Punjab
Athletics Championship: ਚੀਨ ’ਚ ਚਮਕੀ ਦਿੜ੍ਹਬਾ ਦੀ ਧੀ ਸ਼ਹਿਨੂਰ ਬਾਵਾ
ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਦੀ 400 ਮੀਟਰ ਰੀਲੇ ਦੌੜ ਵਿੱਚ ਸੋਨ ਤਗਮਾ ਜਿੱਤਿਆ
Athletics Championship:
ਸੰਗਰੂਰ,(ਸ਼ਬਦ)। ਹਲਕਾ ਦਿੜ੍ਹਬਾ ਦੇ ਪਿੰਡ ਖਡਿਆਲ ਦੀ ਹੋਣਹਾਰ ਧੀ ਸ਼ਹਿਨੂਰ ਬਾਵਾ ਨੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਹ ਉਪਲੱਬਧੀ ਹਾਸਲ ਕੀਤੀ ਹੈ, ਜਿਸ 'ਤੇ ਅੱਜ ਪੂਰੇ ਪੰਜਾਬ ਅਤੇ ਦੇਸ਼ ਨੂੰ ਮਾਣ ਹੈ। ਚੀਨ ਵਿੱਚ ਹੋ ਰਹੀ ਅੰਡਰ-20 ਅਥਲੈਟਿਕਸ ਚੈਂਪੀਅਨਸ਼ਿਪ ਦੀ 400 ਮੀਟਰ ਰੀਲੇ ਦੌੜ ਵਿੱਚ ਸ਼ਹਿਨੂਰ ਬਾਵਾ ਨੇ ਭਾਰਤੀ ਟੀਮ ਦਾ ਹਿੱਸਾ ਬਣ ਕੇ ਸੋਨ ਤਗਮਾ ਜਿੱਤਿਆ ਅਤੇ ਦੇਸ਼ ਦਾ ਨਾਂ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ।
ਖ਼ਾਸ ਗੱਲ ਇਹ ਰਹੀ ਕਿ ਇਸ ਰੀਲੇ ਟੀਮ ਵਿੱਚ ਪੰਜਾਬ ਦੀ ਇਕੱਲੀ ਖਿਡਾਰਨ ਸ਼ਹਿਨੂਰ ਬਾਵਾ ਸੀ, ਜਿਸ ਨੇ ਹੋਰਨਾਂ ਸੂਬਿਆਂ ਦੀਆਂ ਖਿਡਾਰਨਾਂ ਨਾਲ ਮਿਲ ਕੇ ਭਾਰਤ ਦਾ ਤਿਰੰਗਾ ਅੰਤਰਰਾਸ਼ਟਰੀ ਮੰਚ 'ਤੇ ਬੁਲੰਦ ਕੀਤਾ। ਸ਼ਹਿਨੂਰ ਦੀ ਇਸ ਇਤਿਹਾਸਕ ਪ੍ਰਾਪਤੀ ਨਾਲ ਨਾ ਸਿਰਫ਼ ਪਿੰਡ ਖਡਿਆਲ ਅਤੇ ਹਲਕਾ ਦਿੜ੍ਹਬਾ, ਸਗੋਂ ਪੂਰੇ ਸੰਗਰੂਰ ਜ਼ਿਲ੍ਹੇ ਦਾ ਨਾਂ ਵੀ ਵਿਸ਼ਵ ਪੱਧਰ 'ਤੇ ਚਮਕਿਆ ਹੈ।
ਇਹ ਵੀ ਪੜ੍ਹੋ: Amritsar Student Case: ਵਿਦਿਆਰਥਣ ਦੀ ਮੌਤ ਮਾਮਲੇ ’ਚ ਸਿੱਖਿਆ ਮੰਤਰੀ ਦੇ ਹੁਕਮਾਂ 'ਤੇ ਸਕੂਲ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ
ਚੈਂਪੀਅਨਸ਼ਿਪ ਤੋਂ ਵਾਪਸੀ ਉਪਰੰਤ ਜਦੋਂ ਸ਼ਹਿਨੂਰ ਆਪਣੇ ਪਿੰਡ ਪਹੁੰਚੀ ਤਾਂ ਪਿੰਡ ਵਾਸੀਆਂ ਵੱਲੋਂ ਉਸ ਦਾ ਢੋਲ-ਨਗਾੜਿਆਂ ਅਤੇ ਫੁੱਲਾਂ ਦੇ ਹਾਰਾਂ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਮਿਠਾਈਆਂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਧੀ ਦੀ ਇਸ ਵੱਡੀ ਸਫਲਤਾ 'ਤੇ ਪਰਿਵਾਰ ਦੀਆਂ ਅੱਖਾਂ ਵੀ ਖੁਸ਼ੀ ਨਾਲ ਭਰ ਆਈਆਂ। ਸ਼ਹਿਨੂਰ ਦੇ ਮਾਤਾ-ਪਿਤਾ ਨੇ ਕਿਹਾ ਕਿ ਉਹ ਆਪਣੀ ਧੀ ਨੂੰ ਧੀ ਨਹੀਂ, ਸਗੋਂ ਆਪਣਾ ਪੁੱਤ ਮੰਨਦੇ ਹਨ ਅਤੇ ਅੱਜ ਉਸ ਨੇ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। ਇਸ ਮੌਕੇ ਸ਼ਹਿਨੂਰ ਬਾਵਾ ਨੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹਰ ਬੱਚੇ ਨੂੰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤ, ਲਗਨ ਅਤੇ ਅਨੁਸ਼ਾਸਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ ਅਤੇ ਖੇਡਾਂ ਦੇ ਖੇਤਰ ਵਿੱਚ ਵੀ ਦੇਸ਼ ਦਾ ਨਾਂ ਰੌਸ਼ਨ ਕੀਤਾ ਜਾ ਸਕਦਾ ਹੈ।
About The Author