ਸੁਰੀਲੀ ਤੇ ਮਿਆਰੀ ਗਾਇਕੀ ਲਈ ਸਦਾ ਯਾਦ ਰਹੇਗਾ ਸੁਰਾਂ ਦਾ Sardool Sikander

ਸੁਰੀਲੀ ਤੇ ਮਿਆਰੀ ਗਾਇਕੀ ਲਈ ਸਦਾ ਯਾਦ ਰਹੇਗਾ ਸੁਰਾਂ ਦਾ Sardool Sikander

ਪੰਜਾਬੀ ਗਾਇਕੀ ਦੇ ਖੇਤਰ ’ਚ ਚਾਰ ਦਹਾਕਿਆਂ ਤੋਂ ਵੀ ਵੱਧ ਸਮਾਂ ਸਰਗਰਮ ਰਹਿਣ ਵਾਲਾ ਸਰਦੂਲ ਸਿਕੰਦਰ ਕੇਵਲ ਨਾ ਦਾ ਹੀ ਸਿਕੰਦਰ ਨਹੀਂ ਸੀ ਸਗੋਂ ਕਰਮ ਦਾ ਵੀ ਸਿਕੰਦਰ ਸੀ। ਸੁਰੀਲੀ ਅਤੇ ਮਿਆਰੀ ਗਾਇਕੀ ਨੇ ੳਸ ਨੂੰ ਸਰੋਤਿਆਂ ਅਤੇ ਦਰਸ਼ਕਾਂ ਦੇ ਦਿਲਾਂ ਦਾ ਸਿਕੰਦਰ ਬਣਾਇਆ। ਜ਼ਿੰਦਗੀ ਦੇ ਆਖਰੀ ਸਵਾਸ ਤੱਕ ਸਰਦੂਲ ਨੇ ਗਾਇਕੀ ਦੇ ਮਿਆਰ ਨਾਲ ਕੋਈ ਸਮਝੌਤਾ ਨਹੀਂ ਕੀਤਾ। ਲੱਚਰਤਾ, ਅਸ਼ਲੀਲਤਾ, ਨਸ਼ਿਆਂ ਅਤੇ ਹਿੰਸਾ ਦੀ ਗਾਇਕੀ ਤੋਂ ਉਸ ਨੂੰ ਸਖਤ ਨਫਰਤ ਸੀ।

ਸਰਦੂਲ ਸਿਕੰਦਰ ਦਾ ਜਨਮ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਇਤਿਹਾਸਕ ਪਿੰਡ ਖੇੜੀ ਨੌਧ ਸਿੰਘ ਵਿਖੇ ਪਟਿਆਲਾ ਸੰਗੀਤ ਘਰਾਣੇ ਨਾਲ ਸਬੰਧਿਤ ਪਰਿਵਾਰ ’ਚ ਮਾਤਾ ਲੀਲਾਵਤੀ ਅਤੇ ਪਿਤਾ ਸਾਗਰ ਮਸਤਾਨਾ ਦੇ ਘਰ ਹੋਇਆ। ਸਰਦੂਲ ਸਿਕੰਦਰ ਦਾ ਵਿਆਹ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਨਾਲ ਹੋਇਆ।

ਉਹਨਾਂ ਦੇ ਘਰ ਦੋ ਪੁੱਤਰਾਂ ਸਾਰੰਗ ਸਿਕੰਦਰ ਅਤੇ ਅਲਾਪ ਸਿਕੰਦਰ ਦਾ ਜਨਮ ਹੋਇਆ। ਸਿਕੰਦਰ ਨੂੰ ਗਾਇਕੀ ਵਿਰਾਸਤ ਵਿੱਚ ਮਿਲੀ ਸੀ। ਵਿਰਾਸਤੀ ਗਾਇਕੀ ਬਾਰੇ ਸਰਦੂਲ ਹੱਸਦੇ-ਹੱਸਦੇ ਕਿਹਾ ਕਰਦਾ ਸੀ ਕਿ ਉਸ ਨੂੰ ਤਾਂ ਚਾਚੀਆਂ, ਤਾਈਆਂ ਅਤੇ ਮਾਮੀਆਂ, ਮਾਸੀਆਂ ਨੇ ਲੋਰੀਆਂ ਵੀ ਗੀਤਾਂ ਵਿੱਚ ਹੀ ਦਿੱਤੀਆਂ ਸਨ। ਸਰਦੂਲ ਦੇ ਪਿਤਾ ਸਾਗਰ ਮਸਤਾਨਾ ਆਪਣੇ ਸਮੇਂ ਦੇ ਮਸ਼ਹੂਰ ਤਬਲਾ ਵਾਦਕ, ਸਾਰੰਗੀ ਵਾਦਕ ਅਤੇ ਹਰਮੋਨੀਅਮ ਵਾਦਕ ਸਨ।

ਉਹਨਾਂ ਬਾਂਸ ਦੀ ਛਟੀ ਨਾਲ ਵਜਾਏ ਜਾਣ ਵਾਲੇ ਵਿਸ਼ੇਸ਼ ਤਬਲੇ ਦੀ ਵੀ ਖੋਜ਼ ਕੀਤੀ। ਸਰਦੂਲ ਸਿਕੰਦਰ ਦੇ ਪਿਤਾ ਸ਼ਾਗਿਰਦਾਂ ਨੂੰ ਸੰਗੀਤ ਦੀ ਤਾਲੀਮ ਦਿਆ ਕਰਦੇ ਸਨ ਪਰ ਉਹ ਸਰਦੂਲ ਦੀ ਇਸ ਖੇਤਰ ਵਿੱਚ ਆਮਦ ਨਹੀਂ ਸਨ ਚਾਹੁੰਦੇ। ਸਰਦੂਲ ਦਾ ਦੱਸਣਾ ਸੀ ਕਿ ਪਿਤਾ ਜੀ ਅਤੇ ਸ਼ਾਗਿਰਦਾਂ ਨੇ ਜਦੋਂ ਆਰਾਮ ਫਰਮਾਉਣ ਲਈ ਬਾਹਰ ਚਲੇ ਜਾਣਾ ਤਾਂ ਉਸਨੇ ਚੋਰੀ-ਛਿਪੇ ਰਿਆਜ਼ ਕਰਨਾ। ਇੱਕ ਦਿਨ ਸ਼ਾਗਿਰਦਾਂ ਤੋਂ ਵਿਸ਼ੇਸ਼ ਸੁਰ ਲੱਗ ਨਹੀਂ ਰਿਹਾ ਸੀ ਅਤੇ ਉਹਨਾਂ ਦੇ ਆਰਾਮ ਫੁਰਮਾਉਣ ਚਲੇ ਜਾਣ ’ਤੇ ਸਿਕੰਦਰ ਉਸ ਸੁਰ ਦਾ ਰਿਆਜ਼ ਕਰਨ ਲੱਗ ਪਿਆ। ਅਚਾਨਕ ਪਿਤਾ ਜੀ ਆ ਗਏ ਅਤੇ ਉਹਨਾਂ ਸਰਦੂਲ ਨੂੰ ਦੁਬਾਰਾ ਉਹੀ ਸੁਰ ਲਾਉਣ ਲਈ ਕਿਹਾ ਤਾਂ ਸਰਦੂਲ ਡਰ ਗਿਆ ਕਿ ਸ਼ਾਇਦ ਪਿਤਾ ਜੀ ਗੁੱਸੇ ਵਿੱਚ ਕਹਿ ਰਹੇ ਹਨ।

ਪਰ ਸਰਦੂਲ ਵੱਲੋਂ ਬਿਨਾਂ ਕਿਸੇ ਰਿਆਜ਼ ਦੇ ਲਾਏ ਉਸ ਸੁਰ ਨੂੰ ਸੁਣਨ ਉਪਰੰਤ ਪਿਤਾ ਨੇ ਸਰਦੂਲ ਨੂੰ ਬੁੱਕਲ ਵਿੱਚ ਲੈਂਦਿਆਂ ਗਾਉਣ ਦੀ ਇਜਾਜਤ ਦੇ ਦਿੱਤੀ। ਪਿਤਾ ਜੀ ਦੀ ਇਜ਼ਾਜਤ ਤੋਂ ਬਾਅਦ ਵੀ ਸਰਦੂਲ ਲਈ ਗਾਇਕੀ ਦਾ ਸਫਰ ਸੌਖਾ ਨਹੀਂ ਸੀ। ਸਰਦੂਲ ਸਿਕੰਦਰ ਨੇ ਸ਼ੁਰੂਆਤੀ ਦਿਨਾਂ ’ਚ ਧਾਰਮਿਕ ਸਮਾਗਮਾਂ ’ਤੇ ਗਾਇਆ ਅਤੇ ਕੀਰਤਨ ਵੀ ਕੀਤਾ।ਜ਼ਿੰਦਗੀ ਵਿੱਚ ਹਾਸਲ ਕੀਤੇ ਮੁਕਾਮ ’ਤੇ ਪਹੁੰਚਣ ਲਈ ਕੀਤੀ ਮਿਹਨਤ ਦਾ ਜ਼ਿਕਰ ਉਹ ਆਪਣੀਆਂ ਮੁਲਾਕਾਤਾਂ ਵਿੱਚ ਅਕਸਰ ਕਰਿਆ ਕਰਦੇ ਸਨ। ਸੰਗੀਤ ਘਰਾਣੇ ਨਾਲ ਸਬੰਧਿਤ ਹੋਣ ਦੇ ਬਾਵਜ਼ੂਦ ਉਹਨਾਂ ਦੀ ਪਲੇਠੀ ਰਿਕਾਰਡਿੰਗ ਬੜੀ ਮੁਸ਼ਕਲ ਨਾਲ ਹੋਈ। ਸੰਗੀਤ ਸਮਰਾਟ ਚਰਨਜੀਤ ਆਹੂਜਾ ਬਦੌਲਤ ਹੋਈ ਪਲੇਠੀ ਮਮਿੱਕਰੀ ਰਿਕਾਰਡਿੰਗ ਨੇ ਹੀ ਸਰਦੂਲ ਦੇ ਸਫਲਤਾ ਦੇ ਮਾਰਗ ਦੀ ਸ਼ੁਰੂਆਤ ਕੀਤੀ।

ਸਰਦੂਲ ਦਾ ਪਹਿਲਾ ਮਮਿੱਕਰੀ ਗੀਤ ਰੋਡਵੇਜ਼ ਦੀ ਲਾਰੀ ਸ਼ੁਰਆਤੀ ਦਿਨਾਂ ’ਚ ਉਸਦੀ ਪਹਿਚਾਣ ਦਾ ਸਬੱਬ ਨਾ ਬਣ ਸਕਿਆ ਪਰ 1980ਵਿਆਂ ’ਚ ਦੂਰਦਰਸ਼ਨ ਦੇ ਪ੍ਰੋਗਰਾਮ ਕੱਚ ਦੀਆਂ ਮੁੰਦਰਾਂ ਵਿੱਚ ਗੀਤ ਗਾਉਣ ਨਾਲ ਨੇ ਉਸ ਗੀਤ ਦੇ ਅਸਲੀ ਗਾਇਕ ਦਾ ਸਰੋਤਿਆਂ ਨੂੰ ਅਜਿਹਾ ਪਤਾ ਲੱਗਿਆ ਕਿ ਸਰੋਤੇ ਉਸਦੇ ਦੀਵਾਨੇ ਹੋ ਕੇ ਗਏ। ਰੋਡਵੇਜ਼ ਦੀ ਲਾਰੀ ਤੋਂ ਬਾਅਦ ਸਰਦੂਲ ਸਿਕੰਦਰ ਵੱਲੋਂ ਗਾਇਆ ਹਰ ਗੀਤ ਸਰੋਤਿਆਂ ਦੀ ਕਚਹਿਰੀ ਵਿੱਚ ਪ੍ਰਵਾਨ ਹੋਇਆ। ਸਰਦੂਲ ਦੇ ਹਰ ਗੀਤ ਨੇ ਮਕਬੂਲੀਅਤ ਦੀਆਂ ਸਿਖਰਾਂ ਛੋਹੀਆਂ।

ਉਸ ਦੀ 1991 ਵਿੱਚ ਆਈ ਕੈਸੈਟ ਹੁਸਨਾਂ ਦੇ ਮਾਲਕੋ ਨੇ ਪੰਜਾਹ ਲੱਖ ਤੋਂ ਉੱਪਰ ਦੀ ਵਿੱਕਰੀ ਨਾਲ ਵਿੱਕਰੀ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਸਰਦੂਲ ਦੇ ਗਾਏ ਕੀਤ ਕਾਲਜਾਂ ਦੇ ਹੋਸਟਲਾਂ ਤੋਂ ਲੈ ਕੇ ਖੇਤਾਂ ਵਿਚਲੇ ਟਰੈਕਟਰਾਂ ਤੱਕ ਧੜੱਲੇ ਨਾਲ ਵੱਜੇ। ਸਰਦੂਲ ਨੇ ਮਿਆਰੀ ਗਾਇਕੀ ਦੇ ਹਰ ਰੰਗ ਨੂੰ ਆਪਣੀ ਜ਼ੁਬਾਨ ’ਤੇ ਲਿਆਂਦਾ। ਮਿਆਰੀ ਗੀਤਾਂ ਨਾਲ ਸ਼ਿੰਗਾਰੀਆਂ ਡੇਢ ਦਰਜ਼ਨ ਦੇ ਕਰੀਬ ਕੈਸੇਟਾਂ ਸਰੋਤਿਆਂ ਦੀ ਝੋਲੀ ਪਾਉਣ ਦੇ ਨਾਲ-ਨਾਲ ਸਰਦੂਲ ਨੇ ਪੰਜਾਹ ਤੋਂ ਵੱਧ ਕੈਸੇਟਾਂ ਵਿੱਚ ਹਾਜ਼ਰੀ ਲਗਵਾਈ। ਸਮੇਂ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਦੇ ਸਾਥ ਨਾਲ ਸਰਦੂਲ ਸਿਕੰਦਰ ਦੀ ਗਾਇਕੀ ਨੂੰ ਹੋਰ ਵੀ ਬਲ ਮਿਲਿਆ। ਨੂਰੀ ਦਾ ਸਾਥ ਮਿਲਣ ਨਾਲ ਉਸਨੇ ਸੋਲੋ ਗਾਇਕੀ ਦੇ ਨਾਲ-ਨਾਲ ਡਿਊਟ ਗਾਉਣਾ ਵੀ ਸ਼ੁਰੂ ਕੀਤਾ।

ਇਹ ਇਹਨਾਂ ਦੀ ਗਾਇਕੀ ਦਾ ਹੀ ਕਮਾਲ ਸੀ ਕਿ ਉਹਨਾਂ ਦੇ ਸਾਰੇ ਹੀ ਡਿਊਟ ਗੀਤ ਵੀ ਮਕਬੂਲੀਅਤ ਦੀਆਂ ਸਿਖਰਾਂ ਨੂੰ ਪਹੁੰਚੇ। ਸਰਦੂਲ ਨੇ ਜੱਗਾ ਡਾਕੂ ਸਮੇਤ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਨੂੰ ਸੰਗੀਤ ਦਿੱਤਾ, ਪਿੱਠਵਰਤੀ ਗਾਇਆ ਅਤੇ ਅਦਾਕਾਰੀ ਵੀ ਕੀਤੀ। ਸਰਦੂਲ ਸਿਕੰਦਰ ਨੂੰ ਗਾਇਕੀ ਤਾਂ ਬੇਸ਼ੱਕ ਵਿਰਾਸਤ ਵਿੱਚ ਮਿਲੀ ਸੀ ਪਰ ਧਨ ਅਤੇ ਸ਼ੋਹਰਤ ਉਸਨੇ ਆਪਣੀ ਕਾਬਲੀਅਤ ਅਤੇ ਸਖਤ ਮਿਹਨਤ ਨਾਲ ਕਮਾਈ। ਸ਼ੋਹਰਤ ਬਾਰੇ ਉਹ ਕਿਹਾ ਕਰਦੇ ਸਨ ਕਿ ਸ਼ੋਹਰਤ ਨੂੰ ਜਿੰਨਾ ਮੁਸ਼ਕਿਲ ਕਮਾਉਣਾ ਹੈ ਉਸ ਤੋਂ ਕਿਤੇ ਜ਼ਿਆਦਾ ਮੁਸ਼ਕਿਲ ਇਸ ਨੂੰ ਹਜ਼ਮ ਕਰਨਾ ਅਤੇ ਬਰਕਰਾਰ ਰੱਖਣਾ ਹੈ। ਸ਼ੋਹਰਤ ਦੇ ਅੰਬਰ ’ਤੇ ਪਹੁੰਚ ਕੇ ਵੀ ਹਲੀਮੀ ਅਤੇ ਨਿਮਰਤਾ ਬਦੌਲਤ ਧਰਤੀ ’ਤੇ ਪੈਰ ਜਮਾਈ ਰੱਖਣਾ ਸਰਦੂਲ ਦੇ ਹਿੱਸੇ ਬਾਖੂਬੀ ਆਇਆ।

ਇਹ ਉਸਦੀ ਨਿਮਰਤਾ ਅਤੇ ਸਾਦਗੀ ਦਾ ਹੀ ਕਮਾਲ ਸੀ ਕਿ ਹਰ ਨਵਾਂ-ਪੁਰਾਣਾ ਅਤੇ ਛੋਟਾ-ਵੱਡਾ ਗਾਇਕ, ਗੀਤਕਾਰ, ਸੰਗੀਤਕਾਰ ਅਤੇ ਅਦਾਕਾਰ ਉਸਦਾ ਬੇਲੀ ਸੀ। ਸਰਦੂਲ ਦੀ ਸਪੁਰਦ-ਏ-ਖਾਕ ਰਸਮ ਸਮੇਂ ਧਾਹਾਂ ਮਾਰਦੇ ਸਰੋਤੇ ਅਤੇ ਸੰਗੀਤ ਜਗਤ ਦੀਆਂ ਸ਼ਖਸੀਅਤਾਂ ਉਸਦੀ ਹਰਮਨਪਿਆਰਤਾ ਦਾ ਪ੍ਰਤੱਖ ਪ੍ਰਮਾਣ ਸਨ। ਸਰਦੂਲ ਦੇ ਜਾਣ ਨਾਲ ਪੰਜਾਬੀ ਸੰਗੀਤ ਜਗਤ ਸੁਰੀਲੇ ਅਤੇ ਮਿਆਰੀ ਗਾਇਕ ਤੋਂ ਵਾਂਝਾ ਜਰੂਰ ਹੋਇਆ ਹੈ ਪਰ ਉਸਦੇ ਗੀਤ ਹਮੇਸ਼ਾ ਲਈ ਸਰੋਤਿਆਂ ਵਿੱਚ ਜਿੰਦਾ ਰਹਿਣਗੇ।

ਸ਼ੂਗਰ ਅਤੇ ਗੁਰਦੇ ਦੀ ਬਿਮਾਰੀ ਤੋਂ ਪੀੜਤ ਹੋਣ ਦੇ ਬਾਵਜ਼ੂਦ ਸਰਦੂਲ ਵੱਲੋਂ ਦਿੱਲੀ ਕਿਸਾਨ ਮੋਰਚੇ ’ਚ ਜੀਵਨ ਸਾਥਣ ਅਮਰ ਨੂਰੀ ਸਮੇਤ ਲਗਵਾਈ ਜੋਸ਼ੀਲੀ ਹਾਜ਼ਰੀ ਵੀ ਸਦਾ ਯਾਦ ਰਹੇਗੀ। ਕੇਵਲ ਤੇ ਕੇਵਲ ਮਿਆਰੀ ਗਾਇਕੀ ਅਤੇ ਅਦਾਕਾਰੀ ਦੇ ਬਲਬੂਤੇ ਸ਼ੋਹਰਤ ਦੇ ਸਿਖਰਾਂ ’ਤੇ ਪਹੁੰਚਿਆ ਸਰਦੂਲ ਸਮੇਂ ਦੇ ਨਾਲ ਗੀਤਕਾਰੀ ਅਤੇ ਗਾਇਕੀ ਦਾ ਰਸਤਾ ਬਦਲ ਲੈਣ ਵਾਲੇ ਗੀਤਕਾਰਾਂ ਅਤੇ ਗਾਇਕਾਂ ਲਈ ਪ੍ਰੇਰਨਾ ਸ੍ਰੋਤ ਵੀ ਰਹੇਗਾ। ਉਮੀਦ ਕਰਦੇ ਹਾਂ ਕਿ ਸੰਗੀਤਕ ਖੇਤਰ ’ਚ ਸਰਗਰਮ ਸਰਦੂਲ ਸਿਕੰਦਰ ਦੇ ਦੋਵੇਂ ਪੁੱਤਰ ਆਪਣੇ ਪਿਤਾ ਦੀ ਪਾਏਦਾਰ ਅਤੇ ਸੁਰੀਲੀ ਗਾਇਕੀ ਦੀ ਵਿਰਾਸਤ ਨੂੰ ਜਰੂਰ ਸੰਭਾਲਣਗੇ।
ਸ਼ਕਤੀ ਨਗਰ, ਬਰਨਾਲ
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.