Patiala News: ਰਾੜਾ ਸਾਹਿਬ ਜਾ ਰਹੀ ਪਿਕਅੱਪ ਪਲਟੀ, ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ
ਹਾਦਸੇ ’ਚ ਇੱਕ ਬੱਚੀ ਦੀ ਮੌਤ, 25 ਜਣੇ ਹੋਏ ਜ਼ਖ਼ਮੀ
Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਤੋਂ ਕੁਝ ਦੂਰ ਬਲਾਕ ਭਾਦਸੋਂ ਦੇ ਪਿੰਡ ਰਾਇਮਲ ਮਾਜਰੀ ਵਿਖੇ ਗੁਰਦੁਆਰਾ ਰਾੜਾ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਪਿਕਅੱਪ ਗੱਡੀ ਅਚਾਨਕ ਪਲਟ ਜਾਣ ਕਾਰਨ 25 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚ ਜਿਆਦਾਤਰ ਔਰਤਾਂ ਤੇ ਬੱਚੇ ਸ਼ਾਮਲ ਹਨ। ਇਸ ਹਾਦਸੇ ’ਚ ਇੱਕ ਛੋਟੀ ਬੱਚੀ ਦੀ ਮੌਤ ਹੋ ਗਈ। ਹਾਦਸੇ ਦਾ ਪਤਾ ਲੱਗਣ ’ਤੇ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਮੌਕੇ ’ਤੇ ਪੁੱਜ ਕੇ ਜ਼ਖਮੀਆਂ ਨੂੰ ਪਹਿਲਾਂ ਭਾਦਸੋਂ ਦੇ ਹਸਪਤਾਲ ਵਿਖੇ ਲਿਆਂਦਾ ਗਿਆ, ਉਸ ਤੋਂ ਬਾਅਦ ਇੱਥੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਗਿਆ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਕੀਤੀ ਗਈ।
ਇਕੱਤਰ ਵੇਰਵਿਆਂ ਮੁਤਾਬਿਕ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਰਦਾਰਾ ਤੋਂ ਸ਼ਰਧਾਲੂ ਇਕੱਠੇ ਹੋ ਕੇ ਭਾਦਸੋਂ ਬਲਾਕ ਦੇ ਪਿੰਡ ਆਲੋਵਾਲ ਵਿਖੇ ਇੱਕ ਧਾਰਮਿਕ ਸਮਾਗਮ ’ਚ ਪੁੱਜ ਰਹੇ ਸਨ। ਜਦੋਂ ਇਹ ਪਿਕਅੱਪ ਗੱਡੀ ਪਿੰਡ ਰਾਇਮਲ ਮਾਜਰੀ ਦੇ ਖਤਰਨਾਕ ਮੋੜ ’ਤੇ ਪੁੱਜੀ ਤਾਂ ਅਚਾਨਕ ਹੀ ਬੇਕਾਬੂ ਹੋ ਕੇ ਪਲਟ ਗਈ। ਇਸ ਗੱਡੀ ’ਚ 30 ਤੋਂ ਵੱਧ ਸ਼ਰਧਾਲੂ ਸਵਾਰ ਸਨ, ਜਿਨ੍ਹਾਂ ਵਿੱਚ ਜਿਆਦਾ ਔਰਤਾਂ ਤੇ ਬੱਚੇ ਸਨ। ਗੱਡੀ ਪਲਟਣ ਕਾਰਨ ਉੱਥੇ ਚੀਕ ਚਿਹਾੜਾ ਪੈ ਗਿਆ ਇਸ ਦਾ ਪਤਾ ਜਦੋਂ ਡੇਰਾ ਸੱਚਾ ਸੌਦਾ ਬਲਾਕ ਭਾਦਸੋਂ ਦੇ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਮੈਂਬਰ ਸੇਵਾਦਾਰਾਂ ਸਮਾਜ ਸੇਵੀ ਅਮਰੀਕ ਸਿੰਘ ਭੰਗੂ, ਪਰਦੀਪ ਸਿੰਘ, ਜਸਵੰਤ ਸਿੰਘ, ਹੰਸ ਰਾਜ, ਰਘਵੀਰ ਸਿੰਘ, ਸੱਚੇ ਨਿਮਰ ਸੇਵਾਦਾਰ ਵਿਜੈ ਨਾਭਾ, ਕੁਲਦੀਪ ਸਿੰਘ, ਆਦਿ ਨੂੰ ਲੱਗਾ ਤਾਂ ਉਹ ਤੁਰੰਤ ਐਂਬੂਲੈਂਸ ਅਤੇ ਹੋਰ ਵਾਹਨ ਲੈ ਕੇ ਮੌਕੇ ’ਤੇ ਪੁੱਜੇ ਤੇ ਬੁਰੀ ਤਰ੍ਹਾਂ ਜ਼ਖਮੀ ਹੋਏ ਵਿਅਕਤੀਆਂ ਨੂੰ ਆਪਣੇ ਵੱਖ-ਵੱਖ ਸਾਧਨਾਂ ’ਚ ਬਿਠਾ ਕੇ ਪਹਿਲਾਂ ਭਾਦਸੋਂ ਦੇ ਹਸਪਤਾਲ ਵਿਖੇ ਲੈ ਕੇ ਗਏ ਅਤੇ ਉੱਥੇ ਫਸਟ-ਏਡ ਦੇਣ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਲਿਆਂਦਾ ਗਿਆ। ਇੱਕ ਔਰਤ ਦੀਆਂ ਉਂਗਲਾਂ ਵੱਢੀਆਂ ਗਈਆਂ ਜਦਕਿ ਕਈਆਂ ਦੇ ਗੰਭੀਰ ਸੱਟਾਂ ਲੱਗੀਆਂ।
Read Also : ਸਰੀਰਦਾਨ ਕਰਕੇ ਪ੍ਰੇਮੀ ਰਮੇਸ਼ ਕੁਮਾਰ ਟੁਟੇਜਾ ਇੰਸਾਂ ਬਣੇ ਮਨੁੱਖਤਾ ਲਈ ਪ੍ਰੇਰਨਾ
ਇਸ ਹਾਦਸੇ ’ਚ 6 ਸਾਲ ਦੀ ਬੱਚੀ ਨਵਪ੍ਰੀਤ ਕੌਰ ਪੁੱਤਰੀ ਹਰਦੀਪ ਸਿੰਘ ਵਾਸੀ ਰਾਮਗੜ੍ਹ ਸਰਦਾਰਾ ਦੀ ਮੌਤ ਹੋ ਗਈ। ਅਮਰੀਕ ਸਿੰਘ ਭੰਗੂ ਨੇ ਦੱਸਿਆ ਕਿ ਡੇਰਾ ਸ਼ਰਧਾਲੂਆਂ ਵੱਲੋਂ ਰਜਿੰਦਰਾ ਹਸਪਤਾਲ ਵਿਖੇ ਇਨ੍ਹਾਂ ਮਰੀਜ਼ਾਂ ਦੀ ਸੰਭਾਲ ਕੀਤੀ ਗਈ ਤੇ ਇੱਥੇ ਪਟਿਆਲਾ ਬਲਾਕ ਦੇ ਸੇਵਾਦਾਰਾਂ ਨੂੰ ਵੀ ਸੂਚਿਤ ਕੀਤਾ। ਇਸ ਦੌਰਾਨ ਡੇਰਾ ਸ਼ਰਧਾਲੂ ਇਕਬਾਲ ਸਿੰਘ, ਲਵਲੀ, ਮਹਿੰਦਰਪਾਲ ਸੈਂਟੀ ਸਮੇਤ ਹੋਰ ਸ਼ਰਧਾਲੂਆਂ ਵੱਲੋਂ ਐਮਰਜੈਂਸੀ ’ਚ ਪੁੱਜ ਕੇ ਇਨ੍ਹਾਂ ਜ਼ਖ਼ਮੀ ਮਰੀਜ਼ਾਂ ਦੀ ਸੰਭਾਲ ਕੀਤੀ ਗਈ। ਜ਼ਖਮੀਆਂ ’ਚ 56 ਸਾਲ ਦੀ ਮਨਜੀਤ ਕੌਰ, 11 ਸਾਲ ਦੀ ਸੀਰਤ, ਮਲਕੀਤ ਕੌਰ, ਪਰਮਜੀਤ ਕੌਰ, ਬਲਜਿੰਦਰ ਕੌਰ, ਅਮਰਜੀਤ ਕੌਰ, ਰਾਜਪਾਲ ਸਿੰਘ, ਹੀਰਾ ਸਿੰਘ, ਕੁਲਵੰਤ ਕੌਰ, ਮੇਜ਼ਰ ਸਿੰਘ ਆਦਿ ਸ਼ਾਮਲ ਹਨ।
ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਵਿਕਾਸ ਚੌਪੜਾ ਨੇ ਦੱਸਿਆ ਜਦੋਂ ਜ਼ਖਮੀਆਂ ਨੂੰ ਇੱਥੇ ਲਿਆਂਦਾ ਗਿਆ ਤਾਂ ਉਨ੍ਹਾਂ ਖੁਦ ਪੁੱਜ ਕੇ ਇਨ੍ਹਾਂ ਦਾ ਇਲਾਜ਼ ਸ਼ੁਰੂ ਕਰਵਾਇਆ ਤੇ ਹਰ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਗਈ।
ਸਰਕਾਰ ਤੇ ਪ੍ਰਸ਼ਾਸਨ ਇਸ ਖੂਨੀ ਮੋੜ ਦਾ ਕਰੇ ਹੱਲ
ਇਸ ਦੌਰਾਨ ਸਮਾਜ ਸੇਵੀ ਅਮਰੀਕ ਸਿੰਘ ਭੰਗੂ ਦੇ ਦੱਸਿਆ ਕਿ ਰਾਇਮਲ ਮਾਜਰੀ ਦਾ ਇਹ ਮੋੜ ਖੂਨੀ ਮੋੜ ਹੈ, ਜਿੱਥੇ ਕਿ ਹੁਣ ਤੱਕ 25 ਤੋਂ 30 ਵਿਅਕਤੀਆਂ ਦੀ ਹਾਦਸੇ ’ਚ ਮੌਤ ਹੋ ਗਈ ਹੈ। ਇਸ ਮੋੜ ਸਬੰਧੀ ਸਬੰਧਿਤ ਅਧਿਕਾਰੀਆਂ ਤੇ ਰਾਜਨੀਤਿਕ ਆਗੂਆਂ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ, ਪਰ ਇਸ ਦਾ ਹੱਲ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਹਨ ਤੇਜ਼ ਹੋਣ ਕਾਰਨ ਇਸ ਮੋੜ ’ਤੇ ਆ ਕੇ ਡਰਾਇਵਰ ਆਪਣਾ ਬੈਲੰਸ ਗੁਆ ਬਹਿੰਦਾ ਹੈ, ਜਿਸ ਕਾਰਨ ਹਾਦਸੇ ਵਾਪਰ ਰਹੇ ਹਨ।
ਇਸ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਰਜਿੰਦਰਾ ਹਸਪਤਾਲ ਵਿਖੇ ਪੁੱਜ ਕੇ ਜ਼ਖਮੀ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਤੇ ਉਨ੍ਹਾਂ ਦੀ ਤੰਦਰੁਸਤੀ ਦੀ ਕਾਮਨਾ ਕੀਤੀ ਇਸ ਦੌਰਾਨ ਉਹਨਾਂ ਮਰੀਜ਼ਾਂ ਨੂੰ ਐਕਸਰੇ, ਸਿਟੀ ਸਕੈਨ ਸਮੇਤ ਹੋਰ ਇਲਾਜ ਲਈ ਲੋੜੀਂਦੀਆਂ ਸਿਹਤ ਸਹੂਲਤਾਂ ਦੇਣ ਦਾ ਭਰੋਸਾ ਦਿੱਤਾ ਉਨ੍ਹਾਂ ਦੱਸਿਆ ਕਿ ਫਰਿਸ਼ਤੇ ਤੇ ਮੁੱਖ ਮੰਤਰੀ ਯੋਜਨਾ ਤਹਿਤ ਸਾਰਾ ਇਲਾਜ ਮੁਫਤ ਕੀਤਾ ਜਾਵੇਗਾ ਇਸ ਦੌਰਾਨ ਉਹਨਾਂ ਡਾਕਟਰਾਂ ਨਾਲ ਵੀ ਮਰੀਜ਼ਾਂ ਬਾਰੇ ਗੱਲਬਾਤ ਕੀਤੀ।