Punjab
Patiala News: ਮਾਜਰਿਆਂ ਨੇ ਕਮਲ ਦਾ ਫੁੱਲ ਫੜਿਆ, ਦੋਵਾਂ ਹਲਕਿਆਂ ’ਚ ਭਾਜਪਾ ਨੇ ਗੱਡੀ ਮੋੜ੍ਹੀ
ਹਲਕਾ ਸਮਾਣਾ ਅੰਦਰ ਤਾਂ ਚੇਤਨ ਜੌੜਾਮਾਜਰਾ ਨੇ ਬੋਰਡ ਲਾ ਕੇ ਬੀਜੇਪੀ ਦਾ ਦਫ਼ਤਰ ਖੋਲ੍ਹਿਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਜ਼ਿਲ੍ਹੇ ਦੇ ਮਾਜਰਿਆਂ ਨੇ ਅੱਜ ਆਪਣੇ ਹੱਥ ’ਚ ਕਮਲ ਦਾ ਫੁੱਲ ਫੜ ਲਿਆ। ਇਨ੍ਹਾਂ ਵੱਲੋਂ ਝਾੜੂ ਨੂੰ ਕੱਲ੍ਹ ਹੀ ਅਲਵਿਦਾ ਕਹਿ ਦਿੱਤਾ ਗਿਆ ਸੀ। ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਤੇ ਹਰਮੀਤ ਸਿੰਘ ਪਠਾਣਮਾਜਰਾ ਦੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਨਾਲ ਜ਼ਿਲ੍ਹੇ ਅੰਦਰ ਬੀਜੇਪੀ ਨੂੰ ਬਲ ਮਿਲਿਆ ਹੈ। ਵੱਡੀ ਗੱਲ ਇਹ ਹੈ ਕਿ ਮਾਜਰਿਆਂ ਦੇ ਆਪ ਛੱਡਣ ਤੋਂ ਬਾਅਦ ਇਨ੍ਹਾਂ ਦੇ ਅਨੇਕਾਂ ਸਮੱਰਥਕਾਂ ਵੱਲੋਂ ਵੀ ਆਪ ਤੋਂ ਕਿਨਾਰਾ ਕਰ ਲਿਆ ਗਿਆ। ਇੱਥੋਂ ਤੱਕ ਕਿ ਸਮਾਣਾ ਵਿਖੇ ਤਾਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦਾ ਬੋਰਡ ਲਾ ਕੇ ਭਾਰਤੀ ਜਨਤਾ ਪਾਰਟੀ ਦਾ ਦਫ਼ਤਰ ਵੀ ਖੋਲ੍ਹ ਪਾਰਟੀ ਦੀ ਮੋੜ੍ਹੀ ਗੱਡ ਦਿੱਤੀ ਹੈ।
ਦੱਸਣਯੋਗ ਹੈ ਕਿ ਹਲਕਾ ਸਨੌਰ ਤੇ ਹਲਕਾ ਸਮਾਣਾ ਆਪਸ ’ਚ ਗੁਆਂਢੀ ਹਲਕੇ ਹਨ ਤੇ ਦੋਵਾਂ ਵਿਧਾਇਕਾਂ ਚੇਤਨ ਸਿੰਘ ਜੌੜਾਮਾਜਰਾ ਤੇ ਹਰਮੀਤ ਸਿੰਘ ਪਠਾਣਾਮਾਜਰਾ ਵੱਲੋਂ ਇੱਕੋ ਸਮੇਂ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਪਾਰਟੀ ’ਤੇ ਅਨੇਕਾਂ ਦੋਸ਼ ਲਾਏ ਗਏ ਸਨ। ਉਂਜ ਵੱਡੀ ਗੱਲ ਇਹ ਹੈ ਕਿ ਪਹਿਲਾਂ ਆਪ ਸਰਕਾਰ ’ਚ ਇਨ੍ਹਾਂ ਦੋਵਾਂ ਮਾਜਰਿਆਂ ਦੀ ਤੂਤੀ ਬੋਲਦੀ ਸੀ। ਪਠਾਣਾਮਾਜਰਾ ਨੂੰ ਹਲਕੇ ’ਚ ਪਾਣੀ ਦੀ ਮਾਰ ਦਾ ਮੁੱਦਾ ਚੁੱਕਣ ਤੋਂ ਬਾਅਦ ਸਿਆਸੀ ਕੀਮਤ ਚੁਕਾਉਣੀ ਪਈ ਸੀ ਤੇ ਆਪ ਵੱਲੋਂ ਇੱਥੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੂੰ ਲਗਾ ਦਿੱਤਾ ਗਿਆ, ਜਦਕਿ ਜੌੜਾਮਾਜਰਾ ਦੇ ਮੁਕਾਬਲੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਉਤਾਰ ਦਿੱਤਾ ਗਿਆ, ਜਿਸ ਤੋਂ ਬਾਅਦ ਇਨ੍ਹਾਂ ਦੋਵਾਂ ਹਲਕਿਆਂ ’ਚ ਮਾਜਰਿਆਂ ਵੱਲੋਂ ਠੰਢੀ ਚੁੱਪ ਧਾਰ ਲਈ ਗਈ ਸੀ। ਅੱਜ ਦਿੱਲੀ ਵਿਖੇ ਇਨ੍ਹਾਂ ਦੋਵਾਂ ਵਿਧਾਇਕਾਂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਫੁੱਲ ਫੜਨ ਤੋਂ ਬਾਅਦ ਹਲਕਿਆਂ ’ਚ ਨਵੀਂ ਸਫਬੰਦੀ ਸ਼ੁਰੂ ਹੋ ਗਈ।
ਪਤਾ ਲੱਗਾ ਹੈ ਕਿ ਸਮਾਣਾ ਵਿਖੇ ਤਾਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਦੇ ਕਮਲ ਵਾਲੇ ਫੁੱਲ ਦੇ ਬੋਰਡ ਲੱਗ ਚੱਕੇ ਹਨ ਤੇ ਇਨ੍ਹਾਂ ਬੋਰਡਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਨਿਤਨ ਨਬਿਨ, ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਸਾਂਸਦ ਮੈਂਬਰ ਪਰਨੀਤ ਕੌਰ, ਜੈਇੰਦਰ ਕੌਰ ਸਮੇਤ ਹੋਰ ਆਗੂਆਂ ਦੀਆਂ ਤਸਵੀਰਾਂ ਸ਼ਾਮਲ ਹਨ। ਇੱਥੋਂ ਤੱਕ ਕਿ ਬੋਰਡ ਲਗਾਕੇ ਭਾਜਪਾ ਦਾ ਦਫ਼ਤਰ ਵੀ ਖੋਲ੍ਹ ਦਿੱਤਾ ਗਿਆ ਹੈ। ਹਲਕਾ ਸਨੌਰ ਤੇ ਹਲਕਾ ਸਮਾਣਾ ਅੰਦਰ ਇਨ੍ਹਾਂ ਵਿਧਾਇਕਾਂ ਦੇ ਸ਼ਾਮਲ ਹੋਣ ਨਾਲ ਬੀਜੇਪੀ ਦੇ ਰਸੂਖ ’ਚ ਵਾਧਾ ਹੋਇਆ ਹੈ ਤੇ ਆਮ ਆਦਮੀ ਪਾਰਟੀ ਲਈ ਝਟਕਾ ਜ਼ਰੂਰ ਮੰਨਿਆ ਜਾ ਰਿਹਾ ਹੈ। ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ 49 ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ ਰਹੇ ਸਨ ਜਦਕਿ ਹਲਕਾ ਸਮਾਣਾ ਤੋਂ ਚੇਤਨ ਸਿੰਘ ਜੌੜਾਮਾਜਰਾ 39 ਹਜ਼ਾਰ ਤੋਂ ਵੱਧ ਵੋਟਾਂ ਨਾਲ ਜੇਤੂ ਰਹੇ ਹਨ।
Read Also : ਪਰਵਿੰਦਰ ਮਾਮਲਾ, ਖੇਤੀਬਾੜੀ ਮੰਤਰੀ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ
Comments