Patiala News: ਗੁਰਬਾਜ਼ ਸਿੰਘ ਦੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’ ਰਿਲੀਜ਼
ਲੇਖਕ ਦਾ ਦ੍ਰਿਸ਼ਟੀਕੋਣ ਉਸਾਰੂ ਹੋਵੇ: ਯੋਗਰਾਜ
ਪਟਿਆਲਾ (ਖੁਸ਼ਵੀਰ ਸਿੰਘ ਤੁੂਰ)। ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਅੱਜ ਪੰਜਾਬੀ ਲੇਖਕ ਗੁਰਬਾਜ਼ ਸਿੰਘ ਦੀ ਪਲੇਠੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’ ਭਾਸ਼ਾ ਵਿਭਾਗ, ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਦੇ ਲੈਕਚਰ ਹਾਲ ਵਿਖੇ ਰਿਲੀਜ਼ ਕੀਤੀ ਗਈ। ਇਸ ਸਮਾਗਮ ਦੇ ਆਰੰਭ ਵਿੱਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ 1957 ’ਚ ਹੋਂਦ ਵਿੱਚ ਆਈ ਪੰਜਾਬੀ ਸਾਹਿਤ ਸਭਾ ਪਟਿਆਲਾ ਲਗਭਗ ਇੱਕ ਸਦੀ ਦੀ ਆਪਣੀ ਮੁੱਲਵਾਨ ਵਿਰਾਸਤ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦੀ ਹੋਈ ਮਾਤ-ਭਾਸ਼ਾ ਦੇ ਖ਼ਜ਼ਾਨੇ ਨੂੰ ਅਨਮੋਲ ਸਾਹਿਤਕ ਹੀਰਿਆਂ ਨਾਲ ਅਮੀਰ ਬਣਾ ਰਹੀ ਹੈ।
ਸਮਾਗਮ ਦੇ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਅਧਿਐਨ ਸਕੂਲ ਦੇ ਪ੍ਰੋਫੈਸਰ ਅਤੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਉਪ ਚੇਅਰਮੈਨ ਡਾ. ਯੋਗਰਾਜ ਨੇ ਗੁਰਬਾਜ਼ ਸਿੰਘ ਦੀ ਪੁਸਤਕ ਦੇ ਹਵਾਲੇ ਨਾਲ ਵਰਤਮਾਨ ਪੰਜਾਬੀ ਕਵਿਤਾ ਅਤੇ ਸਾਹਿਤ ਦੇ ਪ੍ਰਯੋਜਨ ਤੇ ਤਨਕੀਕੀ ਪੱਖਾਂ ਤੋਂ ਗੰਭੀਰ ਚਰਚਾ ਨੂੰ ਛੋਹਿਆ ਤੇ ਕਿਹਾ ਕਿ ਲੇਖਕ ਦਾ ਸਮਾਜ ਪ੍ਰਤੀ ਉਸਾਰੂ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ।
Read Also : ਵਿਦੇਸ਼ੀ ਧਰਤੀ 'ਤੇ ਡੇਰਾ ਸ਼ਰਧਾਲੂਆਂ ਦਾ ਪਰਉਪਕਾਰ, ਪੰਛੀਆਂ ਦੀ ਸੰਭਾਲ ਲਈ ਚੁੱਕਿਆ ਕਦਮ
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰੋਫ਼ੈਸਰ ਆਫ਼ ਜਰਨਲਿਜ਼ਮ ਡਾ. ਹਰਜਿੰਦਰ ਪਾਲ ਸਿੰਘ ਵਾਲੀਆ ਨੇ ਪੁਸਤਕ ਬਾਰੇ ਚਰਚਾ ਕਰਦਿਆਂ ਕਿਹਾ ਕਿ ਅਜੋਕੇ ਪਦਾਰਥਵਾਦੀ ਅਤੇ ਧਨ ਕਮਾਉਣ ਦੀ ਲਾਲਸਾ ਨੇ ਖ਼ੂਨ ਦੇ ਰਿਸ਼ਤਿਆਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ ਅਤੇ ਅਜੋਕਾ ਮਨੁੱਖ ਆਪਣੀ ਪਿਛਲੀ ਅਮੀਰ ਵਿਰਾਸਤ ਅਤੇ ਸਭਿਆਚਾਰਕ ਕਦਰਾਂ ਕੀਮਤਾਂ ਨੂੰ ਤਰਸ ਰਿਹਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਸਾਬਕਾ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ, ਡਾ. ਮਦਨ ਲਾਲ ਹਸੀਜਾ ਨੇ ਕਿਹਾ ਕਿ ਗੁਰਬਾਜ਼ ਸਿੰਘ ਦੀ ਪੁਸਤਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸਾਂਝੀ ਰਵਾਇਤ ਅਤੇ ਵਿਰਾਸਤ ਬਾਰੇ ਸਮਾਜ ਅੱਗੇ ਗੰਭੀਰ ਸੁਆਲ ਛੱਡਦੀ ਹੈ।
ਪ੍ਰਸਿੱਧ ਕਹਾਣੀਕਾਰ ਮੁਖਤਿਆਰ ਸਿੰਘ (ਖੰਨਾ) ਦੀ ਧਾਰਨਾ ਸੀ ਕਿ ਸਾਹਿਤ ਅਤੇ ਸਮਾਜ ਇੱਕ ਦੂਜੇ ਦੇ ਪੂਰਕ ਹਨ ਜਦੋਂ ਕਿ ਸ਼ੁਭ ਕਰਮਨ ਫਾਊਂਡੇਸ਼ਨ, ਪਟਿਆਲਾ ਦੇ ਪ੍ਰਧਾਨ ਅਤੇ ਅਧਿਆਪਕਾ ਗੁਰਪ੍ਰੀਤ ਕੌਰ ਦਾ ਕਹਿਣਾ ਸੀ ਕਿ ਅਜਿਹੇ ਸਾਰਥਿਕ ਸਮਾਗਮ ਨਵੀਂ ਪੀੜ੍ਹੀ ਦੇ ਮਨ ਵਿੱਚ ਮਾਂ ਬੋਲੀ ਅਤੇ ਸਾਹਿਤਕ ਰੁਚੀਆਂ ਪ੍ਰਤੀ ਚੇਤਨਾ ਜਗਾਉਂਦੇ ਹਨ। ਇਸ ਪੜਾਅ ਦੌਰਾਨ ਲੇਖਕ ਗੁਰਬਾਜ਼ ਸਿੰਘ ਨੇ ਆਪਣੀ ਪੁਸਤਕ ਦੀ ਸਿਰਜਣ ਪ੍ਰਕਿਰਿਆ ਬਾਰੇ ਰੌਸ਼ਨੀ ਪਾਈ ਅਤੇ ਇਸ ਦੇ ਲਿਖੇ ਜਾਣ ਦੇ ਕਾਰਨਾਂ ਬਾਰੇ ਦਿਲਚਸਪ ਢੰਗ ਨਾਲ ਚਰਚਾ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਨਿਭਾਈ।