Punjab
Weather Update Punjab: ਪੰਜਾਬ ਦੇ ਤਿੰਨ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਯੈਲੋ ਅਲਰਟ, ਅਗਲੇ 7 ਦਿਨ ਮੀਂਹ ਦੀ ਸੰਭਾਵਨਾ
ਲੁਧਿਆਣਾ ਅਤੇ ਪਟਿਆਲਾ ਵਿੱਚ ਟ੍ਰੇਸ ਮੀਂਹ ਰਿਕਾਰਡ ਹੋਇਆ
ਚੰਡੀਗੜ੍ਹ (ਹਿੰ.ਸ.)। ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਅੱਜ ਮੰਗਲਵਾਰ ਨੂੰ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ ਆਸਮਾਨ ’ਤੇ ਹਲਕੇ ਬੱਦਲ ਛਾਏ ਰਹਿਣਗੇ ਅਤੇ ਇੱਕ-ਦੋ ਵਾਰ ਮੀਂਹ ਜਾਂ ਗਰਜ-ਚਮਕ ਨਾਲ ਛਿੱਟੇ ਪੈ ਸਕਦੇ ਹਨ।
ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਮੁਤਾਬਕ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ 35.8 ਡਿਗਰੀ ਸੈਲਸੀਅਸ ਗੁਰਦਾਸਪੁਰ ਵਿੱਚ ਰਿਕਾਰਡ ਕੀਤਾ ਗਿਆ। ਉੱਥੇ ਹੀ ਚੰਡੀਗੜ੍ਹ ਦਾ ਤਾਪਮਾਨ ਆਮ ਨਾਲੋਂ 2 ਡਿਗਰੀ ਘੱਟ ਰਿਹਾ ਅਤੇ ਇੱਥੇ ਵੱਧ ਤੋਂ ਵੱਧ ਤਾਪਮਾਨ 31.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਸੋਮਵਾਰ ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ।
ਇਨ੍ਹਾਂ ਵਿੱਚੋਂ ਸਭ ਤੋਂ ਵੱਧ 53 ਮਿਮੀ ਮੀਂਹ ਅੰਮ੍ਰਿਤਸਰ ਵਿੱਚ ਰਿਕਾਰਡ ਹੋਇਆ।ਇਸ ਤੋਂ ਇਲਾਵਾ ਪਠਾਨਕੋਟ ਦੇ ਥੀਨ ਡੈਮ ਅਤੇ ਰੂਪਨਗਰ ਦੇ ਰੋਪੜ ਕੇਵੀਕੇ ਵਿੱਚ 0.5-0.5 ਮਿਮੀ ਮੀਂਹ ਦਰਜ ਕੀਤਾ ਗਿਆ। ਲੁਧਿਆਣਾ ਅਤੇ ਪਟਿਆਲਾ ਵਿੱਚ ਟ੍ਰੇਸ ਮੀਂਹ ਰਿਕਾਰਡ ਹੋਇਆ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ ਅੱਜ ਸਾਰੇ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਪੱਛਮੀ ਵਿਘਨ ਦੇ ਪ੍ਰਭਾਵ ਕਾਰਨ ਪੰਜਾਬ ਵਿੱਚ ਅਗਲੇ ਸੱਤ ਦਿਨਾਂ ਤੱਕ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ। 11 ਅਤੇ 13 ਅਗਸਤ ਨੂੰ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ 12, 14, 15 ਅਤੇ 16 ਅਗਸਤ ਨੂੰ ਵੀ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ।