨੁਸਾਰ ਸਿਟੀ ਪੁਲਿਸ ਦੇ ਏਐਸਆਈ ਬਲਵਿੰਦਰ ਸਿੰਘ ਨੇ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਪੁਲਿਸ ਪਾਰਟੀ ਸਮੇਤ ਸਥਾਨਕ ਸਹਿਜਪੁਰਾ ਚੌਂਕ ਵਿਖੇ ਨਾਕਾਬੰਦੀ ਕਰਕੇ ਭਵਾਨੀਗੜ੍ਹ ਵੱਲੋਂ ਆਉਂਦੇ ਕੈਂਟਰ ਨੰਬਰ ਪੀਬੀ 13ਬੀ 1427 ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਹ ਆਤਿਸ਼ਬਾਜ਼ੀ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ।

ਪੁਲਿਸ ਨੇ ਟੈਂਪੂ ਚਾਲਕ ਬੱਬੂ ਪੁੱਤਰ ਸਤਿਗੁਰੂ ਸਿੰਘ ਵਾਸੀ ਸੀਤਾ ਗੀਤਾ ਗਲੀ ਸਮਾਣਾ ਨੂੰ ਬਿਨਾਂ ਲਾਇਸੈਂਸ, ਬਿਨਾਂ ਪਰਮਿਟ ਆਪਣੀ ਗੱਡੀ ਵਿੱਚ ਪਟਾਕੇ ਲੈ ਕੇ ਜਾਣ ਦੇ ਮਾਮਲੇ ‘ਚ ਧਾਰਾ 188 ਤਹਿਤ ਮਾਮਲਾ ਦਰਜ ਕਰ ਲਿਆ ਇੱਥੇ ਇਹ ਵੀ ਦੱਸ ਦਈਏ ਕਿ ਜਦੋਂ ਪੁਲਿਸ ਉਕਤ ਕੈਂਟਰ ਨੂੰ ਫੜ ਕੇ ਚੌਂਕੀ ਲੈ ਕੇ ਆਈ ਤਾਂ ਕੈਂਟਰ ਚਾਲਕ ਕੈਂਟਰ ਨੂੰ ਠੀਕ ਕਰਕੇ ਲਗਾਉਣ ਦਾ ਬਹਾਨਾ ਬਣਾ ਕੇ ਕੈਂਟਰ ਨੂੰ ਭਜਾ ਲੈ ਗਿਆ ਪ੍ਰੰਤੂ ਲੋਕਾਂ ਨੇ ਉਸਦਾ ਕਾਫ਼ੀ ਦੂਰ ਤੱਕ ਪਿੱਛਾ ਕੀਤਾ, ਜਿਸ ਕਾਰਨ ਉਸਨੂੰ ਮਜ਼ਬੂਰਨ ਆਪਣਾ ਕੈਂਟਰ ਮੁੜ ਚੌਂਕੀ ਲਿਆ ਕੇ ਖੜ੍ਹਾ ਕਰਨਾ ਪਿਆ ਇੱਥੇ ਇਹ ਵੀ ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਨੇ ਪਟਾਕੇ ਲੈ ਕੇ ਆ ਰਹੇ ਗੱਡੀ ਚਾਲਕ ਖ਼ਿਲਾਫ਼ ਤਾਂ ਮਾਮਲਾ ਦਰਜ ਕਰ ਲਿਆ ਪ੍ਰੰਤੂ ਜਿਸ ਦੁਕਾਨਦਾਰ ਦੇ ਇਹ ਪਟਾਕੇ ਸਨ ਉਸ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਉਸ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ ਗਿਆ ਇਸ ਬਾਰੇ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।