Punjab Weather Update: ਪੰਜਾਬ ’ਚ ਮਾਨਸੂਨ ਦੀ ਰਫ਼ਤਾਰ ਮੱਠੀ, 21 ਜ਼ਿਲ੍ਹਿਆਂ ’ਚ ਮੀਂਹ ਦਾ ਯੈਲੋ ਅਲਰਟ
ਪੰਜਾਬ ਦਾ ਫਰੀਦਕੋਟ ਸਭ ਤੋਂ ਗਰਮ ਜ਼ਿਲ੍ਹਾ
Punjab Weather Update: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ’ਚ ਮਾਨਸੂਨ ਦੀ ਐਂਟਰੀ ਹੋਣ ਦੇ ਬਾਵਜੂਦ ਮੀਂਹ ਦੀ ਰਫ਼ਤਾਰ ਹਾਲੇ ਵੀ ਹੌਲੀ ਬਣੀ ਹੋਈ ਹੈ। ਇਸ ਕਾਰਨ ਸੂਬੇ ’ਚ ਗਰਮੀ ਤੇ ਹੁੰਮਸ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੰਗਲਵਾਰ ਨੂੰ ਸੂਬੇ ਦੇ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ’ਚ ਔਸਤ 1.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਸਭ ਤੋਂ ਵੱਧ 42.4 ਡਿਗਰੀ ਸੈਲਸੀਅਸ ਤਾਪਮਾਨ ਫ਼ਰੀਦਕੋਟ ’ਚ ਦਰਜ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਨੇ ਅਗਲੇ 48 ਘੰਟਿਆਂ ਨੂੰ ਅਹਿਮ ਦੱਸਦਿਆਂ 8 ਤੇ 9 ਜੁਲਾਈ ਲਈ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਬੁੱਧਵਾਰ ਨੂੰ ਸੂਬੇ ਦੇ 21 ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ ਹੈ।
ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ ਤੇ ਮੋਹਾਲੀ ’ਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈ ਸਕਦਾ ਹੈ। ਇਸੇ ਤਰ੍ਹਾਂ ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ ਤੇ ਪਟਿਆਲਾ ’ਚ ਕਈ ਥਾਵਾਂ ’ਤੇ, ਜਦਕਿ ਤਰਨਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ ਤੇ ਬਠਿੰਡਾ ’ਚ ਕੁਝ ਥਾਵਾਂ ’ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਆਸਮਾਨ ’ਚ ਬੱਦਲ ਛਾਏ ਰਹਿਣ ਦੀ ਵੀ ਸੰਭਾਵਨਾ ਹੈ। ਇਸ ਦੌਰਾਨ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਦੇ ਅੰਕੜਿਆਂ ਅਨੁਸਾਰ 7 ਜੁਲਾਈ ਨੂੰ ਭਾਖੜਾ ਡੈਮ ਦਾ ਜਲ ਪੱਧਰ 1,567.02 ਫੁੱਟ ਦਰਜ ਕੀਤਾ ਗਿਆ। Punjab Weather Update
Read Also : PM Modi: ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਸਬਰ ਕਿਸੇ ਵੀ ਦੇਸ਼ ਦੀ ਸਭ ਤੋਂ ਵੱਡੀ ਤਾਕਤ
ਡੈਮ ’ਚ 38,018 ਕਿਊਸੈਕ ਪਾਣੀ ਦੀ ਆਮਦ ਹੋਈ, ਜਦਕਿ 23,229 ਕਿਊਸੈਕ ਪਾਣੀ ਛੱਡਿਆ ਗਿਆ। ਪੌਂਗ ਡੈਮ ’ਚ ਪਾਣੀ ਦਾ ਪੱਧਰ 1,318.71 ਫੁੱਟ ਰਿਹਾ, ਜਿੱਥੇ 17,875 ਕਿਊਸੈਕ ਪਾਣੀ ਦੀ ਆਮਦ ਤੇ 15,500 ਕਿਊਸੈਕ ਪਾਣੀ ਦੀ ਨਿਕਾਸੀ ਦਰਜ ਕੀਤੀ ਗਈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਸੁਰੇਂਦਰ ਪਾਲ ਅਨੁਸਾਰ ਅਗਲੇ 2 ਤੋਂ 3 ਦਿਨਾਂ ’ਚ ਦੱਖਣ-ਪੱਛਮੀ ਮਾਨਸੂਨ ਦੇ ਪੰਜਾਬ ਦੇ ਬਾਕੀ ਰਹਿੰਦੇ ਹਿੱਸਿਆਂ ’ਚ ਵੀ ਪੂਰੀ ਤਰ੍ਹਾਂ ਫੈਲਣ ਲਈ ਹਾਲਾਤ ਅਨੁਕੂਲ ਹਨ। ਇਸ ਵੇਲੇ ਸਿਰਫ਼ ਦੋ ਜ਼ਿਲ੍ਹਿਆਂ ’ਚ ਮਾਨਸੂਨ ਦੀ ਪੂਰੀ ਪਹੁੰਚ ਬਾਕੀ ਹੈ। ਉਨ੍ਹਾਂ ਕਿਹਾ ਕਿ ਇੱਕ ਸਰਗਰਮ ਪੱਛਮੀ ਗੜਬੜ (ਵੈਸਟਰਨ ਡਿਸਟਰਬੈਂਸ) ਵੀ ਮਾਨਸੂਨ ਨੂੰ ਮਜ਼ਬੂਤੀ ਦੇ ਰਹੀ ਹੈ, ਜਿਸ ਕਾਰਨ ਆਉਣ ਵਾਲੇ ਕੁਝ ਦਿਨਾਂ ਦੌਰਾਨ ਸੂਬੇ ’ਚ ਮੀਂਹ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ ਤੇ ਲੋਕਾਂ ਨੂੰ ਗਰਮੀ ਤੇ ਉਮਸ ਤੋਂ ਰਾਹਤ ਮਿਲ ਸਕਦੀ ਹੈ।
About The Author