Punjab Roadways News: ਉੱਤੋਂ ਅੱਤ ਦੀ ਗਰਮੀ, ਬੱਸਾਂ ਦੀ ਰਫ਼ਤਾਰ ਰੁਕੀ, 5 ਲੱਖ ਤੋਂ ਵੱਧ ਪੰਜਾਬੀ ਹੋਏ ਔਖੇ
ਹੜਤਾਲ ਦੇ ਕਾਰਨ ਕਈ ਜ਼ਿਲ੍ਹਿਆਂ ਵਿੱਚ ਸਰਕਾਰੀ ਬੱਸ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਹਨ
ਚੰਡੀਗੜ੍ਹ (ਹਿੰ.ਸ.)। ਪੰਜਾਬ ਵਿੱਚ ਸਰਕਾਰੀ ਬੱਸਾਂ ਦੀ ਹੜਤਾਲ ਦਾ ਵਿਆਪਕ ਅਸਰ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ 'ਤੇ ਪੈ ਰਿਹਾ ਹੈ। ਪਨਬਸ ਅਤੇ ਪੰਜਾਬ ਰੋਡਵੇਜ਼ ਦੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਵੱਲੋਂ ਆਪਣੀਆਂ ਲੰਬੇ ਸਮੇਂ ਤੋਂ ਲੰਬਿਤ ਮੰਗਾਂ ਨੂੰ ਲੈ ਕੇ ਕੀਤੇ ਗਏ ਚੱਕਾ ਜਾਮ ਕਾਰਨ ਸੂਬੇ ਭਰ ਵਿੱਚ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੁੱਧਵਾਰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਈ ਇਸ ਹੜਤਾਲ ਦੇ ਕਾਰਨ ਕਈ ਜ਼ਿਲ੍ਹਿਆਂ ਵਿੱਚ ਸਰਕਾਰੀ ਬੱਸ ਸੇਵਾਵਾਂ ਪ੍ਰਭਾਵਿਤ ਹੋ ਗਈਆਂ ਹਨ।
ਪੰਜਾਬ ਵਿੱਚ ਲਗਭਗ 3,000 ਪੀ.ਆਰ.ਟੀ.ਸੀ. ਅਤੇ 1,600 ਪਨਬਸ ਬੱਸਾਂ ਚੱਲਦੀਆਂ ਹਨ। ਇਨ੍ਹਾਂ ਦੇ ਸੰਚਾਲਨ ਲਈ ਕਰੀਬ 5,500 ਠੇਕਾ ਕਰਮਚਾਰੀ ਅਤੇ 4,500 ਰੈਗੂਲਰ ਕਰਮਚਾਰੀ ਸੇਵਾ ਨਿਭਾ ਰਹੇ ਹਨ। ਜੇਕਰ ਠੇਕਾ ਕਰਮਚਾਰੀ ਪੂਰੀ ਤਰ੍ਹਾਂ ਕੰਮ ਬੰਦ ਕਰ ਦਿੰਦੇ ਹਨ ਤਾਂ ਅੱਧ ਤੋਂ ਵੱਧ ਸਰਕਾਰੀ ਬੱਸਾਂ ਸੜਕਾਂ ’ਤੇ ਨਹੀਂ ਦਿੱਖਣ ਗਈਆਂ। ਪੰਜਾਬ ਰੋਡਵੇਜ਼ ਅਤੇ ਪਨਬਸ ਰਾਜ ਅੰਦਰ ਅਤੇ ਅੰਤਰਰਾਜੀ ਰੂਟਾਂ 'ਤੇ ਵੱਡਾ ਨੈੱਟਵਰਕ ਚਲਾਉਂਦੀਆਂ ਹਨ, ਜੋ ਹਰ ਰੋਜ਼ ਤਕਰੀਬਨ 5 ਲੱਖ ਯਾਤਰੀਆਂ ਨੂੰ ਆਵਾਜਾਈ ਸਹੂਲਤ ਮੁਹੱਈਆ ਕਰਦੀਆਂ ਹਨ।
Read Also : ਪੰਜਾਬ ਦੇ ਖੇਤਾਂ 'ਚੋਂ ਮੰਦਭਾਗੀ ਖਬਰ, ਟਰੈਕਟਰ ਪਲਟਣ ਕਾਰਨ ਕਿਸਾਨ ਦੀ ਮੌਤ
ਹੜਤਾਲ ਕਾਰਨ ਰੋਜ਼ਾਨਾ ਸਫ਼ਰ ਕਰਨ ਵਾਲੇ ਲੋਕਾਂ, ਵਿਦਿਆਰਥੀਆਂ, ਮਰੀਜ਼ਾਂ ਅਤੇ ਪਿੰਡਾਂ ਦੇ ਵਸਨੀਕਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਰਮਚਾਰੀ ਯੂਨੀਅਨਾਂ ਦਾ ਕਹਿਣਾ ਹੈ ਕਿ ਸਰਕਾਰ ਨਾਲ ਕਈ ਦੌਰ ਦੀਆਂ ਮੀਟਿੰਗਾਂ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਿਆ, ਜਿਸ ਕਰਕੇ ਉਹਨਾਂ ਨੂੰ ਹੜਤਾਲ ਦਾ ਰਾਹ ਅਪਣਾਉਣਾ ਪਿਆ। ਦੂਜੇ ਪਾਸੇ ਇਸ ਦਾ ਸਿੱਧਾ ਅਸਰ ਆਮ ਲੋਕਾਂ 'ਤੇ ਪੈ ਰਿਹਾ ਹੈ। ਪਿੰਡਾਂ ਵਿੱਚ ਸਰਕਾਰੀ ਬੱਸਾਂ ਹੀ ਆਵਾਜਾਈ ਦਾ ਮੁੱਖ ਸਾਧਨ ਹਨ, ਇਸ ਲਈ ਲੋਕਾਂ ਨੂੰ ਹੁਣ ਨਿੱਜੀ ਵਾਹਨਾਂ ਜਾਂ ਮਹਿੰਗੇ ਸਫ਼ਰੀ ਵਿਕਲਪਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੱਡੀ ਗਿਣਤੀ ਵਿੱਚ ਪਰਿਵਾਰ ਸੈਰ-ਸਪਾਟੇ ਲਈ ਯਾਤਰਾ ਕਰਦੇ ਹਨ।
ਇਸ ਸਮੇਂ ਬੱਸਾਂ ਦੀ ਘਾਟ ਨੇ ਯਾਤਰੀਆਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ। ਇਸ ਤੋਂ ਇਲਾਵਾ ਕਾਲਜਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਵਿੱਚ ਦਾਖ਼ਲਾ ਪ੍ਰਕਿਰਿਆ ਚੱਲ ਰਹੀ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਵੀ ਆਵਾਜਾਈ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਸਪਤਾਲਾਂ ਵਿੱਚ ਇਲਾਜ ਲਈ ਜਾਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਵੀ ਇਸ ਹੜਤਾਲ ਦਾ ਪ੍ਰਭਾਵ ਪਿਆ ਹੈ। ਖ਼ਾਸ ਕਰਕੇ ਵੱਡੇ ਮੈਡੀਕਲ ਕੇਂਦਰਾਂ ਅਤੇ ਹਸਪਤਾਲਾਂ ਤੱਕ ਪਹੁੰਚਣ ਲਈ ਲੋਕਾਂ ਨੂੰ ਵਾਧੂ ਸਮਾਂ ਅਤੇ ਪੈਸਾ ਖਰਚਣਾ ਪੈ ਰਿਹਾ ਹੈ। ਪੰਜਾਬ ਸਰਕਾਰ ਦੀ ਮੁਫ਼ਤ ਬੱਸ ਯਾਤਰਾ ਯੋਜਨਾ ਦਾ ਲਾਭ ਲੈਣ ਵਾਲੀਆਂ ਹਜ਼ਾਰਾਂ ਮਹਿਲਾਵਾਂ ਵੀ ਹੁਣ ਵਿਕਲਪਕ ਸਾਧਨਾਂ 'ਤੇ ਨਿਰਭਰ ਹੋ ਗਈਆਂ ਹਨ।
15 ਕਰੋੜ ਰੁਪਏ ਤੱਕ ਨੁਕਸਾਨ ਦੀ ਸੰਭਾਵਨਾਹੜਤਾਲ ਦਾ ਅਸਰ ਸਿਰਫ਼ ਯਾਤਰੀਆਂ ਤੱਕ ਹੀ ਸੀਮਿਤ ਨਹੀਂ ਰਹੇਗਾ, ਸਗੋਂ ਸਰਕਾਰੀ ਖ਼ਜ਼ਾਨੇ 'ਤੇ ਵੀ ਪੈ ਸਕਦਾ ਹੈ। ਪੰਜਾਬ ਰੋਡਵੇਜ਼ ਅਤੇ ਪਨਬਸ ਦੀ ਰੋਜ਼ਾਨਾ ਆਮਦਨ ਲਗਭਗ 2 ਤੋਂ 3 ਕਰੋੜ ਰੁਪਏ ਹੈ, ਜਦਕਿ ਪੀ.ਆਰ.ਟੀ.ਸੀ. ਦੀ ਦਿਨ ਦੀ ਕਮਾਈ ਕਰੀਬ 2.5 ਤੋਂ 3 ਕਰੋੜ ਰੁਪਏ ਦੱਸੀ ਜਾਂਦੀ ਹੈ। ਜੇਕਰ ਤਿੰਨ ਦਿਨ ਤੱਕ ਪੂਰਾ ਚੱਕਾ ਜਾਮ ਜਾਰੀ ਰਹਿੰਦਾ ਹੈ ਤਾਂ ਸਰਕਾਰ ਨੂੰ 12 ਤੋਂ 15 ਕਰੋੜ ਰੁਪਏ ਤੱਕ ਦਾ ਸਿੱਧਾ ਵਿੱਤੀ ਨੁਕਸਾਨ ਹੋ ਸਕਦਾ ਹੈ। ਪੀ.ਆਰ.ਟੀ.ਸੀ. ਅਤੇ ਪਨਬਸ ਠੇਕਾ ਕਰਮਚਾਰੀ ਯੂਨੀਅਨ ਦੇ ਮਹਾਸਚਿਵ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ 8 ਮਈ, 2 ਜੂਨ ਅਤੇ 4 ਜੂਨ ਨੂੰ ਸਰਕਾਰ ਨਾਲ ਮੀਟਿੰਗਾਂ ਹੋਈਆਂ ਸਨ, ਪਰ ਕੋਈ ਠੋਸ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੇ ਮਜ਼ਬੂਰੀ ਵੱਸ ਇਹ ਕਦਮ ਚੁੱਕਿਆ ਹੈ ਅਤੇ ਜਦੋਂ ਤੱਕ ਮੰਗਾਂ 'ਤੇ ਸਕਾਰਾਤਮਕ ਫੈਸਲਾ ਨਹੀਂ ਹੁੰਦਾ, ਸੰਘਰਸ਼ ਜਾਰੀ ਰਹੇਗਾ।