Hoshiarpur News Today: ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਈਡੀ ਦੀ ਛਾਪੇਮਾਰੀ, ਸਵੇਰੇ 8 ਵਜੇ ਪਹੁੰਚੀ ਕੇਂਦਰੀ ਏਜੰਸੀਆਂ ਦੀ ਟੀਮ

3 ਤੋਂ 4 ਗੱਡੀਆਂ ਵਿੱਚ ਪਹੁੰਚੇ ਅਧਿਕਾਰੀ, ਸੀਆਰਪੀਐੱਫ ਦੇ ਜਵਾਨ ਵੀ ਰਹੇ ਮੌਜੂਦ

Ravinder Sharma Picture
Published On

ਹੁਸ਼ਿਆਰਪੁਰ (ਹਿੰ.ਸ.)। ਹੁਸ਼ਿਆਰਪੁਰ ਤੋਂ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਸੋਮਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਛਾਪੇਮਾਰੀ ਕੀਤੀ। ਸਵੇਰੇ ਕਰੀਬ 8 ਵਜੇ ਕੇਂਦਰੀ ਏਜੰਸੀਆਂ ਦੀ ਟੀਮ 3 ਤੋਂ 4 ਗੱਡੀਆਂ ਵਿੱਚ ਸਾਬਕਾ ਵਿਧਾਇਕ ਦੇ ਘਰ ਪਹੁੰਚੀ। ਟੀਮ ਵਿੱਚ ਅਧਿਕਾਰੀਆਂ ਦੇ ਨਾਲ ਸੀਆਰਪੀਐੱਫ ਦੇ ਜਵਾਨ ਵੀ ਮੌਜੂਦ ਸਨ। ਫਿਲਹਾਲ ਅਧਿਕਾਰੀ ਘਰ ਦੇ ਅੰਦਰ ਜਾਂਚ ਕਰ ਰਹੇ ਹਨ।

ਕੇਂਦਰੀ ਏਜੰਸੀਆਂ ਦੀ ਇਸ ਕਾਰਵਾਈ ਸਬੰਧੀ ਹਾਲੇ ਤੱਕ ਵਿਸਥਾਰਪੂਰਵਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਟੀਮ ਕਿਸ ਮਾਮਲੇ ਵਿੱਚ ਜਾਂਚ ਕਰਨ ਪਹੁੰਚੀ ਹੈ ਅਤੇ ਕਿਹੜੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ, ਇਸ ਬਾਰੇ ਅਧਿਕਾਰਤ ਤੌਰ ’ਤੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਈਡੀ ਵੱਲੋਂ ਸਾਬਕਾ ਮੰਤਰੀ ਦੇ ਘਰ ਜਾਂਚ ਕੀਤੀ ਜਾ ਚੁੱਕੀ ਹੈ।

ਇਸ ਤੋਂ ਪਹਿਲਾਂ 27 ਜਨਵਰੀ ਨੂੰ ਵੀ ਈਡੀ ਨੇ ਆਮਦਨ ਕਰ ਵਿਭਾਗ ਦੇ ਨਾਲ ਮਿਲ ਕੇ ਸੁੰਦਰ ਸ਼ਾਮ ਅਰੋੜਾ ਦੇ ਘਰ ਛਾਪੇਮਾਰੀ ਕੀਤੀ ਸੀ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਸੀ। ਹਾਲਾਂਕਿ, ਉਸ ਸਮੇਂ ਵੀ ਅਧਿਕਾਰੀਆਂ ਨੇ ਘਰ ਵਿੱਚੋਂ ਮਿਲੇ ਦਸਤਾਵੇਜ਼ਾਂ ਜਾਂ ਹੋਰ ਸਮੱਗਰੀ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ। ਹੁਣ ਦੂਜੀ ਵਾਰ ਕੇਂਦਰੀ ਏਜੰਸੀਆਂ ਦੀ ਟੀਮ ਉਨ੍ਹਾਂ ਦੇ ਘਰ ਪਹੁੰਚੀ ਹੈ।

ਸੁੰਦਰ ਸ਼ਾਮ ਅਰੋੜਾ ਭ੍ਰਿਸ਼ਟਾਚਾਰ ਦੇ ਦੋ ਗੰਭੀਰ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ’ਤੇ ਉਦਯੋਗਿਕ ਪਲਾਟਾਂ ਦੀ ਅਲਾਟਮੈਂਟ ਵਿੱਚ ਕਥਿਤ ਬੇਨਿਯਮੀਆਂ ਅਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹਨ। ਇਨ੍ਹਾਂ ਮਾਮਲਿਆਂ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਉਨ੍ਹਾਂ ਨੂੰ ਪਹਿਲਾਂ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਹੁਣ ਈਡੀ ਦੀ ਜਾਂਚ ਨਾਲ ਇਨ੍ਹਾਂ ਮਾਮਲਿਆਂ ਵਿੱਚ ਕਥਿਤ ਮਨੀ ਲਾਂਡਰਿੰਗ ਦੇ ਪਹਿਲੂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਦੋਸ਼ਾਂ ਅਨੁਸਾਰ, ਜਦੋਂ ਸੁੰਦਰ ਸ਼ਾਮ ਅਰੋੜਾ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ ਤਾਂ ਉਨ੍ਹਾਂ ਨੇ ਆਪਣੇ ਅਹੁਦੇ ਦੀ ਕਥਿਤ ਦੁਰਵਰਤੋਂ ਕਰਦਿਆਂ ਕੁਝ ਚਹੇਤੀਆਂ ਕੰਪਨੀਆਂ ਨੂੰ ਫਾਇਦਾ ਪਹੁੰਚਾਇਆ ਸੀ। ਇਸ ਤੋਂ ਇਲਾਵਾ, ਇੱਕ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੀ ਕਥਿਤ ਕੋਸ਼ਿਸ਼ ਦੇ ਮਾਮਲੇ ਵਿੱਚ ਵੀ ਉਨ੍ਹਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ।

ਆਮਦਨ ਕਰ ਵਿਭਾਗ ਵੱਲੋਂ ਵੀ ਉਨ੍ਹਾਂ ਦੇ ਵਿੱਤੀ ਲੈਣ-ਦੇਣ ਅਤੇ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਦੇ ਮੁਕਾਬਲੇ ਜਾਇਦਾਦ ਵਿੱਚ ਕਥਿਤ ਅੰਤਰ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਈਡੀ ਦੀ ਮੌਜੂਦਾ ਕਾਰਵਾਈ ਸਬੰਧੀ ਅਧਿਕਾਰਤ ਵੇਰਵਿਆਂ ਦੀ ਉਡੀਕ ਹੈ।

Read Also : ਟਰੈਕਟਰ ਤੋਂ ਡਿੱਗਣ ਕਾਰਨ ਵਿਅਕਤੀ ਦੀ ਮੌਤ, ਟਾਇਰਾਂ ਹੇਠਾਂ ਆਉਣ ਨਾਲ ਵਾਪਰਿਆ ਹਾਦਸਾ, ਪੁਲਿਸ ਵੱਲੋਂ ਜਾਂਚ ਜਾਰੀ

Comments

Post Your Comment

About The Author

Related Posts