ਮਸਲਿਆਂ ਦਾ ਹੱਲ ਨਾ ਹੋਣ ‘ਤੇ ਅਧਿਆਪਕਾਂ ਵੱਲੋਂ ਕਾਲੀ ਦੀਵਾਲੀ ਮਨਾਉਣ ਦੀ ਚਿਤਾਵਨੀ

Celebrating, Black, Diwali, Teachers

ਸਿੱਖਿਆ ਸਕੱਤਰ ਵੱਲੋਂ ਅਨੇਕਾਂ ਰੋਕਾਂ ਖੜ੍ਹੀਆਂ ਕਰਨ ਦੇ ਬਾਵਜ਼ੂਦ ਅਧਿਆਪਕਾਂ ਦੇ ਸੰਘਰਸ਼ ਦਾ ਭਖਣਾ ਜਾਰੀ

  • ਅੱਜ ਪੰਜਾਬ ਦੇ ਮੰਤਰੀਆਂ ਤੇ ਕਾਂਗਰਸ ਪ੍ਰਧਾਨ ਨੂੰ ਵੱਡੇ ਇਕੱਠਾਂ ਦੇ ਰੂਪ ‘ਚ ਮਿਲਣ ਦਾ ਫੈਸਲਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਬੀਤੀ 7 ਅਕਤੂਬਰ ਤੋਂ ਕੱਚੇ ਤੇ ਠੇਕਾ ਅਧਾਰਿਤ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ‘ਤੇ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ, ਸਕੂਲੀ ਸਿੱਖਿਆ ਦਾ ਉਜਾੜਾ ਰੋਕਣ ਸਮੇਤ ਆਪਣੀਆਂ ਹੋਰਨਾਂ ਹੱਕੀ ਮੰਗਾਂ ਦੀ ਪੂਰਤੀ ਲਈ ਝੰਡੇ ਗੱਡੀ ਬੈਠੇ ਅਧਿਆਪਕਾਂ ਦਾ ਪੱਕਾ ਮੋਰਚਾ ਅੱਜ ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਰੋਪੜ ਜ਼ਿਲ੍ਹਿਆਂ ਦੇ ਅਧਿਆਪਕਾਂ ਦੀ ਭਰਵੀਂ ਗਿਣਤੀ ਦੌਰਾਨ 28ਵੇਂ ਦਿਨ ‘ਚ ਸ਼ਾਮਲ ਹੋ ਗਿਆ। ਸਿੱਖਿਆ ਸਕੱਤਰ ਦਾ ਜਿੱਥੇ ਪੂਰਾ ਜੋਰ ਲੱਗਾ ਹੋਇਆ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਅਧਿਆਪਕਾਂ ਨੂੰ ਡਰਾ-ਧਮਕਾ ਕੇ ਸੰਘਰਸ਼ ਨੂੰ ਦਬਾਇਆ ਜਾ ਸਕੇ ਉੱਥੇ ਅਧਿਆਪਕ ਵਰਗ ਨੇ ਵੀ ਅਹਿਦ ਕਰ ਲਿਆ ਹੈ ਕਿ ਸਿੱਖਿਆ ਸਕੱਤਰ ਤੇ ਸਿੱਖਿਆ ਮੰਤਰੀ ਨੂੰ ਵਿਭਾਗ ਵਿੱਚੋਂ ਚਲਦਾ ਕਰਨ ਤੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਉਹ ਪਿੱਛੇ ਨਹੀਂ ਹਟਣਗੇ।

ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰ ਦਵਿੰਦਰ ਸਿੰਘ ਪੂਨੀਆ, ਸੂਬਾ ਕੋ ਕਨਵੀਨਰ ਹਰਦੀਪ ਟੋਡਰਪੁਰ, ਸੂਬਾ ਕਮੇਟੀ ਮੈਂਬਰ ਗੁਰਵਿੰਦਰ ਸ਼ਸ਼ਕੋਰ, ਵਿਕਰਮ ਦੇਵ ਸਿੰਘ ਅਤੇ ਹਰਜੀਤ ਸਿੰਘ ਜਨੈਜਾ, ਕੁਲਦੀਪ ਪਟਿਆਲਵੀ, ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪੂਰੇ ਪੰਜਾਬ ‘ਚ ਅਖੌਤੀ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਦੇ ਅਧੀਨ ਲੱਗਣ ਵਾਲੇ ਸੈਮੀਨਾਰਾਂ ਦੇ ਕੀਤੇ ਜਾ ਰਹੇ ਬਾਈਕਾਟਾਂ ਤਹਿਤ ਅੱਜ ਪਟਿਆਲਾ, ਸਮਾਣਾ ਤੇ ਰਾਜਪੁਰਾ ਵਿਖੇ ਵੀ ਅਧਿਆਪਕਾਂ ਵੱਲੋਂ ਸੈਮੀਨਾਰਾਂ ਦਾ ਬਾਈਕਾਟ ਕੀਤਾ ਗਿਆ।

ਸਾਂਝਾ ਅਧਿਆਪਕ ਮੋਰਚਾ ਦੀ ਸੂਬਾ ਕਮੇਟੀ ਵੱਲੋਂ ਕੀਤੇ ਫੈਸਲੇ ਅਨੁਸਾਰ 4 ਨਵੰਬਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ, ਮਨਪ੍ਰੀਤ ਬਾਦਲ, ਤ੍ਰਿਪਤ ਇੰਦਰ ਬਾਜਵਾ, ਨਵਜੋਤ ਸਿੰਘ ਸਿੱਧੂ, ਬਲਵੀਰ ਸਿੰਘ ਸਿੱਧੂ ਨੂੰ ਵੱਡੇ ਇਕੱਠਾਂ ਦੇ ਰੂਪ ‘ਚ ਮਿਲ ਕੇ ਉਨ੍ਹਾਂ ਨੂੰ ਅਧਿਆਪਕਾਂ ਦੇ ਮਸਲਿਆਂ ਤੋਂ ਇਲਾਵਾ ਸਿੱਖਿਆ ਸਕੱਤਰ ਦੀਆਂ ਵਧੀਕੀਆਂ ਤੋਂ ਵੀ ਜਾਣੂੰ ਕਰਵਾਇਆ ਜਾਵੇਗਾ। ਅਧਿਆਪਕ ਆਗੂਆਂ ਨੇ ਅਧਿਆਪਕਾਂ ਦੇ ਮਸਲਿਆਂ ਦਾ ਸਾਰਥਕ ਹੱਲ ਨਾ ਹੋਣ ‘ਤੇ ਸੰਘਰਸ਼ ਨੂੰ ਅਗਲੇ ਪੜਾਅ ਵਿੱਚ ਲੈ ਕੇ ਜਾਣ ਤੋਂ ਇਲਾਵਾ ਪਟਿਆਲਾ ਤੇ ਅੰਮ੍ਰਿਤਸਰ ਵਿਖੇ ਕਾਲੀ ਦੀਵਾਲੀ ਮਨਾਉਣ ਦੀ ਚਿਤਾਵਨੀ ਵੀ ਦਿੱਤੀ।

ਇਸ ਮੌਕੇ ਪੀ.ਡਬਲਿਉ.ਡੀ. ਟੈਕਨੀਕਲ ਤੇ ਦਰਜਾਚਾਰ ਯੂਨੀਅਨ ਤੋਂ ਪ੍ਰਕਾਸ਼ ਥੋਥੀਆ, ਟੈਕਨੀਕਲ ਸਰਵਿਸ ਯੂਨੀਅਨ ਵੱਲੋਂ ਗੁਰਚਰਨ ਡਕੌਂਦਾ, ਕੰਨਗੋ ਐਸੋਸੀਏਸ਼ਨ ਤੋਂ ਪਲਵਿੰਦਰ ਸਿੰਘ ਢਿੱਲੋਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ ਬਲਦੇਵ ਸਿੰਘ ਉੱਬਿਆ, ਜਰਮਨਜੀਤ ਸਿੰਘ, ਮੁਕੇਸ਼ ਕੁਮਾਰ, ਮੰਗਲ ਟਾਡਾ, ਅਮਨਦੀਪ ਸ਼ਰਮਾ, ਵਿਕਾਸ਼ ਸ਼ਰਮਾ, ਅਮਰਦੀਪ ਸਿੰਘ, ਪ੍ਰਿਤਪਾਲ ਸਿੰਘ ਆਦਿ ਮੌਜੂਦ ਸਨ।