ਸੰਤ ਡਾ. ਐਮਐਸਜੀ ਦੀ ਪਵਿੱਤਰ ਪ੍ਰੇਰਨਾਵਾਂ ਤੋਂ ਪ੍ਰੇਰਿਤ ਹੋ ਅਜਿਹਾ ਕੀ ਕੀਤਾ ਨੌਜਵਾਨ ਨੇ ਚਾਰੇ ਪਾਸੇ ਹੋਣ ਲੱਗੀ ਚਰਚਾ

ਵੱਖ ਰਹਿੰਦੇ ਮਾਪਿਆਂ ਨੂੰ ਫੁੱਲਾਂ ਨਾਲ ਸਜੀ ਕਾਰ ’ਚ ਬਿਠਾ ਕੇ ਸਤਿਕਾਰ ਸਹਿਤ ਘਰ ਲਿਆਂਦਾ

(ਜਗਤਾਰ ਸਿੰਘ) ਗੋਨਿਆਣਾ। ਜਿੱਥੇ ਸਾਡੇ ਸਮਾਜ ’ਚ ਪਰਿਵਾਰ ਟੁੱਟਣ ਦੀਆਂ ਘਟਨਾਵਾਂ ਆਏ ਦਿਨ ਆਮ ਦੇਖਣ ਨੂੰ ਮਿਲਦੀਆਂ ਹਨ ਜ਼ਿਆਦਾਤਰ ਪਰਿਵਾਰਾਂ ਦੇ ਨੌਜਵਾਨ ਲੜਕੇ ਵਿਆਹ ਤੋਂ ਕੁਝ ਦੇਰ ਬਾਅਦ ਹੀ ਆਪਣੇ ਮਾਪਿਆਂ ਤੋਂ ਅਲੱਗ ਰਹਿਣ ਲੱਗਦੇ ਹਨ ਇਸ ਨੂੰ ਵਿਚਾਰਾਂ ਦੀ ਵੱਖਰਤਾ ਕਹੀਏ ਜਾਂ ਮਤਲਬੀ ਸੋਚ, ਪਰ ਨੂੰਹ-ਸੱਸਾਂ ਦੀਆਂ ਤਕਰਾਰਾਂ ਕਾਰਨ ਪਰਿਵਾਰਾਂ ’ਚ ਕਲੇਸ਼ ਇਸ ਕਦਰ ਵਧਣ ਲੱਗੇ ਹਨ ਕਿ ਹਰ ਪਾਸੇ ਇਕਹਰੇ ਪਰਿਵਾਰ ਹੀ ਨਜ਼ਰ ਆਉਣ ਲੱਗੇ ਹਨ ਆਪਣੇ ਪੁੱਤਰ ਹੋਣ ਦੇ ਬਾਵਜ਼ੂਦ ਵੀ ਬਜ਼ੁਰਗ ਮਾਪੇ ਆਪਣੇ ਬੁਢੇਪੇ ਦੇ ਸਮੇਂ ਦੌਰਾਨ ਵੀ ਮਜ਼ਬੂਰੀ ਵੱਸ ਆਪਣਾ ਗੁਜ਼ਾਰਾ ਆਪ ਚਲਾਉਂਦੇ ਹਨ।

ਸ਼ਹਿਰਾਂ ਤੋਂ ਬਾਅਦ ਪਿੰਡਾਂ ’ਚ ਵੀ ਇਸ ਰੁਝਾਨ ਦੀ ਅੱਗ ਘਰ-ਘਰ ਫੈਲ ਚੁੱਕੀ ਹੈ। ਅਜਿਹੇ ਰੁਝਾਨ ਕਾਰਨ ਜਿੱਥੇ ਰੁਲਦੇ ਬੁਢੇਪੇ ਦੀਆਂ ਉਦਾਹਰਨਾਂ ਆਮ ਦੇਖਣ ਨੂੰ ਮਿਲਣ ਲੱਗੀਆਂ ਹਨ, ਉੱਥੇ ਇਸ ਦੇ ਉਲਟ ਸ਼ਹਿਰ ’ਚ ਇੱਕ ਨਵੀਂ ਉਦਾਹਰਨ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਇੱਕ ਪੁੱਤਰ ਨੇ ਆਪਣੇ ਅਲੱਗ ਰਹਿੰਦੇ ਮਾਪਿਆਂ ਨੂੰ ਫੁੱਲਾਂ ਨਾਲ ਸਜੀ ਕਾਰ ਵਿੱਚ ਬਿਠਾ ਕੇ ਬੜੇ ਆਦਰ ਸਹਿਤ ਆਪਣੇ ਘਰ ਲਿਆਂਦਾ।

ਜਾਣਕਾਰੀ ਅਨੁਸਾਰ ਸ਼ਹਿਰ ਦੀ ਓਮੈਕਸ ਕਲੋਨੀ ਨਿਵਾਸੀ ਮਾਸਟਰ ਰਾਜਿੰਦਰ ਸਿੰਘ ਜੋ ਕਿ ਡੇਰਾ ਸੱਚਾ ਸੌਦਾ ਦਾ ਸ਼ਰਧਾਲੂ ਵੀ ਹੈ ਉਸ ਦੇ ਮਾਪੇ ਪਿਛਲੇ ਕਾਫੀ ਸਮੇਂ ਤੋਂ ਆਪਣੇ ਛੋਟੇ ਪੁੱਤਰ ਕੋਲ ਇੱਕ ਘਰ ’ਚ ਵੀ ਅਲੱਗ ਤੌਰ ’ਤੇ ਰਹਿ ਰਹੇ ਸਨ। ਜਿਸ ਕਾਰਨ ਮਾਸਟਰ ਰਾਜਿੰਦਰ ਸਿੰਘ ਅਤੇ ਉਸਦੀ ਪਤਨੀ ਬਲਜਿੰਦਰ ਕੌਰ ਮਹਿਮੀ ਨੇ ਆਪਸੀ ਸਹਿਮਤੀ ਤੋਂ ਬਾਅਦ ਮਾਪਿਆਂ ਨੂੰ ਪੂਰਨ ਸਤਿਕਾਰ ਸਹਿਤ ਆਪਣੇ ਘਰ ਲਿਆਉਣ ਦਾ ਫੈਸਲਾ ਕੀਤਾ। ਮਾਪਿਆਂ ਨੂੰ ਆਪਣੇ ਘਰ ਲਿਆਉਣ ਲਈ ਮਾਸਟਰ ਰਾਜਿੰਦਰ ਸਿੰਘ ਨੇ ਆਪਣੀ ਨਵੀਂ ਕਾਰ ਨੂੰ ਆਪਣੇ ਹੱਥੀਂ ਫੁੱਲਾਂ ਨਾਲ ਖੂਬਸੂਰਤ ਤਰੀਕੇ ਨਾਲ ਸਜਾਇਆ ਅਤੇ ਮਾਪਿਆਂ ਨੂੰ ਬੜੇ ਸਤਿਕਾਰ ਸਹਿਤ ਇਸ ਕਾਰ ਵਿੱਚ ਬਿਠਾ ਕੇ ਆਪਣੇ ਘਰ ਲਿਆਂਦਾ। ਨੂੰਹ ਬਲਜਿੰਦਰ ਕੌਰ ਵੱਲੋਂ ਵੀ ਗੇਟ ’ਤੇ ਤੇਲ ਚੋਅ ਕੇ ਆਪਣੇ ਸੱਸ ਸਹੁਰੇ ਨੂੰ ਜੀ ਅਇਆਂ ਆਖਦਿਆਂ ਉਨ੍ਹਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।

ਮਾਸਟਰ ਰਾਜਿੰਦਰ ਸਿੰਘ ਤੇ ਬਲਜਿੰਦਰ ਕੌਰ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾਂ ’ਤੇ ਚੱਲਦਿਆਂ ਉਨ੍ਹਾਂ ਇਹ ਕਦਮ ਚੁੱਕਿਆ ਹੈ। ਮਾਸਟਰ ਰਾਜਿੰਦਰ ਸਿੰਘ ਵੱਲੋਂ ਆਪਣੇ ਮਾਪਿਆਂ ਨੂੰ ਫੁੱਲਾਂ ਸਜੀ ਕਾਰ ਵਿੱਚ ਸਤਿਕਾਰ ਸਹਿਤ ਆਪਣੇ ਘਰ ਲਿਆਉਣ ਦੀ ਇਸ ਘਟਨਾ ਦੀ ਇਲਾਕੇ ਵਿੱਚ ਖੂਬ ਚਰਚਾ ਹੋ ਰਹੀ ਹੈ।

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨੇ ਪਰਿਵਾਰ ਦੇ ਉੱਦਮ ਦੀ ਕੀਤੀ ਸ਼ਲਾਘਾ

ਪ੍ਰੇਮ ਕੁਮਾਰ ਅਰੋੜਾ ਸਾਬਕਾ ਪ੍ਰਧਾਨ ਨਗਰ ਕੌਂਸਲ ਗੋਨਿਆਣਾ ਮੰਡੀ ਨੇ ਪਰਿਵਾਰ ਦੇ ਇਸ ਉੱਦਮ ਦੀ ਖੁੁੱਲ੍ਹੇ ਦਿਲ ਨਾਲ ਸ਼ਾਲਾਘਾ ਕਰਦਿਆਂ ਕਿਹਾ ਕਿ ਬਜ਼ੁਰਗਾਂ ਦੇ ਸਤਿਕਾਰ ਲਈ ਸਾਨੂੰ ਘਰ-ਘਰ ਅਜਿਹੀਆਂ ਮੁਹਿੰਮਾਂ ਤੋਰਨ ਦੀ ਲੋੜ ਹੈ, ਜੋ ਸਮੇਂ ਦੀ ਵੱਡੀ ਲੋੜ ਹੈ ਕਿਉਂਕਿ ਜੇਕਰ ਅੱਜ ਅਸੀਂ ਆਪਣੇ ਮਾਪਿਆਂ ਦੀ ਸੰਭਾਲ ਕਰਦੇ ਹਾਂ ਤਾਂ ਕੱਲ੍ਹ ਨੂੰ ਇਨ੍ਹਾਂ ਨੂੰ ਦੇਖ ਕੇ ਸਾਡੇ ਬੱਚੇ ਵੀ ਸਾਡੀ ਸੰਭਾਲ ਤਾਂ ਹੀ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ