Punjab: ਸਿਫਾਰਿਸ਼ ਦੇ ਬਾਵਜੂਦ ਤਹਿਸੀਲਦਾਰਨੀ ਨੇ ਰਜਿਸ਼ਟਰੀ ਕਰਵਾਉਣ ਲਈ ਮੰਗੀ ਲੱਖਾਂ ਰੁਪਏ ਦੀ ਰਿਸ਼ਵਤ
ਕੈਬਨਿਟ ਮੰਤਰੀ ਹੁਣ ਇਸ ਮਾਮਲੇ ਨੂੰ ਲੈ ਕੇ ਜਾ ਰਹੇ ਹਨ ਮੁੱਖ ਮੰਤਰੀ ਦੇ ਦਰਬਾਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਇੱਕ ਕੈਬਨਿਟ ਮੰਤਰੀ ਆਪਣੇ ਇੱਕ ਕਰੀਬੀ ਸਾਥੀ ਦੀ ਰਜਿਸਟਰੀ ਬਿਨਾਂ ਰਿਸ਼ਵਤ ਤੋਂ ਨਹੀਂ ਕਰਵਾ ਸਕੇ ਰਜਿਸਟਰੀ ਕਰਨ ਦੀ ਸਿਫ਼ਾਰਸ਼ ਖ਼ੁਦ ਕੈਬਨਿਟ ਮੰਤਰੀ ਦੀ ਹੋਣ ਦੇ ਬਾਵਜੂਦ ਤਹਿਸੀਲਦਾਰਨੀ ਵੱਲੋਂ ਲੱਖਾਂ ਰੁਪਏ ਦੀ ਰਿਸ਼ਵਤ ਤੱਕ ਲੈਂਦੇ ਹੋਏ ਹੀ ਰਜਿਸਟਰੀ ਕੀਤੀ ਗਈ ਹੈ, ਜਿਸ ਤੋਂ ਬਾਅਦ ਪੰਜਾਬ ਸਿਵਲ ਸਕੱਤਰੇਤ ’ਚ ਹਲਚਲ ਮੱਚ ਗਈ ਹੈ।
ਜਾਣਕਾਰੀ ਅਨੁਸਾਰ ਮੌਜੂਦਾ ਸਰਕਾਰ ’ਚ ਇੱਕ ਕੈਬਨਿਟ ਮੰਤਰੀ ਕੋਲ ਪੰਜਾਬ ਸਿਵਲ ਸਕੱਤਰੇਤ ਵਿਖੇ ਸਥਿਤ ਉਨ੍ਹਾਂ ਦੇ ਦਫ਼ਤਰ ’ਚ ਇੱਕ ਜਾਣ ਪਹਿਚਾਣ ਦੇ ਵਿਅਕਤੀ ਨੇ ਪਹੁੰਚ ਕਰਦੇ ਹੋਏ ਅਪੀਲ ਕੀਤੀ ਕਿ ਉਨ੍ਹਾਂ ਦੀ ਜਮੀਨ ਦੀ ਰਜਿਸਟਰੀ ਹੈ ਤੇ ਤਹਿਸੀਲ ’ਚ ਰਿਸ਼ਵਤ ਚੱਲਦੀ ਹੈ, ਜਿਸ ਤੋਂ ਬਾਅਦ ਉਕਤ ਕੈਬਨਿਟ ਮੰਤਰੀ ਨੇ ਰਜਿਸਟਰੀ ਕਰਨ ਦੀ ਸਿਫ਼ਾਰਸ਼ ਕਰਦੇ ਹੋਏ ਆਦੇਸ਼ ਦਿੱਤੇ ਸਨ ਕਿ ਪੰਜਾਬ ਵਿੱਚ ਮਾਲ ਵਿਭਾਗ ਨੂੰ ਪਹਿਲਾਂ ਤੋਂ ਹੀ ਭ੍ਰਿਸ਼ਟਾਚਾਰ ਮੁਕਤ ਕੀਤਾ ਹੋਇਆ ਹੈ ਤਾਂ ਇਸ ਤਰ੍ਹਾਂ ਦੀ ਗੱਲ ਵੀ ਉਨ੍ਹਾਂ ਕੋਲ ਨਹੀਂ ਆਉਣੀ ਚਾਹੀਦੀ ਹੈ ਕਿ ਤਹਿਸੀਲ ’ਚ ਰਿਸ਼ਵਤ ਲੈ ਕੇ ਹੀ ਰਜਿਸਟਰੀ ਹੁੰਦੀ ਹੈ।
ਇਸ ਤੋਂ ਬਾਅਦ ਰਜਿਸਟਰੀ ਕਰਵਾਉਣ ਦੀ ਸਿਫ਼ਾਰਸ਼ ਲੈ ਕੇ ਵਿਅਕਤੀ ਸਬੰਧਿਤ ਤਹਿਸੀਲ ’ਚ ਪੁੱਜ ਤਾਂ ਗਿਆ ਪਰ ਅੱਗੋਂ ਤਹਿਸੀਲਦਾਰਨੀ ਵੱਲੋਂ ਸਾਫ਼ ਤੌਰ ’ਤੇ ਇਨਕਾਰ ਕਰ ਦਿੱਤਾ ਗਿਆ ਕਿ ਇਨ੍ਹਾਂ ਦੇ ਕਾਗਜ਼ ’ਚ ਕਈ ਤਰ੍ਹਾਂ ਦੀ ਘਾਟ ਹੈ, ਇਸ ਲਈ ਰਜਿਸਟਰੀ ਨਹੀਂ ਹੋ ਸਕਦੀ। ਇਸ ਤੋਂ ਬਾਅਦ ਇੱਕ ਦੋ ਵਾਰ ਕੋਸ਼ਿਸ਼ ਤਾਂ ਹੋਈ ਪਰ ਰਜਿਸਟਰੀ ਨਹੀਂ ਹੋ ਸਕੀ। ਇਸ ਨੂੰ ਦੇਖਦੇ ਹੋਏ ਸਬੰਧਿਤ ਵਿਅਕਤੀ ਵੱਲੋਂ ਲਗਭਗ ਪੌਣੇ 2 ਲੱਖ ਰੁਪਏ ਦੀ ਰਿਸ਼ਵਤ ਕਿਸੇ ਤਰੀਕੇ ਪਹੁੰਚਾਉਂਦੇ ਹੋਏ ਆਪਣੀ ਰਜਿਸਟਰੀ ਨੂੰ ਕਰਵਾ ਲਿਆ।
Read Also: Haryana ’ਚ ਬਿਜਨਸ ਵਧਾਉਣ ਤੇ ਨਿਰਮਾਣ ਲਈ ਸਰਕਾਰ ਨੇ ਕੰਪਨੀਆਂ ਨੂੰ ਜਾਰੀ ਕੀਤੇ ਕਰੋੜਾਂ ਦੇ ਪੈਕੇਜ਼
ਰਜਿਸਟਰੀ ਰਿਸ਼ਵਤ ਨਾਲ ਕਰਵਾਉਣ ਤੋਂ ਬਾਅਦ ਪੀੜਤ ਵਿਕਅਤੀ ਨੇ ਇੱਕ ਵਾਰ ਫਿਰ ਪੰਜਾਬ ਸਿਵਲ ਸਕੱਤਰੇਤ ਵਿਖੇ ਕੈਬਨਿਟ ਮੰਤਰੀ ਦੇ ਦਫ਼ਤਰ ’ਚ ਪੁੱਜ ਕੇ ਆਪਣੀ ਹੱਡਬੀਤੀ ਦੱਸੀ ਕਿ ਕਿਵੇਂ ਉਨ੍ਹਾਂ ਦੀ ਸਿਫ਼ਾਰਸ਼ ਹੋਣ ਦੇ ਬਾਵਜੂਦ ਵੀ ਰਿਸ਼ਵਤ ਨਾਲ ਹੀ ਰਜਿਸਟਰੀ ਹੋ ਪਾਈ ਹੈ। ਇਸ ਮਾਮਲੇ ’ਚ ਫਿਲਹਾਲ ਜਾਂਚ ਹੀ ਕਰਵਾਈ ਜਾ ਰਹੀ ਹੈ। ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ’ਚ ਪੁੱਜਣ ਵਾਲਾ ਹੈ ਤੇ ਖ਼ੁਦ ਕੈਬਨਿਟ ਮੰਤਰੀ ਹੀ ਮੁੱਖ ਮੰਤਰੀ ਨੂੰ ਮਿਲ ਕੇ ਸ਼ਿਕਾਇਤ ਕਰਨ ਵਾਲੇ ਹਨ।