Punjab
Pathankot Joginder Nagar Train: ਪੌਣੇ ਚਾਰ ਸਾਲ ਬਾਅਦ ਮੁੜ ਚੱਲੀ ਪਠਾਨਕੋਟ-ਜੋਗਿੰਦਰਨਗਰ ਟ੍ਰੇਨ, ਯਾਤਰੀਆਂ ’ਚ ਉਤਸ਼ਾਹ
ਰੇਲ ਸੇਵਾ ਸ਼ੁਰੂ ਹੋਣ ਨਾਲ ਪੰਜਾਬ ਤੇ ਹਿਮਾਚਲ ਦੇ ਯਾਤਰੀਆਂ ਨੂੰ ਵੱਡੀ ਰਾਹਤ
Pathankot Joginder Nagar Train: ਪਠਾਨਕੋਟ (ਹਿੰ.ਸ.)। ਕਰੀਬ ਪੌਣੇ ਚਾਰ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਪਠਾਨਕੋਟ-ਜੋਗਿੰਦਰਨਗਰ ਰੇਲ ਸੇਵਾ ਮੁੜ ਸ਼ੁਰੂ ਹੋ ਗਈ ਹੈ। ਰੇਲ ਸੇਵਾ ਦੀ ਬਹਾਲੀ ਨਾਲ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਪਹਿਲੇ ਹੀ ਦਿਨ ਟ੍ਰੇਨ ’ਚ ਸਫ਼ਰ ਕਰਨ ਵਾਲੇ ਯਾਤਰੀਆਂ ’ਚ ਖਾਸਾ ਉਤਸ਼ਾਹ ਵੇਖਣ ਨੂੰ ਮਿਲਿਆ। ਰੇਲਵੇ ਅਧਿਕਾਰੀਆਂ ਮੁਤਾਬਕ ਅੱਜ ਪਹਿਲੇ ਦਿਨ ਪਠਾਨਕੋਟ ਸਿਟੀ ਨੈਰੋਗੇਜ ਰੇਲਵੇ ਸਟੇਸ਼ਨ ਤੋਂ 7 ਡੱਬਿਆਂ ਵਾਲੀਆਂ ਦੋ ਟ੍ਰੇਨਾਂ ਸਵੇਰੇ 5 ਵਜੇ ਤੇ 7 ਵਜੇ ਬੈਜਨਾਥ ਲਈ ਰਵਾਨਾ ਕੀਤੀਆਂ ਗਈਆਂ। ਪਹਿਲੇ ਦਿਨ ਲਗਭਗ 60 ਯਾਤਰੀਆਂ ਨੇ ਇਸ ਰੇਲ ਸੇਵਾ ਦਾ ਲਾਭ ਲਿਆ।
ਯਾਤਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਜੋਗਿੰਦਰਨਗਰ ਜਾਂ ਬੈਜਨਾਥ ਜਾਣ ਲਈ ਬੱਸ ਰਾਹੀਂ ਸਫ਼ਰ ਕਰਨ ’ਤੇ 300 ਤੋਂ 400 ਰੁਪਏ ਤੱਕ ਖਰਚ ਆਉਂਦਾ ਸੀ, ਜਦਕਿ ਹੁਣ ਟ੍ਰੇਨ ਦਾ ਕਿਰਾਇਆ ਸਿਰਫ਼ 25 ਤੋਂ 40 ਰੁਪਏ ਦੇ ਕਰੀਬ ਹੈ। ਇਸ ਕਾਰਨ ਇਹ ਰੇਲ ਸੇਵਾ ਆਮ ਲੋਕਾਂ ਲਈ ਕਾਫ਼ੀ ਕਿਫ਼ਾਇਤੀ ਤੇ ਸੁਵਿਧਾਜਨਕ ਸਾਬਤ ਹੋਵੇਗੀ। ਉੱਤਰ ਪ੍ਰਦੇਸ਼ ਤੋਂ ਆਏ ਰਾਜੇਸ਼ ਨੇ ਕਿਹਾ ਕਿ ਟ੍ਰੇਨ ਸੇਵਾ ਮੁੜ ਸ਼ੁਰੂ ਹੋਣਾ ਬਹੁਤ ਖੁਸ਼ੀ ਦੀ ਗੱਲ ਹੈ। ਪਹਿਲਾਂ ਬੈਜਨਾਥ ਜਾਣ ਲਈ 340 ਰੁਪਏ ਖਰਚ ਕਰਨੇ ਪੈਂਦੇ ਸਨ, ਜਦਕਿ ਹੁਣ ਸਿਰਫ਼ 35 ਰੁਪਏ ’ਚ ਸਫ਼ਰ ਹੋ ਜਾਵੇਗਾ। ਦਿੱਲੀ ਤੋਂ ਆਏ ਮਨੋਜ ਨੇ ਦੱਸਿਆ ਕਿ ਉਨ੍ਹਾਂ ਨੇ 2003 ’ਚ ਆਖਰੀ ਵਾਰ ਇਸ ਟ੍ਰੇਨ ’ਚ ਸਫ਼ਰ ਕੀਤਾ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਬੱਸ ਤੇ ਟ੍ਰੇਨ ਦੇ ਕਿਰਾਏ ’ਚ ਕਰੀਬ 10 ਗੁਣਾ ਫ਼ਰਕ ਹੈ ਤੇ ਟੌਏ ਟ੍ਰੇਨ ’ਚ ਸਫ਼ਰ ਕਰਨ ਦਾ ਅਨੁਭਵ ਬਿਲਕੁਲ ਵੱਖਰਾ ਹੈ।
Read Also : Punjab Rain Forecast: ਪੰਜਾਬ ਤੇ ਚੰਡੀਗੜ੍ਹ ਨੂੰ ਗਰਮੀ ਤੋਂ ਰਾਹਤ, 9 ਜ਼ਿਲ੍ਹਿਆਂ ’ਚ ਅੱਜ ਮੀਂਹ ਦੀ ਸੰਭਾਵਨਾ
ਰਾਜਪੁਰਾ ਤੋਂ ਆਈ ਸਾਕਸ਼ੀ ਨੇ ਕਿਹਾ ਕਿ ਉਹ ਟੌਏ ਟ੍ਰੇਨ ਬਾਰੇ ਸੁਣਦੀ ਆ ਰਹੀ ਸੀ ਤੇ ਅੱਜ ਪਹਿਲੀ ਵਾਰ ਇਸ ’ਚ ਸਫ਼ਰ ਕਰੇਗੀ। ਗਾਜ਼ੀਆਬਾਦ ਤੋਂ ਆਏ ਸ਼ਹਬਾਜ਼ ਨੇ ਕਿਹਾ ਕਿ ਕੰਮ ਦੇ ਸਿਲਸਿਲੇ ’ਚ ਅਕਸਰ ਹਿਮਾਚਲ ਜਾਣਾ ਪੈਂਦਾ ਹੈ ਤੇ ਹੁਣ ਇਸ ਰੇਲ ਸੇਵਾ ਨਾਲ ਕਾਫ਼ੀ ਪੈਸਿਆਂ ਦੀ ਬਚਤ ਹੋਵੇਗੀ। ਟ੍ਰੇਨ ਦੇ ਲੋਕੋ ਪਾਇਲਟ ਜਸਬੀਰ ਸਿੰਘ ਨੇ ਕਿਹਾ ਕਿ ਲਗਭਗ ਚਾਰ ਸਾਲ ਬਾਅਦ ਟ੍ਰੇਨ ਮੁੜ ਹਿਮਾਚਲ ਦੀਆਂ ਵਾਦੀਆਂ ’ਚ ਦੌੜ ਰਹੀ ਹੈ। ਉਨ੍ਹਾਂ ਕਿਹਾ ਕਿ ਯਾਤਰੀ ਨਾ ਸਿਰਫ਼ ਸਸਤੇ ਕਿਰਾਏ ਦਾ ਲਾਭ ਲੈਣਗੇ, ਸਗੋਂ ਪਹਾੜੀਆਂ ਦੇ ਮਨਮੋਹਕ ਨਜ਼ਾਰਿਆਂ ਦਾ ਵੀ ਆਨੰਦ ਮਾਣ ਸਕਣਗੇ। Pathankot Joginder Nagar Train
70 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਨਵਾਂ ਪੁਲ | Pathankot News
ਰੇਲ ਮੰਤਰਾਲੇ ਨੇ ਇਸ ਮਹੱਤਵਪੂਰਨ ਰੇਲ ਮਾਰਗ ’ਤੇ ਖ਼ਰਾਬ ਹੋਏ ਪੁਲ ਦੀ ਥਾਂ ਕਰੀਬ 70 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਆਧੁਨਿਕ ਰੇਲਵੇ ਪੁਲ ਤਿਆਰ ਕਰਵਾਇਆ ਹੈ। ਪੁਲ ਦੇ ਨਿਰਮਾਣ ਤੋਂ ਬਾਅਦ ਰੇਲਵੇ ਅਧਿਕਾਰੀਆਂ ਵੱਲੋਂ ਟ੍ਰੈਕ ਦਾ ਨਿਰੀਖਣ, ਸੁਰੱਖਿਆ ਜਾਂਚ ਤੇ ਟ੍ਰਾਇਲ ਰਨ ਸਫ਼ਲਤਾਪੂਰਵਕ ਮੁਕੰਮਲ ਕੀਤੇ ਗਏ, ਜਿਸ ਤੋਂ ਬਾਅਦ ਰੇਲ ਸੇਵਾ ਨੂੰ ਮੁੜ ਬਹਾਲ ਕਰਨ ਦਾ ਫ਼ੈਸਲਾ ਲਿਆ ਗਿਆ।
About The Author