ਅਜੇ ਜਵਾਨ ਹਾਂ, ਅਗਲੀ ਚੋਣ ਵੀ ਜ਼ਰੂਰ ਲੜਾਂਗਾ : ਅਮਰਿੰਦਰ ਸਿੰਘ

Sach Kahoon Punjabi Desk Picture
Published On

ਸਿੱਧੂ ਕਾਂਗਰਸ ਦਾ ਹਿੱਸਾ, ਪਾਰਟੀ ਵਿੱਚ ਕਿਸੇ ਨਾਲ ਵੀ ਗੱਲਬਾਤ ਕਰਨ ਲਈ ਆਜ਼ਾਦ, ਅਸੀਂ ਉਸ ਦੀਆਂ ਇੱਛਾਵਾਂ ‘ਤੇ ਵਿਚਾਰ ਕਰਾਂਗੇ

ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਕਿਆਸਰਾਈਆਂ ਨੂੰ ਲਾਂਭੇ ਕਰਦਿਆਂ ਅੱਜ ਸਪੱਸ਼ਟ ਕੀਤਾ ਕਿ ਉਹ ਸੂਬੇ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਲਾਜ਼ਮੀ ਤੌਰ ‘ਤੇ ਲੜਣਗੇ। ਆਪਣੀ ਸਰਕਾਰ ਦੇ ਗਠਨ ਦੀ ਤੀਜੀ ਵਰ੍ਹੇਗੰਢ ਮੌਕੇ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਹਲਕੇ ਲਹਿਜ਼ੇ ‘ਚ ਮੁੱਖ ਮੰਤਰੀ ਨੇ ਕਿਹਾ,”ਮੈਂ ਅਜੇ ਵੀ ਪੂਰਾ ਜਵਾਨ ਹਾਂ। ਕੀ ਤੁਸੀਂ ਸੋਚਦੇ ਹੋ ਕਿ ਚੋਣਾਂ ਲੜਨ ਲਈ ਮੈਂ ਬੁੱਢਾ ਹੋ ਗਿਆਂ?”

 ਪਾਰਟੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਮੌਜੂਦਾ ਭੂਮਿਕਾ ਤੇ ਰੁਤਬੇ ਬਾਰੇ ਪੁੱਛੇ ਜਾਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਬਕਾ ਮੰਤਰੀ ਕਾਂਗਰਸ ਪਾਰਟੀ ਅਤੇ ਟੀਮ ਦਾ ਹਿੱਸਾ ਹਨ ਅਤੇ ਕਿਸੇ ਵੀ ਫੈਸਲੇ ‘ਤੇ ਅਸੀਂ ਉਸ ਦੀਆਂ ਇੱਛਾਵਾਂ ‘ਤੇ ਵਿਚਾਰ ਕਰਾਂਗੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਸਿੱਧੂ ਨੂੰ ਉਸ ਸਮੇਂ ਤੋਂ ਜਾਣਦੇ ਹਨ, ਜਦੋਂ ਉਹ ਦੋ ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਦਾ ਸਿੱਧੂ ਨਾਲ ਕੋਈ ਨਿੱਜੀ ਮਸਲਾ ਨਹੀਂ ਹੈ।

ਸ੍ਰੀ ਸਿੱਧੂ ਵੱਲੋਂ ਪੰਜਾਬ ਨਾਲ ਸਬੰਧਤ ਮਸਲੇ ਸੂਬਾਈ ਲੀਡਰਸ਼ਿਪ ਕੋਲ ਉਠਾਉਣ ਦੀ ਬਜਾਏ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਕੋਲ ਉਠਾਉਣ ਬਾਰੇ ਸਵਾਲ ਦੇ ਜਵਾਬ ‘ਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਪਾਰਟੀ ਵਿੱਚ ਕਿਸੇ ਨਾਲ ਕੋਈ ਵੀ ਮੁੱਦਾ ਵਿਚਾਰਨ ਦਾ ਸਵਾਗਤ ਕਰਦੇ ਹਨ।

ਮੱਧ ਪ੍ਰਦੇਸ਼ ਵਿੱਚ ਵਾਪਰੇ ਸਿਆਸੀ ਘਟਨਾਕ੍ਰਮ ਨੂੰ ਉਨ੍ਹਾਂ ਦਾ ਅੰਦਰੂਨੀ ਮਸਲਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਤੇ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਹੀ ਕੋਈ ਟਿੱਪਣੀ ਕਰ ਸਕਦੀ ਹੈ ਜਦਕਿ ਉਨ੍ਹਾਂ ਦਾ ਅਧਿਕਾਰ ਖੇਤਰ ਪੰਜਾਬ ਤੱਕ ਸੀਮਿਤ ਹੈ।

ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਦਿੱਤੀ ਜਾ ਰਹੀ ਬਿਜਲੀ ਸਬਸਿਡੀ ਨੂੰ ਅਰਵਿੰਦ ਕੇਜਰੀਵਾਲ ਦਾ ਡਰਾਮਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਕੌਮੀ ਰਾਜਧਾਨੀ ਦੀ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂ ਜੋ ਉਥੋਂ ਦੀ ਸਰਕਾਰ ਨੂੰ ਨਾ ਤਾਂ ਕਿਸਾਨਾਂ ‘ਤੇ ਖਰਚਾ ਕਰਨਾ ਪੈਂਦਾ ਹੈ ਅਤੇ ਨਾ ਹੀ ਪੁਲਿਸ ‘ਤੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਰਾਸ ਸਬਸਿਡੀ ਜ਼ਰੀਏ ਬਿਜਲੀ ਦੀਆਂ ਘਰੇਲੂ ਦਰਾਂ ਘਟਾ ਦਿੱਤੀਆਂ ਜਦਕਿ ਪੰਜਾਬ ਸਰਕਾਰ ਪਹਿਲਾਂ ਹੀ ਦਿੱਲੀ ਨਾਲੋਂ ਵੱਧ ਬਿਜਲੀ ਸਬਸਿਡੀ ਦੇ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts