Punjab
Sirsa News: ਘੱਗਰ ’ਚ ਵਧਿਆ ਪਾਣੀ ਦਾ ਪੱਧਰ, ਸਰਸਾ ਦੇ ਓਟੂ ’ਚੋਂ ਨਹਿਰਾਂ ’ਚ ਛੱਡਿਆ ਪਾਣੀ, ਕਿਸਾਨਾਂ ਨੂੰ ਮਿਲੀ ਰਾਹਤ
6300 ਕਿਊਸਿਕ ਪਾਣੀ ਪਹੁੰਚਣ ਨਾਲ ਝੋਨੇ ਦੇ ਸਿੰਚਾਈ ਨੂੰ ਮਿਲੇਗੀ ਤੇਜ਼ੀ
ਸਰਸਾ (ਸੁਨੀਲ ਵਰਮਾ)। ਪਹਾੜੀ ਖੇਤਰਾਂ ’ਚ ਪਏ ਮੀਂਹ ਦਾ ਅਸਰ ਹੁਣ ਸਰਸਾ ’ਚ ਵੀ ਦਿਖਾਈ ਦੇਣ ਲੱਗਿਆ ਹੈ। ਘੱਗਰ ਨਦੀ ’ਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਮੰਗਲਵਾਰ ਨੂੰ ਓਟੂ ਹੈੱਡ ’ਤੇ 6300 ਕਿਊਸਿਕ ਪਾਣੀ ਪਹੁੰਚ ਗਿਆ। ਨਿਰਧਾਰਿਤ ਪੱਧਰ ਪੂਰਾ ਹੁੰਦਿਆਂ ਹੀ ਸਿੰਚਾਈ ਵਿਭਾਗ ਨੇ ਓਟੂ ’ਚੋਂ ਨਿਕਲਣ ਵਾਲੀਆਂ ਸਾਰੀਆ ਮੁੱਖ ਨਹਿਰਾਂ ਅਤੇ ਸਾਉਣੀ ਚੈੱਨਲਾਂ ’ਚ ਪਾਣੀ ਛੱਡ ਦਿੱਤਾ।
ਇਸ ਨਾਲ ਝੋਨੇ ਦੀ ਫਸਲ ਦੀ ਸਿੰਚਾਈ ਅਤੇ ਹੋਰ ਫਸਲਾਂ ਦੀ ਸਿੰਚਾਈ ਲਈ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਸਿੰਚਾਈ ਵਿਭਾਗ ਅਨੁਸਾਰ ਸਰਦੂਲਗੜ੍ਹ ਤੋਂ 6300 ਕਿਊਸਕ ਪਾਣੀ ਸਰਸਾ ਵੱਲ ਛੱਡਿਆ ਗਿਆ ਹੈ। ਓਟੂ ’ਤੇ ਪਾਣੀ ਦਾ ਪੱਧਰ 12 ਫੁੱਟ ਪਹੁੰਚਣ ਤੋਂ ਬਾਅਦ ਐੱਸਜੀਸੀ, ਐੱਨਜੀਸੀ, ਸ਼ੇਰਾਂਵਾਲੀ, ਜੀਬੀਐੱਸਐੱਮ, ਰੱਤਾਖੇੜਾ ਖਰੀਫ ਚੈੱਨਲ, ਸਹਦੇਵਾ, ਮੰਗਾਲਾ ਡਾਇਰੈਕਟਰ ਮਾਈਨਰ, ਕਸਾਬਾ ਸਮੇਤ ਹੋਰ ਲਿੰਕ ਚੈੱਨਲਾਂ ’ਚ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ।
Read Also : ਡੇਰਾ ਸ਼ਰਧਾਲੂਆਂ ਤੇ ਦੁਕਾਨਦਾਰਾਂ ਨੇ ਮਿਲ ਕੇ ਬੁਝਾਈ ਸੈਲੂਨ ’ਚ ਲੱਗੀ ਅੱਗ
ਵਿਭਾਗ ਦਾ ਕਹਿਣਾ ਹੈ ਕਿ ਸਾਰੀਆਂ ਨਹਿਰਾਂ ਦੇ ਸੁਚਾਰੂ ਸੰਚਾਲਨ ਲਈ ਕਰੀਬ 3500 ਕਿਊੁਸਿਕ ਪਾਣੀ ਦੀ ਜ਼ਰੂਰਤ ਹੁੰਦੀ ਹੈ, ਜਦੋਂ ਕਿ ਵਾਧੂ ਪਾਣੀ ਰਾਜਸਥਾਨ ਵੱਲ ਛੱਡਿਆ ਜਾਵੇਗਾ। ਅਗਲੇ ਇੱਕ ਹਫਤੇ ਤੱਕ ਘੱਗਰ ’ਚ ਇਸ ਤਰ੍ਹਾਂ ਪਾਣੀ ਆਉਣ ਦੀ ਸੰਭਾਵਨਾ ਜਤਾਈ ਗਈ ਹੈ। ਹਾਲਾਂਕਿ ਰੰਗੋਈ ਨਾਲੇ ’ਚ ਹੁਣ ਤੱਕ ਪਾਣੀ ਨਾ ਪਹੁੰਚਣ ਨਾਲ ਡਿੰਗ ਰੋਡ ਖੇਤਰ ਦੇ ਕਿਸਾਨਾਂ ਦੀ ਚਿੰਤਾ ਬਣੀ ਹੋਈ ਹੈ। ਆਸ-ਪਾਸ ਦੇ ਸੱਤ ਅੱਠ ਪਿੰਡਾਂ ’ਚ ਭਰਪੂਰ ਮੀਂਹ ਨਾ ਪੈਣ ਕਾਰਨ ਝੋਨੇ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ।
ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਰੰਗੋਈ ’ਚ ਪਾਣੀ ਨਾ ਆਇਆ ਤਾਂ ਫਸਲਾਂ ’ਤੇ ਅਸਰ ਪੈ ਸਕਦਾ ਹੈ। ਘੱਗਰ ’ਚ ਪਾਣੀ ਆਉਣ ਤੋਂ ਪਹਿਲਾਂ ਸਿੰਚਾਈ ਵਿਭਾਗ ਨੇ ਜਿਲ੍ਹੇ ਦੀਆਂ ਸਾਰੀਆਂ ਨਹਿਰਾਂ ਅਤੇ ਖਰੀਫ ਚੈਨਲਾਂ ਦੀ ਸਫਾਈ ਦਾ ਕੰਮ ਪੂਰਾ ਕਰ ਲਿਆ ਸੀ। ਵਿਭਾਗ ਦਾ ਕਹਿਣਾ ਹੈ ਕਿ 20 ਹਜ਼ਾਰ ਕਿਊਸਿਕ ਤੋਂ ਜ਼ਿਆਦਾ ਪਾਣੀ ਆਉਣ ਦੀ ਸਥਿਤੀ ’ਚ ਹੀ ਆਸ-ਪਾਸ ਦੇ ਪਿੰਡਾਂ ਨੂੰ ਅਲਰਟ ਕੀਤਾ ਜਾਂਦਾ ਹੈ। ਫਿਲਹਾਲ ਸਥਿਤੀ ਪੂਰੀ ਤਰ੍ਹਾਂ ਸਾਧਾਰਨ ਹੈ।
ਘੱਗਰ ’ਚ ਵੱਖ-ਵੱਖ ਖੇਤਰਾਂ ’ਚ ਪਾਣੀ ਦਾ ਪੱਧਰ ਇਸ ਤਰ੍ਹਾਂ
- ਗੂਹਲਾ-ਚੀਕਾ : 12320 ਕਿਊਸਿਕ
- ਖਨੌਰੀ : 5645 ਕਿਊਸਿਕ
- ਚਾਂਦਪੁਰ : 3550 ਕਿਊਸਿਕ
- ਸਰਦੂਲਗੜ੍ਹ : 6370 ਕਿਊਸਿਕ
- ਓਟੂ : 6300 ਕਿਊਸਿਕ
ਕਿਸਾਨਾਂ ਨੂੰ ਸਿੰਚਾਈ ’ਚ ਸਹੂਲਤ
ਘੱਗਰ ’ਚ ਫਿਲਹਾਲ 6300 ਕਿਊਸਿਕ ਪਾਣੀ ਪਹੁੰਚ ਰਿਹਾ ਹੈ। ਓਟੂ ਦਾ ਪੱਧਰ ਪੂਰਾ ਹੋਣ ਤੋਂ ਬਾਅਦ ਸਾਰੀਆਂ ਨਹਿਰਾਂ ’ਚ ਪਾਣੀ ਛੱਡ ਦਿੱਤਾ ਗਿਆ ਹੈ, ਜਿਸ ਨਾਲ ਕਿਸਾਨਾਂ ਨੂੰ ਸਿੰਚਾਈ ’ਚ ਸਹੂਲਤ ਮਿਲੇਗੀ। ਉਨ੍ਹਾਂ ਨੇ ਦੱਸਿਆ ਕਿ ਨਹਿਰਾਂ ਦੀ ਸਫਾਈ ਦਾ ਕੰਮ ਵੀ ਪਹਿਲਾਂ ਹੀ ਪੂਰਾ ਕਰਾਇਆ ਗਿਆ ਹੈ।
-ਰਘਵੀਰ ਸ਼ਰਮਾ, ਐੱਸਡੀਓ