ਘਰ ਦੇ ਜਿੰਦਰਿਆਂ ਲਈ ਨਾ ਖੋਲ੍ਹੋ ਬਿਰਧ ਆਸ਼ਰਮਾਂ ਦੇ ਜਿੰਦਰੇ

Shelves, Shelters, Locks, House

ਨਰਿੰਦਰ ਸਿੰਘ ਚੌਹਾਨ

ਸਿਆਣਿਆਂ ਨੇ ਇਹ ਅਖਾਣ ਬਿਲਕੁਲ ਸਹੀ ਬਣਾਇਆ ਹੈ ਕਿ ਬਜ਼ੁਰਗ ਘਰ ਦਾ ਜਿੰਦਰਾ ਹੁੰਦੇ ਹਨ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਬਜ਼ੁਰਗ ਘਰ ਦਾ ਜਿੰਦਰਾ ਹੀ ਹੁੰਦੇ ਹਨ ਕਿਉਂਕਿ ਇਨ੍ਹਾਂ ਬਜ਼ੁਰਗਾਂ ਦੇ ਸਹਾਰੇ ਅਸੀਂ ਆਪਣੇ ਘਰ-ਬਾਰ ਨੂੰ ਖੁੱਲ੍ਹਾ ਛੱਡ ਕਿਤੇ ਵੀ ਆ-ਜਾ ਸਕਦੇ ਹਾਂ। ਕਿਉਂਕਿ ਸਾਨੂੰ ਪਤਾ ਹੁੰਦਾ ਹੈ ਕਿ ਜਦੋਂ ਤੱਕ ਘਰ ਵਿੱਚ ਬਜ਼ੁਰਗ ਬੈਠੇ ਹਨ ਉਦੋਂ ਤੱਕ ਘਰ ਦੀ ਕੋਈ ਵੀ ਚੀਜ ਇੱਧਰ-ਉੱਧਰ ਨਹੀਂ ਹੋ ਸਕਦੀ। ਇਨ੍ਹਾਂ ਬਜੁਰਗਾਂ ਦੇ ਸਹਾਰੇ ਅਸੀਂ ਬੱਚਿਆਂ ਨੂੰ ਘਰ ਵਿੱਚ ਛੱਡ ਕੇ ਕਿਤੇ ਵੀ ਰਿਸ਼ਤੇਦਾਰੀ ਆਦਿ ਵਿੱਚ ਆ-ਜਾ ਸਕਦੇ ਹਾਂ। ਕਿਉਂਕਿ ਇਨ੍ਹਾਂ ਦੇ ਹੁੰਦੇ ਹੋਏ ਸਾਨੂੰ ਘਰ-ਬਾਰ ਅਤੇ ਬੱਚਿਆਂ ਦਾ ਕੋਈ ਫਿਕਰ ਨਹੀਂ ਰਹਿੰਦਾ। ਬਜੁਰਗ ਉਨ੍ਹਾਂ ਬੁੱਢੇ ਹੋਏ ਦਰੱਖਤਾਂ ਵਾਂਗ ਹੁੰਦੇ ਹਨ ਜੋ ਕਿ ਸਾਥੋਂ ਕੁਝ ਵੀ ਨਹੀਂ ਲੈਂਦੇ ਉਲਟਾ ਸਾਨੂੰ ਠੰਢੀਆਂ ਛਾਵਾਂ ਤੇ ਫਲ ਆਦਿ ਦਿੰਦੇ ਰਹਿੰਦੇ ਹਨ।

ਇਨ੍ਹਾਂ ਬਜੁਰਗਾਂ ਨੂੰ ਸਾਥੋਂ ਕੁਝ ਵੀ ਜ਼ਿਆਦਾ ਨਹੀਂ ਚਾਹੀਦਾ ਹੁੰਦਾ, ਇਹ ਤਾਂ ਬੱਸ ਪਿਆਰ ਦੇ ਦੋ ਬੋਲਾਂ ਨੂੰ ਸੁਣਨ ਲਈ ਹਮੇਸ਼ਾ ਤਰਸਦੇ ਰਹਿੰਦੇ ਹਨ। ਪਰ ਸਮੇਂ ਨੇ ਐਸੀ ਚਾਲ ਚੱਲੀ ਹੈ ਕਿ ਬਜ਼ੁਰਗ ਹੁੰਦੇ ਮਾਂ-ਬਾਪ ਧੜਾਧੜ ਖੁੱਲ੍ਹ ਰਹੇ ਬਿਰਧ ਆਸ਼ਰਮਾਂ ਵਿੱਚ ਆਪਣੀ ਜਿੰਦਗੀ ਦੇ ਆਖਰੀ ਪਲ ਆਪਣੇ ਧੀਆਂ-ਪੁੱਤਰਾਂ ਦੀ ਯਾਦ ਵਿੱਚ ਕੱਟ ਰਹੇ ਹਨ। ਕਿੰਨੇ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਮਾਪਿਆਂ ਨੇ ਪੰਜ-ਪੰਜ ਧੀਆਂ-ਪੁੱਤਰਾਂ ਨੂੰ ਜੇਠ-ਹਾੜ ਦੀਆਂ ਤਪਦੀਆਂ ਦੁਪਹਿਰਾਂ ਤੇ ਪੋਹ-ਮਾਘ ਦੀਆਂ ਸਰਦੀਆਂ ਵਿੱਚ ਦਿਨ-ਰਾਤ ਕੰਮ ਕਰਕੇ ਪਾਲ਼ਿਆ। ਅੱਜ ਉਨ੍ਹਾਂ ਧੀਆਂ-ਪੁੱਤਰਾਂ ਦੇ ਵੱਡੇ-ਵੱਡੇ ਆਲੀਸ਼ਾਨ ਮਹਿਲਨੁਮਾ ਮਕਾਨਾਂ ਵਿੱਚ ਇਨ੍ਹਾਂ ਬਜ਼ੁਰਗਾਂ ਲਈ ਇੱਕ ਵਾਣ ਦਾ ਮੰਜਾ ਡਾਹੁਣ ਜੋਗੀ ਵੀ ਥਾਂ ਨਹੀਂ ਹੁੰਦੀ। ਕੀ ਕਰਨਾ ਇਨ੍ਹਾਂ ਮਹਿਲਨੁਮਾ ਮਕਾਨਾਂ ਨੂੰ ਜਿਨ੍ਹਾਂ ਵਿੱਚ ਆਪਣੇ ਬਜ਼ੁਰਗਾਂ ਲਈ ਥਾਂ ਨਾ ਹੋਵੇ।

ਇਨ੍ਹਾਂ ਬਜੁਰਗਾਂ ਕਾਰਨ ਹੀ ਅਸੀਂ ਜਿੰਦਗੀ ਦੇ ਕਈ ਮੁਕਾਮ ਸਰ ਕਰ ਜਾਂਦੇ ਹਾਂ ਕਿਉਂਕਿ ਇਹ ਬਜੁਰਗ ਹੀ ਹਨ ਜੋ ਆਪਣੀ ਜਿੰਦਗੀ ਦੇ ਤਜ਼ਰਬੇ ਸਾਡੇ ਨਾਲ ਸਾਂਝੇ ਕਰਕੇ ਸਾਨੂੰ ਤਰੱਕੀਆਂ ਦੀਆਂ ਪੌੜੀਆਂ ਚੜ੍ਹਨਾ ਸਿਖਾਉਂਦੇ ਹਨ। ਜੇਕਰ ਘਰ ਵਿੱਚ ਕੋਈ ਬਜੁਰਗ ਨਾ ਹੋਵੇ ਤਾਂ ਘਰ ਵਿੱਚ ਰੌਣਕ ਨਹੀਂ ਰਹਿੰਦੀ ਅਤੇ ਘਰ ਦੀਆਂ ਕੰਧਾਂ ਵੱਢ ਖਾਣ ਨੂੰ ਆਉਂਦੀਆਂ ਹਨ।

ਪਹਿਲੇ ਸਮੇਂ ਵਿੱਚ ਜਦੋਂ ਬਜੁਰਗ ਘਰ ਵਿੱਚ ਹੁੰਦੇ ਸਨ ਤਾਂ ਬੱਚੇ ਆਪਣੇ ਬਜੁਰਗਾਂ ਤੋਂ ਸੂਰਬੀਰ, ਯੋਧਿਆਂ ਦੀਆਂ ਬਾਤਾਂ/ਕਹਾਣੀਆਂ ਸੁਣ ਕੇ ਮਜ਼ਬੂਤ ਇਰਾਦੇ ਵਾਲੇ ਇਨਸਾਨ ਬਣਦੇ ਸਨ ਤੇ ਅੱਜ ਦੇ ਬੱਚੇ ਮੋਬਾਇਲਾਂ, ਲੈਪਟਾਪ, ਟੀ. ਵੀ. ਤੇ ਵੀਡੀਓ ਗੇਮਾਂ ਵਿੱਚ ਕੈਦ ਹੋ ਕੇ ਰਹਿ ਗਏ ਹਨ। ਇਨ੍ਹਾਂ ਬਹੁਤੀਆਂ ਗੇਮਾਂ ਦੇ ਭਿਆਨਕ ਨਤੀਜੇ ਵੀ ਸਾਨੂੰ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ਗੇਮਾਂ ਦੇ ਚੱਕਰਾਂ ਵਿੱਚ ਕਿੰਨੇ ਹੀ ਮਾਸੂਮ ਬੱਚੇ ਆਪਣੀ ਜਿੰਦਗੀ ਗੁਆ ਬੈਠੇ ਹਨ।

ਇਸ ਲਈ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਸਾਡੇ ਬੁਢਾਪੇ ਦਾ ਸਹਾਰਾ ਬਣਨ ਤਾਂ ਸਾਨੂੰ ਵੀ ਆਪਣੇ ਬਜੁਰਗਾਂ ਦਾ ਸਹਾਰਾ ਬਣਨਾ ਪਵੇਗਾ। ਕਿਉਂਕਿ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਜਿਹੋ-ਜਿਹਾ ਅਸੀਂ ਬੀਜਦੇ ਹਾਂ ਉਹੋ-ਜਿਹਾ ਹੀ ਸਾਨੂੰ ਵੱਢਣਾ ਪੈਣਾ ਹੈ। ਕਿਉਂਕਿ ਜੇਕਰ ਅਸੀਂ ਆਪਣੇ ਬਜੁਰਗਾਂ ਨੂੰ ਬਿਰਧ ਆਸ਼ਰਮਾਂ ਵਿੱਚ ਭੇਜ ਸਕਦੇ ਹਾਂ ਤਾਂ ਕੀ ਸਾਡੇ ਬੱਚੇ ਸਾਡੇ ਨਕਸ਼ੇ ਕਦਮ ‘ਤੇ ਨਹੀਂ ਚੱਲਣਗੇ? ਇਸ ਲਈ ਸਾਨੂੰ ਆਪਣੇ ਬਜੁਰਗਾਂ ਦੀ ਸੇਵਾ ਘਰ ਪਰਿਵਾਰ ਵਿੱਚ ਰਲ-ਮਿਲ ਕੇ ਕਰਨੀ ਚਾਹੀਦੀ ਹੈ ਤਾਂ ਜੋ ਸਾਡੇ ਬੱਚੇ ਬਜੁਰਗਾਂ ਤੋਂ ਚੰਗੀਆਂ ਗੱਲਾਂ ਸਿੱਖ ਕੇ ਸੂਰਬੀਰ, ਯੋਧਿਆਂ ਵਾਲੇ ਮਾਨਵਤਾ ਭਲਾਈ ਕਾਰਜ ਕਰਨ ਨੂੰ ਪਹਿਲ ਦੇਣ ਤੇ ਚੰਗੇ ਇਨਸਾਨ ਬਣ ਸਕਣ ਅਤੇ ਅਸੀਂ ਵੀ ਬਜੁਰਗਾਂ ਦੇ ਘਰ ਵਿੱਚ ਹੋਣ ‘ਤੇ ਬੇਫਿਕਰ ਹੋ ਕੇ ਆਪਣੇ ਕੰਮਕਾਰ ਨੂੰ ਜਾਈਏ ਕਿ ਸਾਡੇ ਘਰ ਦਾ ਜਿੰਦਾ ਸਾਥੋਂ ਬਾਅਦ ਸਾਡੇ ਘਰ ਦੀ ਤੇ ਬੱਚਿਆਂ ਦੀ ਸੰਭਾਲ ਪੂਰੀ ਤਸੱਲੀ ਨਾਲ ਕਰ ਰਿਹਾ ਹੈ।

ਇੱਧਰ ਸਰਕਾਰ ਦਾ ਵੀ ਫਰਜ ਬਣਦਾ ਹੈ ਕਿ ਉਹ ਕੋਈ ਅਜਿਹਾ ਨਿਯਮ ਬਣਾਏ ਕਿ ਬਜ਼ੁਰਗਾਂ ਨੂੰ ਉਨ੍ਹਾਂ ਦਾ ਬਣਦਾ ਮਾਣ-ਸਤਿਕਾਰ ਮਿਲਦਾ ਰਹੇ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਕਿਸੇ ਵੀ ਕੀਮਤ ‘ਤੇ ਘਰੋਂ ਬਾਹਰ ਨਾ ਕੱਢ ਸਕਣ ਤੇ ਜੇਕਰ ਫਿਰ ਵੀ ਕੋਈ ਆਪਣੇ ਬਜੁਰਗਾਂ ਨੂੰ ਬਿਰਧ ਆਸ਼ਰਮਾਂ ਭੇਜਦਾ ਹੈ ਤਾਂ ਉਸ ‘ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਬਠੋਈ ਕਲਾਂ,
ਪਟਿਆਲਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।