9ਵੀਂ ਨੈਸ਼ਨਲ ਗੱਤਕਾ ਚੈਪੀਅਨਸ਼ਿਪ ’ਚ ਪੰਜਾਬ ਜੇਤੂ, ਚੰਡੀਗੜ੍ਹ ਦੂਜੇ ਤੇ ਦਿੱਲੀ ਤੀਜੇ ਸਥਾਨ ’ਤੇ ਰਿਹਾ

ਗੱਤਕਾ ਵਿਰਾਸਤੀ ਤੇ ਸਵੈ ਰੱਖਿਆ ਦੀ ਖੇਡ : ਡਿਪਟੀ ਕਮਿਸ਼ਨਰ

ਗੁਰੂਹਰਸਹਾਏ, (ਵਿਜੈ ਹਾਂਡਾ)। ਮਾਤਾ ਸਾਹਿਬ ਕੌਰ ਪਬਲਿਕ ਸਕੂਲ ਗੁਰੂਹਰਸਹਾਏ ਵਿਖੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ 9ਵੀਂ ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਦੀ ਓਵਰਆਲ ਟਰਾਫੀ ਪੰਜਾਬ ਨੇ ਜਿੱਤ ਲਈ ਜਦਕਿ ਚੰਡੀਗੜ੍ਹ ਦੂਸਰੇ ਸਥਾਨ ਅਤੇ ਦਿੱਲੀ ਦੇ ਗੱਤਕੇਬਾਜ਼ ਤੀਜੇ ਸਥਾਨ ’ਤੇ ਰਹੇ। ਇਸ ਤਿੰਨ ਰੋਜ਼ਾ ਚੈਂਪੀਅਨਸ਼ਿਪ ਵਿੱਚ 16 ਰਾਜਾਂ ਦੀਆਂ ਟੀਮਾਂ ਦੇ 535 ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਗ ਲਿਆ।

ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਗੁਰਪਾਲ ਸਿੰਘ ਚਾਹਲ ਤੇ ਪੰਜਾਬ ਦੇ ਸੂਚਨਾ ਕਮਿਸ਼ਨਰ ਅਨੁਮੀਤ ਸਿੰਘ ਹੀਰਾ ਸੋਢੀ ਵੱਲੋਂ ਕੀਤੀ ਗਈ ਕਿਉਂਕਿ ਖੇਡ ਮੰਤਰੀ ਰਾਣਾ ਸੋਢੀ ਦੇ ਨਾ ਟਾਲੇ ਜਾ ਸਕਣ ਵਾਲੇ ਰੁਝੇਵੇਂ ਕਾਰਨ ਡਿਪਟੀ ਕਮਿਸ਼ਨਰ ਬਤੌਰ ਮੁੱਖ ਮਹਿਮਾਨ ਅਤੇ ਹੀਰਾ ਸੋਢੀ ਨੇ ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਆਖਿਆ ਕਿ ਗੱਤਕਾ ਪੰਜਾਬ ਦੀ ਵਿਰਾਸਤੀ ਅਤੇ ਸਵੈ ਰੱਖਿਆ ਦੀ ਖੇਡ ਹੋਣ ਕਾਰਨ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਖੇਡ ਵੱਲ ਪ੍ਰੇਰਿਤ ਹੋਣ ਦੀ ਲੋੜ ਹੈ ਤਾਂ ਜੋ ਰਵਾਇਤੀ ਖੇਡ ਪ੍ਰਫੁੱਲਤ ਹੋ ਸਕੇ। ਆਪਣੇ ਸੰਬੋਧਨ ਵਿੱਚ ਹੀਰਾ ਸੋਢੀ ਨੇ ਆਖਿਆ ਕਿ ਕਿ ਉਹ ਖੇਡ ਮੰਤਰੀ ਵੱਲੋਂ ਗੱਤਕਾ ਐਸੋਸੀਏਸ਼ਨ ਨੂੰ ਭਰੋਸਾ ਦਿਵਾਉਂਦੇ ਹਨ ਕਿ ਗੱਤਕਾ ਖੇਡ ਦੀ ਪ੍ਰਫੁੱਲਤਾ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਖੇਡ ਮੰਤਰੀ ਤਰਫੋਂ ਐਲਾਨ ਕੀਤਾ ਕਿ ਗੁਰੂਹਰਸਹਾਏ ਵਿੱਚ ਗੱਤਕਾ ਟ੍ਰੇਨਿੰਗ ਸੈਂਟਰ ਅਤੇ ਬੱਚਿਆਂ ਨੂੰ ਸਰੀਰਕ ਤੰਦਰੁਸਤੀ ਲਈ ਜਿੰਮ ਨੂੰ ਜਲਦ ਚਾਲੂ ਕੀਤਾ ਜਾਵੇਗਾ। ਉਨ੍ਹਾਂ ਨੈਸ਼ਨਲ ਚੈਂਪੀਅਨਸ਼ਿਪ ਕਰਵਾਉਣ ਲਈ ਗੱਤਕਾ ਐਸੋਸੀਏਸ਼ਨ ਨੂੰ ਪੰਜ ਲੱਖ ਰੁਪਏ ਦੀ ਅਖਤਿਆਰੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ।

ਇਸ ਮੌਕੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਹਰਬੀਰ ਸਿੰਘ ਦੁੱਗਲ ਨੇ ਵੀ ਖਿਡਾਰੀਆਂ ਨੂੰ ਗੱਤਕੇ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਹਲਕਾ ਇੰਚਾਰਜ ਨਸੀਬ ਸਿੰਘ ਸੰਧੂ, ਆਤਮਜੀਤ ਸਿੰਘ ਡੇਵਿਡ, ਡਾ. ਪ੍ਰੀਤਮ ਸਿੰਘ ਮੀਤ ਪ੍ਰਧਾਨ ਨੈਸਨਲ ਗੱਤਕਾ ਐਸੋਸੀਏਸ਼ਨ, ਹਰਜਿੰਦਰ ਕੁਮਾਰ ਜਾਇੰਟ ਸਕੱਤਰ, ਬਲਜੀਤ ਸਿੰਘ ਵਿੱਤ ਸਕੱਤਰ, ਕਮਲ ਪਾਲ ਸਿੰਘ ਪ੍ਰਧਾਨ ਜਿਲਾ ਗੱਤਕਾ ਐਸੋਸੀਏਸਨ ਫਿਰੋਜਪੁਰ ਅਤੇ ਸਕੂਲ ਦੇ ਪਿ੍ਰੰਸੀਪਲ ਡਾ: ਪੰਕਜ ਧਮੀਜਾ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ