ਉੱਤਰੀ ਭਾਰਤ ‘ਚ ਉੱਠੇ ਗੁਬਾਰ ਕਾਰਨ ਪੰਜਾਬ ਦੀ ਆਬੋ-ਹਵਾ ਹੋਈ ਪਲੀਤ

Northern, India, Punjab, Pollution

ਆਬੋ ਹਵਾ ਦੀ ਗੁਣਵੱਤਾ ਦਾ ਮਿਆਰ ਲਗਾਤਾਰ ਨਿਘਾਰ ਵੱਲ

  • ਧੂੜ ਭਰੀ ਹਨ੍ਹੇਰੀ ਤੋਂ ਬਚਣ ਲਈ ਲੋਕ ਘਰ ਰਹਿਣ ਨੂੰ ਹੀ ਦੇ ਰਹੇ ਨੇ ਤਰਜੀਹ

ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਪਿਛਲੇ ਦੋ ਦਿਨਾਂ ਤੋਂ ਧੂੜ ਦੇ ਉÎੱਠੇ ਵੱਡੇ ਗੁਬਾਰ ਨੇ ਉੱਤਰੀ ਭਾਰਤ ਨੂੰ ਬੇਹਾਲ ਕਰ ਕੇ ਰੱਖ ਦਿੱਤਾ ਹੈ। ਆਲਮ ਇਹ ਹੈ ਕਿ ਆਸਮਾਨ ਤੋਂ ਉੱਡ ਰਹੀ ਧੂੜ ਮਿੱਟੀ ਮਨੁੱਖੀ ਜਿੰਦਗੀਆਂ ਲਈ ਖਤਰਾ ਬਣ ਰਹੀ ਹੈ। ਇੱਧਰ ਪੰਜਾਬ ਦੀ ਆਬੋ-ਹਵਾ ਦੀ ਗੁਣਵੱਤਾ ਲਗਾਤਾਰ ਨਿਘਾਰ ਵੱਲ ਜਾ ਰਹੀ ਹੈ ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਲੋਕਾਂ ਨੂੰ ਇਸ ਧੂੜ ਮਿੱਟੀ ਤੋਂ ਬਚਣ ਲਈ ਘਰ ‘ਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ ਗਰਮੀ ਕਾਰਨ ਹਵਾ ਦੇ ਦਬਾਅ ਵਿੱਚ ਆਈ ਕਮੀ ਕਾਰਨ ਰਾਜਸਥਾਨ ਅਤੇ ਲਾਗਲੇ ਮਾਰਥੂਲਾਂ ਤੋਂ ਧੂੜ ਭਰੀਆਂ ਤੇਜ਼ ਹਵਾਵਾਂ ਦਾ ਪੰਜਾਬ ਸਮੇਤ ਉÎੱਤਰੀ ਭਾਰਤ ਵੱਲ ਆਉਣਾ ਲਗਾਤਾਰ ਜਾਰੀ ਹੈ। ਇਨ੍ਹਾਂ ਧੂੜ ਭਰੀਆਂ ਹਵਾਵਾਂ ਕਾਰਨ ਪੰਜਾਬ ਦੀ ਆਬੋ-ਹਵਾ ਬੁਰੀ ਤਰ੍ਹਾਂ ਪਲੀਤ ਹੋ ਚੁੱਕੀ ਹੈ ਤੇ ਗੁਣਵੱਤਾ ਵਿੱਚ ਵੱਡਾ ਨਿਘਾਰ ਦੇਖਣ ਨੂੰ ਮਿਲਿਆ ਹੈ।

ਹਵਾ ਗੁਣਵੱਤਾ ਮਿਆਰ ਸੂਚਕ ਅੰਕ ਲੁਧਿਆਣਾ 443, ਅੰਮ੍ਰਿਤਸਰ 454, ਮੰਡੀ ਗੋਬਿੰਦਗੜ੍ਹ 440, ਖੰਨਾ 389, ਪਟਿਆਲਾ 403 ਤੇ ਰੂਪਨਗਰ 417 ਤੱਕ ਪਹੁੰਚ ਗਿਆ ਹੈ। ਉਂਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਆਮ ਤੌਰ ‘ਤੇ ਹਵਾ ਦਾ ਮਿਆਰ ਸੂਚਕ ਅੰਕ ਘੱਟ ਤੋਂ ਘੱਟ 50 ਤੇ 100 ਦੇ ਵਿਚਕਾਰ ਹੋਣ ਚਾਹੀਦਾ ਹੈ। ਇੱਧਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਕਹਿਣਾ ਹੈ ਕਿ ਇਸ ਧੂੜ ਮਿੱਟੀ ਕਾਰਨ ਉਸਾਰੀ ਅਤੇ ਇਸ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਤੁਰੰਤ ਬੰਦ ਕੀਤੀਆਂ ਜਾਣ ਤੇ ਮਿੱਟੀ ਤੇ ਰੇਤਾ ਆਦਿ ਖੁੱਲ੍ਹੇ ਟਰੱਕਾਂ, ਟਰਾਲੀਆਂ ‘ਚ ਨਾ ਲਿਜਾਇਆ ਜਾਵੇ। ਇਸ ਤੋਂ ਇਲਾਵਾ ਖਿਡਾਰੀਆਂ, ਦੌੜਾਕਾਂ, ਸੈਰ ਕਰਨ ਵਾਲਿਆਂ ਅਤੇ ਬਜ਼ੁਰਗਾਂ ਨੂੰ ਕੋਈ ਕਸਰਤ ਅਤੇ ਸੈਰ ਆਦਿ ਕਰਨ ਤੋਂ ਅਜੇ ਪਾਸਾ ਵੱਟ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਹ, ਦਮੇ, ਦਿਲ, ਅੱਖਾਂ ਤੇ ਛਾਤੀ ਦੇ ਰੋਗਾਂ ਦੇ ਮਰੀਜ਼ਾਂ ਸਮੇਤ ਛੋਟੇ ਬੱਚਿਆਂ ਨੂੰ ਬਾਹਰ ਖੇਡਣ ਦੀ ਬਜਾਏ ਘਰ ‘ਚ ਹੀ ਰਹਿਣਾ ਚਾਹੀਦਾ ਹੈ।

ਆਮ ਲੋਕ ਖੁੱਲ੍ਹੇ ਟਰੱਕਾਂ, ਟਰਾਲੀਆਂ ਆਦਿ ਵਿੱਚ ਲੰਮੇ ਸਫ਼ਰ ਕਰਨ ਤੋਂ ਗੁਰੇਜ਼ ਕਰਨ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਮੌਸਮ ਵਿਭਾਗ ਅਨੁਸਾਰ ਪੱਛਮੀ ਹਵਾਵਾਂ ਤੇਜ਼ੀ ਨਾਲ ਉÎੱਤਰੀ ਭਾਰਤ ਪਹੁੰਚ ਰਹੀਆਂ ਹਨ ਤੇ ਇੱਕ-ਦੋ ਦਿਨ ਵਿੱਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਮੀਂਹ ਤੋਂ ਬਿਨਾਂ ਇਸ ਗਰਦ-ਗੁਬਾਰ ‘ਤੇ ਕਾਬੂ ਪਾਉਣਾ ਮੁਸ਼ਕਲ ਹੈ।

ਧੂੜ-ਮਿੱਟੀ ਨੇ ਲੋਕਾਂ ਦੇ ਘਰ ਭਰੇ

ਇਸ ਧੂੜ ਮਿੱਟੀ ਨੇ ਬਾਹਰ ਗਰਦ ਗੁਬਾਰ ਦੇ ਨਾਲ ਹੀ ਲੋਕਾਂ ਦੇ ਘਰਾਂ ਵਿੱਚ ਵੀ ਧੂੜ ਭਰ ਦਿੱਤੀ ਹੈ। ਬੰਦ ਕਮਰਿਆਂ ਵਿੱਚ ਵੀ ਸਾਫ਼ ਸਫਾਈ ਕਰਨ ਤੋਂ ਬਾਅਦ ਇਹ ਧੂੜ ਚੀਜ਼ਾਂ ‘ਤੇ ਜਮ ਰਹੀ ਹੈ, ਜਿਸ ਕਾਰਨ ਔਰਤਾਂ ਨੂੰ ਸਫਾਈ ਲਈ ਜੱਦੋਂ ਜਹਿਦ ਕਰਨੀ ਪੈ ਰਹੀ ਹੈ। ਆਸਮਾਨ ਤੋਂ ਇਹ ਧੂੜ ਧੁੰਦ ਵਾਂਗ ਡਿੱਗ ਰਹੀ ਹੈ ਤੇ ਮੋਟਰਸਾਈਕਲਾਂ ਰਾਹੀਂ ਸਫ਼ਰ ਕਰਨ ਵਾਲੇ ਲੋਕਾਂ ਦੇ ਚਿਹਰਿਆਂ ਤੇ ਕੱਪੜਿਆਂ ਨੂੰ ਭਰ ਰਹੀ ਹੈ।