Rural Doctors Registration: ਪੇਂਡੂ ਡਾਕਟਰਾਂ ਦੇ ਹੱਕ 'ਚ ਨਿੱਤਰੇ 'ਆਪ' ਆਗੂ ਡਾ. ਕੁਲਦੀਪ ਸਿੰਘ ਨਾਗੀ, ਸਰਕਾਰ ਅੱਗੇ ਰੱਖੀ ਇਹ ਮੰਗ!

ਪੇਂਡੂ ਡਾਕਟਰਾਂ ਨੂੰ ਟ੍ਰੇਨਿੰਗ ਦੇ ਕੇ ਰਜਿਸਟਰ ਕਰਨ ਲਈ ਸਰਕਾਰ ਨੂੰ ਅਪੀਲ

Satinder Mathur  Picture
Published On

Rural Doctors Registration: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਡਾਕਟਰ ਕੁਲਦੀਪ ਸਿੰਘ ਨਾਗੀ, ਹਲਕਾ ਇੰਚਾਰਜ ਡਾਕਟਰ ਵਿੰਗ ਆਮ ਆਦਮੀ ਪਾਰਟੀ ਫਿਰੋਜ਼ਪੁਰ ਦਿਹਾਤੀ ਵੱਲੋਂ ਆਪਣੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਪਿੰਡਾਂ ਵਿੱਚ ਪ੍ਰਾਈਵੇਟ ਸੇਵਾ ਨਿਭਾ ਰਹੇ ਪੇਂਡੂ ਡਾਕਟਰਾਂ ਨੂੰ ਯੋਗ ਟ੍ਰੇਨਿੰਗ ਦੇ ਕੇ ਸਰਕਾਰੀ ਤੌਰ ’ਤੇ ਰਜਿਸਟਰ ਕੀਤਾ ਜਾਵੇ, ਤਾਂ ਜੋ ਪੇਂਡੂ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿੱਚ ਅੱਜ ਵੀ ਮਾਹਿਰ ਡਾਕਟਰਾਂ ਅਤੇ ਆਧੁਨਿਕ ਸਿਹਤ ਸਹੂਲਤਾਂ ਦੀ ਘਾਟ ਹੈ। ਅਜਿਹੇ ਹਾਲਾਤਾਂ ਵਿੱਚ ਪੇਂਡੂ ਡਾਕਟਰ ਹੀ ਲੋਕਾਂ ਲਈ ਪਹਿਲੀ ਲਾਈਨ ਦੇ ਸਿਹਤ ਸੇਵਕ ਵਜੋਂ ਕੰਮ ਕਰ ਰਹੇ ਹਨ। ਇਹ ਡਾਕਟਰ ਨਾ ਸਿਰਫ ਛੋਟੇ-ਮੋਟੇ ਰੋਗਾਂ ਦਾ ਇਲਾਜ ਕਰਦੇ ਹਨ, ਸਗੋਂ ਐਮਰਜੈਂਸੀ ਹਾਲਾਤਾਂ ਵਿੱਚ ਵੀ ਮਰੀਜ਼ਾਂ ਨੂੰ ਤੁਰੰਤ ਮੱਦਦ ਦੇ ਕੇ ਉਨ੍ਹਾਂ ਦੀ ਜ਼ਿੰਦਗੀ ਬਚਾਉਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।

ਡਾ. ਨਾਗੀ ਨੇ ਕਿਹਾ ਕਿ ਪੇਂਡੂ ਡਾਕਟਰਾਂ ਕੋਲ ਭਾਵੇਂ ਸਰਕਾਰੀ ਡਿਗਰੀ ਨਾ ਹੋਵੇ, ਪਰ ਉਨ੍ਹਾਂ ਕੋਲ ਕਈ ਸਾਲਾਂ ਦਾ ਤਜ਼ਰਬਾ ਅਤੇ ਲੋਕਾਂ ਦੀ ਸੇਵਾ ਕਰਨ ਦੀ ਭਾਵਨਾ ਹੈ, ਜਿਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਕ ਸੁਚੱਜੀ ਨੀਤੀ ਤਿਆਰ ਕਰਕੇ ਇਨ੍ਹਾਂ ਡਾਕਟਰਾਂ ਲਈ ਵਿਸ਼ੇਸ਼ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕਰੇ, ਜਿਸ ਨਾਲ ਉਨ੍ਹਾਂ ਦੀ ਮੈਡੀਕਲ ਜਾਣਕਾਰੀ ਅਤੇ ਹੁਨਰ ਵਿੱਚ ਹੋਰ ਸੁਧਾਰ ਆ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਟ੍ਰੇਨਿੰਗ ਦੇਣ ਤੋਂ ਬਾਅਦ ਇਨ੍ਹਾਂ ਪੇਂਡੂ ਡਾਕਟਰਾਂ ਨੂੰ ਰਜਿਸਟ੍ਰੇਸ਼ਨ ਦਿੱਤੀ ਜਾਵੇ, ਤਾਂ ਜੋ ਉਹ ਕਾਨੂੰਨੀ ਤੌਰ ’ਤੇ ਕੰਮ ਕਰ ਸਕਣ ਅਤੇ ਸਿਹਤ ਵਿਭਾਗ ਦੇ ਨਿਗਰਾਨੀ ਤਹਿਤ ਲੋਕਾਂ ਨੂੰ ਸੁਰੱਖਿਅਤ ਸੇਵਾਵਾਂ ਪ੍ਰਦਾਨ ਕਰ ਸਕਣ। ਇਸ ਨਾਲ ਨਾ ਸਿਰਫ ਪੇਂਡੂ ਡਾਕਟਰਾਂ ਦਾ ਮਨੋਬਲ ਵਧੇਗਾ, ਸਗੋਂ ਸਿਹਤ ਪ੍ਰਣਾਲੀ ਵਿੱਚ ਵੀ ਸੁਧਾਰ ਆਵੇਗਾ।

ਇਹ ਵੀ ਪੜ੍ਹੋ: Heroin Seized Punjab: ਨਸ਼ਾ ਤਸਕਰਾਂ 'ਤੇ ਪੁਲਿਸ ਦਾ ਵੱਡਾ ਐਕਸ਼ਨ: ਲੱਖਾਂ ਦੀ 'ਡਰੱਗ ਮਨੀ' ਤੇ ਹੈਰੋਇਨ ਸਮੇਤ ਦੋ ਕਾਬੂ

ਡਾ. ਨਾਗੀ ਨੇ ਇਹ ਵੀ ਜ਼ਿਕਰ ਕੀਤਾ ਕਿ ਜੇਕਰ ਸਰਕਾਰ ਇਸ ਦਿਸ਼ਾ ਵਿੱਚ ਢੁੱਕਵੇਂ ਕਦਮ ਚੁੱਕਦੀ ਹੈ, ਤਾਂ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਵੱਲ ਦੌੜ ਨਹੀਂ ਲੱਗਾਉਣੀ ਪਵੇਗੀ ਅਤੇ ਉਨ੍ਹਾਂ ਨੂੰ ਆਪਣੇ ਇਲਾਕੇ ਵਿੱਚ ਹੀ ਬਿਹਤਰ ਇਲਾਜ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਇਹ ਕਦਮ ਸਿਹਤ ਸੇਵਾਵਾਂ ਵਿੱਚ ਸਮਾਨਤਾ ਲਿਆਉਣ ਵੱਲ ਇਕ ਵੱਡਾ ਯੋਗਦਾਨ ਸਾਬਤ ਹੋਵੇਗਾ।

ਅੰਤ ਵਿੱਚ ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਪੇਂਡੂ ਡਾਕਟਰਾਂ ਦੀ ਸੇਵਾ ਅਤੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਜਲਦ ਤੋਂ ਜਲਦ ਇਸ ਮਾਮਲੇ ’ਤੇ ਗੰਭੀਰਤਾ ਨਾਲ ਫੈਸਲਾ ਲਿਆ ਜਾਵੇ, ਤਾਂ ਜੋ ਪਿੰਡਾਂ ਦੀ ਸਿਹਤ ਪ੍ਰਣਾਲੀ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣ ਸਕੇ।

Rural-Doctors-Registration
 ਡਾ ਕੁਲਦੀਪ ਸਿੰਘ ਨਾਗੀ ਮੁੱਦਕੀ ਹਲਕਾ ਇੰਚਾਰਜ ਡਾਕਟਰ ਵਿੰਗ ਆਮ ਆਦਮੀ ਪਾਰਟੀ ਫਿਰੋਜ਼ਪੁਰ ਦਿਹਾਤੀ।

About The Author

Related Posts