ਰਾਸ਼ਟਰਪਤੀ ਚੋਣ: ਵੋਟ ਮੰਗਣ ਲਈ ਚੰਡੀਗੜ੍ਹ ਪੁੱਜੇ ਕੋਵਿੰਦ

President, wish Birthday, Lata Mangeshkar

ਰਾਮ ਨਾਥ ਕੋਵਿੰਦ ਨਾਲ ਸ਼ੁਸਮਾ ਸਵਰਾਜ ਵੀ ਪੁੱਜੇ ਹੋਏ ਸਨ

ਅਸ਼ਵਨੀ ਚਾਵਲਾ, ਚੰਡੀਗੜ: ਐਨ.ਡੀ.ਏ. ਵਲੋਂ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਰਾਮ ਨਾਥ ਕੋਵਿੰਦ ਨੇ ਵੀਰਵਾਰ ਨੂੰ ਚੰਡੀਗੜ ਵਿਖੇ ਪੁੱਜਦੇ ਹੋਏ ਪੰਜਾਬ ਅਤੇ ਹਰਿਆਣਾ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਨਾਲ ਮੁਲਾਕਾਤ ਕਰਦੇ ਹੋਏ ਉਨਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਰਾਮ ਨਾਥ ਕੋਵਿੰਦ ਨੇ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਪੰਚਕੂਲਾ ਦੇ ਪ੍ਰਮੁੱਖ ਹੋਟਲ ਰੈਡ ਬਿਸਪ ਵਿਖੇ ਹੀ ਪੰਜਾਬ ਦੇ ਅਕਾਲੀ-ਭਾਜਪਾ ਅਤੇ ਹਰਿਆਣਾ ਦੇ ਭਾਜਪਾ ਵਿਧਾਇਕ ਅਤੇ ਸੰਸਦ ਮੈਂਬਰਾਂ ਨੂੰ ਮਿਲਣਾ ਸੀ ਪਰ ਅਚਾਨਕ ਹੀ ਪ੍ਰੋਗਰਾਮ ਬਦਲਦੇ ਹੋਏ ਰਾਮ ਨਾਥ ਕੋਵਿੰਦ ਨੇ ਪਹਿਲਾਂ ਪੰਜਾਬ ਦੇ ਅਕਾਲੀ-ਭਾਜਪਾ ਵਿਧਾਇਕ ਅਤੇ ਸੰਸਦ ਮੈਂਬਰਾਂ ਨਾਲ ਚੰਡੀਗੜ ਵਿਖੇ ਯੂ.ਟੀ. ਗੈਸਟ ਹਾਉਸ ਵਿਖੇ ਮੀਟਿੰਗ ਕੀਤੀ, ਉਸ ਤੋਂ ਬਾਅਦ ਇਨਾਂ ਅਕਾਲੀ-ਭਾਜਪਾ ਵਿਧਾਇਕ ਅਤੇ ਸੰਸਦ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਪੰਚਕੁਲਾ ਵਿਖੇ ਰਵਾਨਾ ਹੋ ਗਏ ਜਿਥੇ ਕਿ ਦੋਹੇ ਸੂਬੇ ਦੇ ਵਿਧਾਇਕ ਅਤੇ ਸੰਸਦ ਮੈਂਬਰਾਂ ਨਾਲ ਇਕੱਠੀ ਮੀਟਿੰਗ ਕਰਦੇ ਹੋਏ ਵੋਟ ਦੇਣ ਦੀ ਅਪੀਲ ਕੀਤੀ।

ਰਾਮ ਨਾਥ ਕੋਵਿੰਦ ਦੇ ਨਾਲ ਦਿੱਲੀ ਤੋਂ ਹੀ ਕੇਂਦਰੀ ਵਿਦੇਸ਼ ਮੰਤਰੀ ਸ਼ੁਸਮਾ ਸਵਰਾਜ ਆਏ ਹੋਏ ਸਨ ਅਤੇ ਮੌਸਮ ਖ਼ਰਾਬ ਹੋਣ ਦੇ ਕਾਰਨ ਰਾਮ ਨਾਥ ਕੋਵਿੰਦ ਲਗਭਗ ਪੌਣਾ ਘੰਟਾ ਚੰਡੀਗੜ ਵਿਖੇ ਤੈਅ ਪ੍ਰੋਗਰਾਮ ਤੋਂ ਲੇਟ ਪੁੱਜੇ ਸਨ। ਚੰਡੀਗੜ ਅਤੇ ਪੰਚਕੂਲਾ ਵਿਖੇ ਰਾਮ ਨਾਥ ਕੋਵਿੰਦ ਵਲੋਂ ਕਾਫ਼ੀ ਜਿਆਦਾ ਸਮਾਂ ਅਕਾਲੀ-ਭਾਜਪਾ ਵਿਧਾਇਕ ਅਤੇ ਸੰਸਦ ਮੈਂਬਰਾਂ ਨਾਲ ਤਾਂ ਬਿਤਾਇਆ ਪਰ ਮੀਡੀਆ ਤੋਂ ਉਨਾਂ ਨੇ ਦੂਰੀ ਹੀ ਬਣਾਈ ਰੱਖੀ ਅਤੇ ਕੋਈ ਵੀ ਗੱਲਬਾਤ ਨਹੀਂ ਕੀਤੀ।