Punjab
Sirsa News: ਜਦੋਂ ਗ੍ਰਾਮ ਪੰਚਾਇਤਾਂ ਨੇ ਪੂਜਨੀਕ ਗੁਰੂ ਜੀ ਨੂੰ ਕੀਤੀ ਬੇਨਤੀ ਤਾਂ ਕੁਝ ਹੀ ਘੰਟਿਆਂ ’ਚ ਸ਼ੀਸ਼ੇ ਵਾਂਗ ਚਮਕ ਉੱਠੇ ਤਿੰਨ ਪਿੰਡ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਸਰਸਾ ਦੇ ਕੇਲਨੀਆਂ, ਅਲੀ ਮੁਹੰਮਦ ਤੇ ਸਹਾਰਨੀ ’ਚ ਚੱਲਿਆ ਸਫ਼ਾਈ ਅਭਿਆਨ
ਸਰਸਾ (ਸੁਨੀਲ ਵਰਮਾ)। ਹਰਿਆਣਾ ’ਚ ਸਰਸਾ ਜ਼ਿਲ੍ਹੇ ਦੇ ਪਿੰਡ ਕੇਲਨੀਆਂ, ਅਲੀ ਮੁਹੰਮਦ ਤੇ ਸਹਾਰਨੀ ’ਚ ਸ਼ੁੱਕਰਵਾਰ ਨੂੰ ਸਵੱਛਤਾ ਸਬੰਧੀ ਅਨੋਖੀ ਪਹਿਲ ਦੇਖਣ ਨੂੰ ਮਿਲੀ। ਗ੍ਰਾਮ ਪੰਚਾਇਤਾਂ ਦੀ ਬੇਨਤੀ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੱਡਾ ਸਫ਼ਾਈ ਅਭਿਆਨ ਚਲਾ ਕੇ ਪਿੰਡਾਂ ਦੀਆਂ ਗਲੀਆਂ, ਜਨਤਕ ਥਾਵਾਂ ਤੇ ਅਦਾਰਿਆਂ ਨੂੰ ਸਾਫ਼-ਸੁਥਰਾ ਬਣਾਇਆ।
ਅਭਿਆਨ ’ਚ ਸਰਸਾ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਪਹੁੰਚੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਸਮੇਤ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਹਿੱਸਾ ਲਿਆ। ਦੁਪਹਿਰ ਬਾਅਦ ਸ਼ੁਰੂ ਹੋਏ ਅਭਿਆਨ ਦੌਰਾਨ ਸੇਵਾਦਾਰਾਂ ਨੇ ਗ੍ਰਾਮ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡਾਂ ਦੀਆਂ ਗਲੀਆਂ, ਪੰਚਾਇਤ ਘਰਾਂ, ਆਯੂਸ਼ਮਾਨ ਕੇਂਦਰਾਂ, ਸਰਕਾਰੀ ਸਕੂਲਾਂ ਤੇ ਹੋਰ ਜਨਤਕ ਥਾਵਾਂ ਦੀ ਸਫ਼ਾਈ ਕੀਤੀ। ਜਗ੍ਹਾ-ਜਗ੍ਹਾ ਫੈਲੇ ਕੂੜੇ-ਕਰਕਟ ਨੂੰ ਇਕੱਠਾ ਕਰਕੇ ਟਰੈਕਟਰ-ਟਰਾਲੀਆਂ ਜ਼ਰੀਏ ਪਿੰਡ ਦੀ ਹੱਦ ਤੋਂ ਬਾਹਰ ਨਿਰਧਾਰਤ ਸਥਾਨਾਂ ਤੱਕ ਪਹੁੰਚਾਇਆ ਗਿਆ।
ਸਫ਼ਾਈ ਦੇ ਨਾਲ-ਨਾਲ ਪਿੰਡ ਵਾਸੀਆਂ ਨੂੰ ਸਫ਼ਾਈ ਦੇ ਮਹੱਤਵ ਤੇ ਸਾਫ਼-ਸਫ਼ਾਈ ਬਣਾਈ ਰੱਖਣ ਪ੍ਰਤੀ ਵੀ ਜਾਗਰੂਕ ਕੀਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਲੰਮੇ ਸਮੇਂ ਬਾਅਦ ਇੰਨੇ ਵੱਡੀ ਪੱਧਰ ’ਤੇ ਸਫ਼ਾਈ ਅਭਿਆਨ ਚਲਾਇਆ ਗਿਆ, ਜਿਸ ਨਾਲ ਪਿੰਡਾਂ ਦਾ ਵਾਤਾਵਾਰਨ ਸਵੱਛ ਤੇ ਸੁੰਦਰ ਨਜ਼ਰ ਆਉਣ ਲੱਗਿਆ। ਅਭਿਆਨ ਦੌਰਾਨ ਪਿੰਡਾਂ ਦੀਆਂ ਮੁੱਖ ਸੜਕਾਂ, ਗਲੀਆਂ ਤੇ ਭਾਈਚਾਰਕ ਥਾਵਾਂ ’ਤੇ ਵਿਸ਼ੇਸ਼ ਤੌਰ ’ਤੇ ਸਫ਼ਾਈ ਕੀਤੀ ਗਈ।
ਪਿੰਡ ਕੇਲਨੀਆ ਦੀ ਸਰਪੰਚ ਅੰਜੂ ਬਾਲਾ, ਅਲੀ ਮੁਹੰਮਦ ਦੇ ਸਰਪੰਚ ਗੁਗਨਰਾਮ ਤੇ ਸਹਾਰਨੀ ਦੇ ਸਰਪੰਚ ਸਤਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਮੁਲਾਕਾਤ ਕਰਕੇ ਆਪਣੇ ਪਿੰਡਾਂ ’ਚ ਸਫ਼ਾਈ ਅਭਿਆਨ ਚਲਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਅਭਿਆਨ ਨਾਲ ਨਾ ਸਿਰਫ਼ ਪਿੰਡਾਂ ਦੀ ਸਾਫ਼-ਸਫ਼ਾਈ ਹੋਈ ਹੈ, ਸਗੋਂ ਲੋਕਾਂ ’ਚ ਸਵੱਛਤਾ ਪ੍ਰਤੀ ਜਾਗਰੂਕਤਾ ਵੀ ਵਧੀ ਹੈ। ਪੰਚਾਇਤਾਂ ਵੱਲੋਂ ਪੂਜਨੀਕ ਗੁਰੂ ਜੀ ਦਾ ਧੰਨਵਾਦ ਪ੍ਰਗਟ ਕੀਤਾ ਗਿਆ।
ਆਪਣੇ ਨਾਲ ਲਿਆਏ ਭੋਜਨ ਤੇ ਪਾਣੀ
ਸੱਚੇ ਨਿਮਰ ਸੇਵਾਦਾਰ ਰਾਕੇਸ਼ ਬਜਾਜ ਇੰਸਾਂ, ਸੰਦੀਪ ਅਨੂੰ ਇੰਸਾਂ, ਅਮਰਜੀਤ ਇੰਸਾਂ, ਰਾਮਪਾਲ ਇੰਸਾਂ ਤੇ ਸਰਸਾ ਬਲਾਕ ਪ੍ਰੇਮੀ ਸੇਵਕ ਕਸਤੂਰ ਸੋਨੀ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਸਿੱਖਿਆ ਅਨੁਸਾਰ ਸੇਵਾਦਾਰ ਆਪਣੇ ਲਈ ਲੰਗਰ-ਭੋਜਨ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਖੁਦ ਕਰਕੇ ਆਏ ਸਨ, ਤਾਂ ਕਿ ਪਿੰਡ ਵਾਸੀਆਂ ’ਤੇ ਕਿਸੇ ਤਰ੍ਹਾਂ ਦਾ ਵਾਧੂ ਬੋਝ ਨਾ ਪਵੇ। ਉਨ੍ਹਾਂ ਕਿਹਾ ਕਿ ਸਾਧ-ਸੰਗਤ ਦਾ ਉਦੇਸ਼ ਸਿਰਫ਼ ਸਫਾਈ ਕਰਨਾ ਹੀ ਨਹੀਂ, ਸਗੋਂ ਲੋਕਾਂ ਨੂੰ ਸਵੱਛਤਾ ਪ੍ਰਤੀ ਪ੍ਰੇਰਿਤ ਕਰਨਾ ਵੀ ਹੈ। ਕੁਝ ਹੀ ਘੰਟਿਆਂ ਦੀ ਮਿਹਨਤ ਨਾਲ ਤਿੰਨ ਪਿੰਡਾਂ ’ਚ ਸਫ਼ਾਈ ਕਰਕੇ ਉਨ੍ਹਾਂ ਨੂੰ ਸਵੱਛਤਾ ਦੀ ਸੌਗਾਤ ਦਿੱਤੀ ਗਈ।
ਪਿੰਡ ਵਾਸੀਆਂ ਨੇ ਕੀਤੀ ਸਲਾਹੁਤਾ
ਸਫ਼ਾਈ ਅਭਿਆਨ ਤੋਂ ਬਾਅਦ ਪਿੰਡਾਂ ਦੇ ਜਨਤਕ ਥਾਵਾਂ ਸਾਫ਼-ਸੁਥਰੇ ਨਜ਼ਰ ਆਏ। ਪਿੰਡ ਵਾਸੀਆਂ ਨੇ ਸੇਵਾਦਾਰਾਂ ਦੇ ਸੇਵਾ ਭਾਵ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਭਿਆਨਾਂ ਨਾਲ ਸਮਾਜ ’ਚ ਸਕਾਰਾਤਮਕ ਸੰਦੇਸ਼ ਜਾਂਦਾ ਹੈ ਤੇ ਲੋਕਾਂ ਨੂੰ ਆਪਣੇ ਆਸ-ਪਾਸ ਸਾਫ਼-ਸਫ਼ਾਈ ਬਣਾਈ ਰੱਖਣ ਦੀ ਪ੍ਰੇਰਨਾ ਮਿਲਦੀ ਹੈ। ਅਭਿਆਨ ਦੀ ਸਮਾਪਤੀ ’ਤੇ ਪੰਚਾਇਤ ਨੁਮਾਇੰਦਿਆਂ ਤੇ ਪਿੰਡ ਵਾਸੀਆਂ ਨੇ ਭਵਿੱਖ ’ਚ ਵੀ ਅਜਿਹੇ ਲੋਕਹਿੱਤ ਕਾਰਜਾਂ ਲਈ ਸਹਿਯੋਗ ਬਣਾਈ ਰੱਖਣ ਦੀ ਗੱਲ ਕਹੀ ਹੈ।

ਸਾਡੇ ਪਿੰਡ ’ਚ ਕਾਫ਼ੀ ਸਮੇਂ ਤੋਂ ਗੰਦਗੀ ਦੀ ਸਮੱਸਿਆ ਬਣੀ ਹੋਈ ਸੀ। ਇਸੇ ਨੂੰ ਦੇਖਦੇ ਹੋਏ ਅਸੀਂ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਿੰਡ ’ਚ ਸਫ਼ਾਈ ਅਭਿਆਨ ਚਲਾਉਣ ਦੀ ਬੇਨਤੀ ਕੀਤੀ ਸੀ। ਸਾਡੀ ਅਪੀਲ ’ਤੇ ਸ਼ੁੱਕਰਵਾਰ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਪਿੰਡ ’ਚ ਪਹੁੰਚੇ ਤੇ ਵੱਡਾ ਸਫ਼ਾਈ ਅਭਿਆਨ ਚਲਾਇਆ। ਸੇਵਾਦਾਰਾਂ ਨੇ ਸਿਰਫ਼ ਕੁਝ ਹੀ ਘੰਟਿਆਂ ’ਚ ਪਿੰਡ ਦੀ ਦਿੱਖ ਬਦਲ ਕੇ ਰੱਖ ਦਿੱਤੀ। ਅਸੀਂ ਪੂਜਨੀਕ ਗੁਰੂ ਜੀ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਸਾਡੀ ਇੱਕ ਬੇਨਤੀ ’ਤੇ ਪਿੰਡ ’ਚ ਸਫ਼ਾਈ ਲਈ ਸੇਵਾਦਾਰਾਂ ਦੀ ਟੀਮ ਭੇਜ ਕੇ ਪਿੰਡ ਵਾਸੀਆਂ ਨੂੰ ਸਵੱਛ ਵਾਤਾਵਰਨ ਦੀ ਸੌਗਾਤ ਦਿੱਤੀ।
ਅੰਜੂ ਬਾਲਾ, ਸਰਪੰਚ, ਕੇਲਨੀਆਂ

ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਵੱਲੋਂ ਪਿੰਡ ਅਲੀ ਮੁਹੰਮਦ ’ਚ ਸਫ਼ਾਈ ਅਭਿਆਨ ਚਲਾਇਆ ਗਿਆ, ਜਿਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਲੀ ਮੁੰਹਮਦ ’ਚ ਵੀ ਸਫ਼ਾਈ ਕੀਤੀ ਗਈ। ਸਕੂਲ ਲਗਭਗ 6 ਏਕੜ ਖੇਤਰ ’ਚ ਫੈਲਿਆ ਹੋਇਆ ਹੈ ਤੇ ਇੱਥੇ ਕੋਈ ਸਥਾਈ ਸਫ਼ਾਈ ਕਰਮਚਾਰੀ ਨਹੀਂ ਹੈ। ਇਸ ਕਾਰਨ ਸਫ਼ਾਈ ਵਿਵਸਥਾ ਪ੍ਰਭਾਵਿਤ ਹੋ ਰਹੀ ਸੀ। ਸੇਵਾਦਾਰਾਂ ਨੇ ਸਿਰਫ਼ ਕੁਝ ਘੰਟਿਆਂ ’ਚ ਸਕੂਲ ਗਰਾਊਂਡ ਦੀ ਸਫ਼ਾਈ ਕਰਕੇ ਉਸ ਨੂੰ ਸਵੱਛ ਤੇ ਸੁੰਦਰ ਬਣਾ ਦਿੱਤੀ। ਇਸ ਦੇ ਲਈ ਸਕੂਲ ਦਾ ਸਮੂਹ ਸਟਾਫ਼ ਡੇਰਾ ਸੱਚਾ ਸੌਦਾ ਤੇ ਸੇਵਾਦਾਰਾਂ ਦਾ ਦਿਲੋਂ ਧੰਨਵਾਦੀ ਹੈ। ਇਹ ਸੇਵਾ ਕਾਰਜ ਵਿਦਿਆਰਥੀਆਂ ਲਈ ਵੀ ਪ੍ਰੇਰਨਾਦਾਇਕ ਹੈ।
ਭੂਪ ਸਿੰਘ, ਪ੍ਰਿੰਸੀਪਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਲੀ ਮੁਹੰਮਦ