Punjab
Faridkot News: ਕਾਰ ਚਾਲਕ ਦੇ ਅਦਾਲਤ ’ਚ ਪੇਸ਼ ਹੋਣ ਮਗਰੋਂ ਧਰਨਾ ਸਮਾਪਤ
ਦੋਵੇਂ ਮਹਿਲਾਵਾਂ ਦਾ ਅੰਤਿਮ ਸੰਸਕਾਰ ਅੱਜ ਹੋਣ ਦੀ ਸੰਭਾਵਨਾ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਸਥਾਨਕ ਸਾਦਿਕ ਰੋਡ ’ਤੇ ਸ਼ੁੱਕਰਵਾਰ ਨੂੰ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਦੇਵਰਾਣੀ-ਜੇਠਾਣੀ ਦੀ ਮੌਤ ਮਾਮਲੇ ’ਚ ਐਕਟਿਵਾ ਨੂੰ ਟੱਕਰ ਮਾਰਨ ਵਾਲੀ ਕਾਰ ਦੇ ਚਾਲਕ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਲਾਇਆ ਗਿਆ ਧਰਨਾ ਐਤਵਾਰ ਸ਼ਾਮ ਉਸ ਵੇਲੇ ਸਮਾਪਤ ਹੋ ਗਿਆ, ਜਦੋਂ ਮੁਲਜ਼ਮ ਅਦਾਲਤ ’ਚ ਪੇਸ਼ ਹੋਇਆ ਤੇ ਪੁਲਿਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ। ਜ਼ਿਕਰਯੋਗ ਹੈ ਕਿ ਮ੍ਰਿਤਕ ਮਹਿਲਾਵਾਂ ਦਾ ਅਜੇ ਤੱਕ ਅੰਤਿਮ ਸਸਕਾਰ ਨਹੀਂ ਕੀਤਾ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਸਪੱਸ਼ਟ ਕੀਤਾ ਸੀ ਕਿ ਜਦੋਂ ਤੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੁੰਦੀ, ਉਦੋਂ ਤੱਕ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਹਾਸਲ ਜਾਣਕਾਰੀ ਅਨੁਸਾਰ, ਸ਼ੁੱਕਰਵਾਰ ਨੂੰ ਸ਼ਹੀਦ ਬਲਵਿੰਦਰ ਸਿੰਘ ਨਗਰ ਦੀ ਰਹਿਣ ਵਾਲੀਆਂ 43 ਸਾਲਾ ਸੰਜਨਾ ਤੇ 49 ਸਾਲਾ ਪੂਜਾ ਨਿਹਰ ਕਿਨਾਰੇ ਲੱਗੇ ਹੈਂਡਪੰਪ ਤੋਂ ਪਾਣੀ ਲੈ ਕੇ ਐਕਟਿਵਾ ’ਤੇ ਘਰ ਵਾਪਸ ਆ ਰਹੀਆਂ ਸਨ।
ਇਸ ਦੌਰਾਨ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਦੀ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਮਹਿਲਾਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਬਾਅਦ ਪੁਲਿਸ ਨੇ ਪਿੰਡ ਪਿੰਡੀ ਬਲੋਚਾ ਦੇ ਰਹਿਣ ਵਾਲੇ ਅਰਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ, ਪਰ ਮੁਲਜ਼ਮ ਫ਼ਰਾਰ ਹੋ ਗਿਆ ਸੀ। ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਸਬੰਧੀ ਸ਼ਨਿੱਚਰਵਾਰ ਦੁਪਹਿਰ ਮ੍ਰਿਤਕ ਮਹਿਲਾਵਾਂ ਦੇ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਨਿਵਾਸੀਆਂ ਵੱਲੋਂ ਸਾਦਿਕ ਰੋਡ ’ਤੇ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਮੁਲਜ਼ਮ ਗ੍ਰਿਫ਼ਤਾਰ ਨਹੀਂ ਹੁੰਦਾ, ਉਦੋਂ ਤੱਕ ਨਾ ਤਾਂ ਧਰਨਾ ਖ਼ਤਮ ਕੀਤਾ ਜਾਵੇਗਾ ਤੇ ਨਾ ਹੀ ਮ੍ਰਿਤਕਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਐਤਵਾਰ ਸ਼ਾਮ ਮੁਲਜ਼ਮ ਵੱਲੋਂ ਅਦਾਲਤ ’ਚ ਪੇਸ਼ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ’ਚ ਲੈ ਲਿਆ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਤੇ ਮੁਹੱਲਾ ਵਾਸੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। ਹੁਣ ਦੋਵੇਂ ਮਹਿਲਾਵਾਂ ਦਾ ਅੰਤਿਮ ਸਸਕਾਰ ਕੀਤੇ ਜਾਣ ਦੀ ਸੰਭਾਵਨਾ ਹੈ।