ਸ਼ਾਨੋ-ਸ਼ੌਕਤ ਨਾਲ ਸੰਪੂਰਨ ਹੋਈ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ, ਕੋਟਕਪੂਰਾ ਦੀ 41ਵੀਂ ਸਾਲਾਨਾ ਐਥਲੈਟਿਕ ਮੀਟ

(ਅਜੈ ਮਨਚੰਦਾ) ਕੋਟਕਪੂਰਾ l ਸਥਾਨਕ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ, ਕੋਟਕਪੂਰਾ ਵਿਖੇ ਕਾਲਜ ਦੀ 41ਵੀਂ ਸਲਾਨਾ ਐਥਲੈਟਿਕ ਮੀਟ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰੀਸ਼ ਸ਼ਰਮਾ ਦੀ ਯੋਗ ਅਗਵਾਈ ਹੇਠ, ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਸਤਨਾਮ ਸਿੰਘ ਦੇ ਉੱਦਮ ਸਦਕਾ ਸਫਲਤਾਪੂਰਵਕ ਸੰਪੰਨ ਹੋਈ। ਇਸ ਖੇਡ ਸਮਾਰੋਹ ਦਾ ਉਦਘਾਟਨ ਸ਼੍ਰੀਮਤੀ ਬਿੰਦਰ ਕੌਰ ਰਿਟਾ. ਲੈਕਚਰਾਰ ਸਰੀਰਿਕ ਸਿੱਖਿਆ ਜੀ ਨੇ ਆਪਣੇ ਕਰ-ਕਮਲਾਂ ਨਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤਾ। ਉਦਘਾਟਨ ਸਮਾਰੋਹ ਸਮੇਂ ਕਾਲਜ ਦੇ ਵਿਦਿਆਰਥੀਆਂ ਨੇ ਮਾਰਚ ਪਾਸਟ, ਮਸ਼ਾਲ ਅਤੇ ਖੇਡ ਦੀ ਭਾਵਨਾ ਨਾਲ ਭਾਗ ਲੈਣ ਦੀ ਸਹੁੰ ਚੁੱਕੀ। ਪ੍ਰੋਗਰਾਮ ਦਾ ਆਗਾਜ਼ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਰੰਗਾ-ਰੰਗ ਸਭਿਆਚਾਰਕ ਮਲਵਈ ਗਿੱਧਾ ਪੇਸ਼ ਕਰਕੇ ਕੀਤਾ ਗਿਆ। ਇਸ ਖੇਡ ਸਮਾਰੋਹ ਵਿੱਚ ਸਾਬਕਾ ਐਮ.ਪੀ. ਪ੍ਰੋਫੈਸਰ ਸਾਧੂ ਸਿੰਘ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੀ ਸ਼ਾਨ ਨੂੰ ਚਾਰ-ਚੰਨ ਲਗਾਉਣ ਲਈ ਇਲਾਕੇ ਦੀਆਂ ਸਨਮਾਨਿਤ ਸਖਸ਼ੀਅਤਾਂ ਉਲੰਪੀਅਨ ਤਰਲੋਕ ਸਿੰਘ ਸੰਧੂ, ਸ੍ਰ. ਦਰਸ਼ਨ ਸਿੰਘ ਸੰਧੂ, ਸ਼੍ਰੀ ਬੀ.ਡੀ. ਸ਼ਰਮਾ, ਸ਼੍ਰ. ਮੱਘਰ ਸਿੰਘ ਸਿੱਧੂ, ਸ੍ਰ. ਦਲਵੀਰ ਸਿੰਘ, ਮੌਜੂਦਾ ਪ੍ਰਿੰਸੀਪਲ ਪ੍ਰੋ. ਸਤਵੰਤ ਕੌਰ, ਸਰਕਾਰੀ ਕਾਲਜ ਸ਼੍ਰੀ ਮੁਕਤਸਰ ਸਾਹਿਬ, ਮੌਜੂਦਾ ਪ੍ਰਿੰਸੀਪਲ ਸ਼੍ਰੀ ਦੀਪਕ ਚੋਪੜਾ, ਸਰਕਾਰੀ ਬ੍ਰਿੰਜਿਦਰਾ ਕਾਲਜ, ਫਰੀਦਕੋਟ, ਡਾ. ਜਯੋਤਸਨਾ, ਉੱਘੇ ਖੇਡ ਪ੍ਰੇਮੀ ਸ੍ਰ. ਜੱਗਾ ਸਿੰਘ. ਰਿਟਾ. ਪ੍ਰੋਫੈਸਰ ਹਰਬੰਸ ਸਿੰਘ ਪਦਮ, ਪ੍ਰੋ. ਰੌਸ਼ਨ ਲਾਲ, ਪ੍ਰੋ. ਫੂਲਜੀਤ ਕੌਰ, ਪ੍ਰੋ. ਅਰੁਣਾ ਰੰਦੇਵ ਆਦਿ ਨੇ ਸ਼ਿਰਕਤ ਕੀਤੀ।

ਇਸ ਖੇਡ ਸਮਾਰੋਹ ਵਿੱਚ ਜੇਤੂ ਖਿਡਾਰੀਆਂ ਨੂੰ ਦੇਸੀ ਘਿਓ, ਬਦਾਮ ਅਤੇ ਦੁੱਧ ਵਰਗੇ ਇਨਾਮਾਂ ਨਾਲ ਵੀ ਨਿਵਾਜਿਆ ਗਿਆ। ਇਸ ਪ੍ਰੋਗਰਾਮ ਨੂੰ ਨੇਪਰੇ ਚੜਾਉਣ ਲਈ ਪ੍ਰੋ.ਗੁਰਪਿੰਦਰ ਸਿੰਘ ਅਤੇ ਪ੍ਰੋ. ਹਰਜਿੰਦਰ ਸਿੰਘ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਪ੍ਰਿੰਸੀਪਲ ਸਤਵੰਤ ਕੌਰ ਜੀ ਅਤੇ ਕਾਲਜ ਦੇ ਵਿਦਿਆਰਥੀ ਸਨਾਵਰ ਸ਼ੈਰੀ ਨੇ ਆਪਣੀ ਬੁਲੰਦ ਅਵਾਜ਼ ਵਿੱਚ ‘ ਮਿਰਜਾ ’ ਗਾ ਕੇ ਰੰਗ ਬੰਨ ਦਿੱਤਾ। ਇਸ ਤੋਂ ਇਲਾਵਾ ਰਿਟਾ. ਪ੍ਰੋ. ਫੂਲਜੀਤ ਕੌਰ ਨੇ ਕਾਲਜ ਸਬੰਧੀ ਇੱਕ ਕਵਿਤ ਪੇਸ਼ ਕੀਤੀ ਅਤੇ ਰਿਟਾ. ਪ੍ਰੋ. ਅਰੁਣਾ ਰੰਦੇਵ ਜੀ ਨੇ ਗਾਣਾ ਗਾ ਕੇ ਸੁਣਿਆ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਸੁਰਜੀਤ ਸਿੰਘ ਅਤੇ ਕਾਰਜਕਾਰੀ ਪ੍ਰਿੰਸੀਪਲ ਡਾ. ਹਰੀਸ਼ ਸ਼ਰਮਾ ਜੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ, ਸ਼ਾਲਾ, ਫੁਲਕਾਰੀਆਂ ਅਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਖੇਡ ਸਮਾਰੋਹ ਦੌਰਾਨ ਜਿੱਥੇ ਵੱਖ-ਵੱਖ ਇਵੈਂਟਾਂ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਦਿੱਤੇ ਗਏ, ਉਥੇ ਹੀ ਸਰਵੋਤਮ ਮੇਲ ਅਥਲੀਟ ਨਵਜੋਤ ਸਿੰਘ ਅਤੇ ਸਰਵੋਤਮ ਫੀਮੇਲ ਅਥਲੀਟ ਅਨੀਤਾ ਨੂੰ ਟਰੌਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ।

ਸਮਾਪਤੀ ਸਮਾਰੋਹ ਸਮੇਂ ਅੰਤਰਜੋਨਲ ਯੂਥ ਫੈਸਟੀਵਲ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੋਲਡ ਮੈਡਲ ਪ੍ਰਾਪਤ ਕਰਤਾ ਗਿੱਧਾ ਟੀਮ, ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਨੇ ਗੁੱਡੀ-ਪਟੋਲਿਆਂ ਵਾਲੀ ‘ ਗੁੱਡੀ-ਫੂਕਣ ’ ਦਾ ਗਿੱਧਾ ਪੇਸ਼ ਕਰਕੇ ਇੰਦਰ ਦੇਵਤਾ ਅੱਗੇ ਕੀਤੀਆਂ ਜਾਣ ਵਾਲੀਆਂ ਅਰਜੋਈਆਂ ਪੇਸ਼ ਕਰਦਿਆ ਖੂਬ ਰੰਗ ਬੰਨ੍ਹਿਆ ਅਤੇ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਇਸ ਦੌਰਾਨ ਸਟੇਜ਼ ਸੰਚਾਲਨ ਦੀ ਭੂਮਿਕਾ ਕੰਪਿਊਟਰ ਵਿਭਾਗ ਦੇ ਪ੍ਰੋਫੈਸਰ ਹਰਪ੍ਰੀਤ ਸਿੰਘ ਦੁਆਰਾ ਬਾਖੂਬੀ ਨਿਭਾਈ ਗਈ। ਪ੍ਰੋਗਰਾਮ ਦੀ ਸਮਾਪਤੀ ਦੀ ਘੋਸ਼ਣਾ ਸ੍ਰ. ਰਣਜੀਤ ਸਿੰਘ ਰਾਣਾ ‘ ਆਸਟ੍ਰੇਲੀਆ ’ ਵੱਲੋਂ ਕੀਤੀ ਗਈ। ਅੰਤ ਵਿੱਚ ਸਮੂਹ ਹਾਜ਼ਰੀਨਾਂ ਵੱਲੋਂ ‘ ਰਾਸ਼ਟਰੀ ਗਾਣ ’ ਗਾ ਕੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ