Woman Murder Case: ਇੱਕ ਲੱਖ ਰੁਪਏ ਦੀ ਉਧਾਰੀ ਨੂੰ ਲੈ ਕੇ ਮਹਿਲਾ ਦਾ ਕਤਲ, ਦੋ ਮੁਲਜ਼ਮ ਗ੍ਰਿਫ਼ਤਾਰ

ਇੱਕ ਮੁਲਜ਼ਮ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ

Satinder Mathur  Picture
Published On

Woman Murder Case: ਪਠਾਨਕੋਟ, (ਸੱਚ ਕਹੂੰ ਨਿਊਜ਼/ਹਿੰ.ਸ.)। ਪਠਾਨਕੋਟ ਵਿੱਚ ਇੱਕ ਲੱਖ ਰੁਪਏ ਦੀ ਉਧਾਰੀ ਵਾਪਸ ਮੰਗਣ ’ਤੇ ਇੱਕ ਮਹਿਲਾ ਦਾ ਕਥਿਤ ਤੌਰ ’ਤੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕਾ ਦੀ ਪਛਾਣ ਕਿਰਨ ਵਜੋਂ ਹੋਈ ਹੈ, ਜਦਕਿ ਇੱਕ ਮੁਲਜ਼ਮ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਗਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੰਦੀਪ ਸਿੰਘ ਵਾਸੀ ਬੈਕਸਾਈਡ ਵੁੱਡਲੈਂਡ ਹੋਟਲ, ਢਾਂਗੂ ਰੋਡ, ਪਠਾਨਕੋਟ ਨੇ ਦੱਸਿਆ ਕਿ ਉਸ ਦੀ ਮਾਤਾ ਕਿਰਨ 8 ਸਤੰਬਰ ਦੀ ਸ਼ਾਮ ਕਰੀਬ 7:30 ਵਜੇ ਬਿਨਾਂ ਦੱਸੇ ਘਰ ਤੋਂ ਚਲੀ ਗਈ ਸੀ। ਪਰਿਵਾਰ ਵੱਲੋਂ ਕਾਫ਼ੀ ਭਾਲ ਕਰਨ ਦੇ ਬਾਵਜ਼ੂਦ ਜਦੋਂ ਉਸ ਦਾ ਕੋਈ ਪਤਾ ਨਾ ਲੱਗਿਆ ਤਾਂ ਥਾਣਾ ਡਿਵੀਜ਼ਨ ਨੰਬਰ 2 ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।

ਇਸੇ ਦੌਰਾਨ ਪਰਿਵਾਰ ਨੂੰ ਪਤਾ ਲੱਗਾ ਕਿ ਹਿਮਾਚਲ ਪ੍ਰਦੇਸ਼ ਦੇ ਥਾਣਾ ਡਮਟਾਲ ਅਧੀਨ ਇੱਕ ਪੁਲਿਸ ਚੌਕੀ ਨੇੜੇ ਚੱਕੀ ਦਰਿਆ ਵਿੱਚੋਂ 9 ਸਤੰਬਰ ਨੂੰ ਇੱਕ ਮਹਿਲਾ ਦੀ ਲਾਸ਼ ਬਰਾਮਦ ਹੋਈ ਸੀ। ਸੰਦੀਪ ਸਿੰਘ ਨੇ ਡਮਟਾਲ ਪਹੁੰਚ ਕੇ ਤਸਵੀਰਾਂ ਅਤੇ ਹੋਰ ਸਬੂਤਾਂ ਦੇ ਆਧਾਰ ’ਤੇ ਲਾਸ਼ ਦੀ ਪਛਾਣ ਆਪਣੀ ਮਾਤਾ ਕਿਰਨ ਵਜੋਂ ਕੀਤੀ।

ਇਹ ਵੀ ਪੜ੍ਹੋ: Bathinda Airport News: ਬਠਿੰਡਾ ਤੇ ਦਿੱਲੀ ਹਵਾਈ ਸੇਵਾ ਬਣੀ ਯਾਤਰੀਆਂ ਲਈ ਪਰੇਸ਼ਾਨੀ ਦਾ ਸਬੱਬ

ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਅਸ਼ਰਫ਼ ਅਲੀ ਵਾਸੀ ਗੁਰਦਾਸਪੁਰ ਭਾਈਆਂ, ਹਾਲ ਵਾਸੀ ਤਰੇਹਟੀ ਹਰਿਆਲਾ, ਪਠਾਨਕੋਟ ਨੇ ਉਸ ਦੀ ਮਾਤਾ ਕਿਰਨ ਤੋਂ ਇੱਕ ਲੱਖ ਰੁਪਏ ਉਧਾਰ ਲਏ ਹੋਏ ਸਨ। ਦੋਸ਼ ਹੈ ਕਿ ਜਦੋਂ ਕਿਰਨ ਵੱਲੋਂ ਆਪਣੀ ਰਕਮ ਵਾਪਸ ਮੰਗੀ ਜਾਂਦੀ ਸੀ ਤਾਂ ਅਸ਼ਰਫ਼ ਅਲੀ ਪੈਸੇ ਵਾਪਸ ਕਰਨ ਦੀ ਬਜਾਏ ਆਪਣੇ ਰਿਸ਼ਤੇਦਾਰ ਬਸ਼ੀਰ ਦੀਨ ਵਾਸੀ ਟਿੱਪਰੀ ਲੋਧਵਾਂ, ਹਿਮਾਚਲ ਪ੍ਰਦੇਸ਼ ਰਾਹੀਂ ਉਸ ਨੂੰ ਧਮਕੀਆਂ ਦਿਵਾਉਂਦਾ ਸੀ।

ਸ਼ਿਕਾਇਤ ਮੁਤਾਬਕ ਉਧਾਰ ਦੀ ਰਕਮ ਹੜੱਪਣ ਦੇ ਇਰਾਦੇ ਨਾਲ ਅਸ਼ਰਫ਼ ਅਲੀ ਅਤੇ ਬਸ਼ੀਰ ਦੀਨ ਨੇ ਕਥਿਤ ਤੌਰ ’ਤੇ ਸਾਜ਼ਿਸ਼ ਰਚੀ। 8 ਸਤੰਬਰ ਨੂੰ ਦੋਵਾਂ ਨੇ ਕਿਰਨ ਨੂੰ ਬਹਾਨੇ ਨਾਲ ਘਰੋਂ ਬਾਹਰ ਬੁਲਾਇਆ ਅਤੇ ਉਸ ’ਤੇ ਜਾਨਲੇਵਾ ਹਮਲਾ ਕਰਕੇ ਕਥਿਤ ਤੌਰ ’ਤੇ ਉਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਚੱਕੀ ਦਰਿਆ ਵਿੱਚ ਸੁੱਟ ਦਿੱਤਾ ਗਿਆ। ਪੁਲਿਸ ਨੇ ਮਾਮਲੇ ਵਿੱਚ ਨਾਮਜ਼ਦ ਦੋਵੇਂ ਮੁਲਜ਼ਮਾਂ ਨੂੰ ਮੰਗਲਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵੱਲੋਂ ਮਾਮਲੇ ’ਚ ਧਾਰਾਂ ਦਾ ਵਾਧਾ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

About The Author

Related Posts