Punjab
Faridkot Sanitation Workers: ਨਗਰ ਕੌਂਸਲ ਫ਼ਰੀਦਕੋਟ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਸਮਾਪਤ
ਮਈ ਤੇ ਜੂਨ ਮਹੀਨੇ ਦੀ ਤਨਖ਼ਾਹ ਜਾਰੀ ਹੋਣ ਉਪਰੰਤ ਸਫ਼ਾਈ ਸੇਵਕਾਂ ਨੇ ਡਿਊਟੀਆਂ ਮੁੜ ਸੰਭਾਲਣ ਦਾ ਕੀਤਾ ਐਲਾਨ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਨਗਰ ਕੌਂਸਲ ਫ਼ਰੀਦਕੋਟ ਦੇ ਸਫ਼ਾਈ ਸੇਵਕਾਂ ਦੀ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਸਮਾਪਤ ਹੋ ਗਈ ਹੈ। ਸਫ਼ਾਈ ਸੇਵਕਾਂ ਦੀ ਮਈ ਤੇ ਜੂਨ ਮਹੀਨੇ ਦੀ ਤਨਖ਼ਾਹ ਜਾਰੀ ਹੋਣ ਉਪਰੰਤ ਉਨ੍ਹਾਂ ਭਲਕੇ ਤੋਂ ਮੁੜ ਆਪਣੀਆਂ ਡਿਊਟੀਆਂ ਸੰਭਾਲਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਪਰੂਵਮੈਂਟ ਟਰੱਸਟ ਫ਼ਰੀਦਕੋਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਸਫ਼ਾਈ ਸਬੰਧੀ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ, ਇਸ ਲਈ ਸਬੰਧਤ ਅਧਿਕਾਰੀਆਂ ਤੇ ਸਫ਼ਾਈ ਸੇਵਕਾਂ ਨਾਲ ਲਗਾਤਾਰ ਤਾਲਮੇਲ ਬਣਾ ਕੇ ਮਾਮਲੇ ਦਾ ਹੱਲ ਕੱਢਿਆ ਗਿਆ।
Read Also : Faridkot News: ਪਿੰਡ ਪਿੱਪਲੀ ਕਤਲ ਮਾਮਲਾ, ਫਰੀਦਕੋਟ ਪੁਲਿਸ ਨੇ ਕੁਝ ਘੰਟਿਆਂ ’ਚ ਹੀ ਦੋ ਮੁਲਜ਼ਮ ਕੀਤੇ ਕਾਬੂ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਦੇ ਹੱਲ ਤੇ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੇ ਕੰਮ ’ਤੇ ਪਰਤਣ ਨਾਲ ਸ਼ਹਿਰ ’ਚ ਸਫ਼ਾਈ ਵਿਵਸਥਾ ਮੁੜ ਸੁਚਾਰੂ ਹੋਵੇਗੀ ਤੇ ਨਗਰ ਕੌਂਸਲ ਵੱਲੋਂ ਸਾਰੇ ਵਾਰਡਾਂ ’ਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾ ਕੇ ਹੜਤਾਲ ਦੌਰਾਨ ਪ੍ਰਭਾਵਿਤ ਹੋਏ ਸਫ਼ਾਈ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕੀਤਾ ਜਾਵੇਗਾ। ਚੇਅਰਮੈਨ ਸ. ਧਾਲੀਵਾਲ ਨੇ ਸਫ਼ਾਈ ਸੇਵਕਾਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਉਹ ਪਹਿਲਾਂ ਵਾਂਗ ਪੂਰੀ ਲਗਨ ਤੇ ਜ਼ਿੰਮੇਵਾਰੀ ਨਾਲ ਆਪਣੀਆਂ ਡਿਊਟੀਆਂ ਨਿਭਾਉਣ ਤਾਂ ਜੋ ਫ਼ਰੀਦਕੋਟ ਸ਼ਹਿਰ ਦੀ ਸਫ਼ਾਈ ਅਤੇ ਸੁੰਦਰਤਾ ਨੂੰ ਹੋਰ ਬਿਹਤਰ ਬਣਾਇਆ ਜਾ ਸਕੇ।