ਸਰਕਾਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਦੀ ਸਾਰਥਿਕਤਾ

PrePrimary, Achievement, Government, Schools

ਪਰਗਟ ਸਿੰਘ ਜੰਬਰ

ਪੰਜਾਬ ਦੀ ਸਕੂਲ ਸਿੱਖਿਆ ਲੀਹੋਂ ਲੱਥ ਗਈ ਸੀ ਜਿਸਨੂੰ ਲੀਹ ‘ਤੇ ਲੈ ਕੇ ਆਉਣ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪਰ ਤਾਣੀ ਸੁਲਝਣ ਦੀ ਬਜਾਏ ਉਲਝਦੀ ਜਾ ਰਹੀ ਹੈ। ਪਹਿਲਾਂ ਸਕੂਲਾਂ ਵਿੱਚ ਵਿਦਿਆਰਥੀ ਸਨ। ਉਸ ਸਮੇਂ ਅਧਿਆਪਕ ਨਹੀਂ ਸਨ। ਫਿਰ ਹੌਲੀ-ਹੌਲੀ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ਤੋਂ ਘਟਣਾ ਸ਼ੁਰੂ ਹੋ ਗਿਆ। ਅੱਜ ਨਤੀਜਾ ਸਭ ਦੇ ਸਾਹਮਣੇ ਹੈ। ਗੱਲ ਕਰੀਏ 1990 ਦੀ, ਤਾਂ ਉਸ ਸਮੇਂ ਸਕੂਲਾਂ ਵਿੱਚ ਅਧਿਆਪਕਾਂ ਦੀ ਬਹੁਤ ਜਿਆਦਾ ਕਮੀ ਸੀ । ਪ੍ਰਾਇਮਰੀ ਸਕੂਲਾਂ ਦਾ ਤਾਂ ਬਹੁਤ ਮਾੜਾ ਹਾਲ ਹੋ ਗਿਆ ਸੀ। 1992 ਵਿੱਚ ਜਦੋਂ ਸਰਕਾਰ ਨੇ ਕਈ ਸਾਲਾਂ ਬਾਅਦ ਅਧਿਆਪਕ ਭਰਤੀ ਕੀਤੇ ਤਾਂ ਬਹੁਤ ਸਾਰੇ ਸਕੂਲਾਂ ਦੇ ਜਿੰਦਰੇ ਖੋਲ੍ਹੇ ਗਏ । ਅਧਿਆਪਕਾਂ ਨੇ ਘਰ-ਘਰ ਜਾ ਕੇ ਬੱਚੇ ਇਕੱਠੇ ਕੀਤੇ । ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਜਨਰਲ ਵਰਗ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾ ਦਿੱਤੇ। ਕੁਝ ਬੱਚੇ ਵਾਪਸ ਆ ਗਏ ਪਰ ਉਸ ਤੋਂ ਬਾਅਦ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟਦੀ ਰਹੀ ।

ਸਿੱਖਿਆ ਵਿੱਚ ਸੁਧਾਰ ਲਈ 2006 ‘ਚ ਪੜ੍ਹੋ ਪੰਜਾਬ ਪ੍ਰਾਜੈਕਟ ਸ਼ੁਰੂ ਕੀਤਾ। ਜਿਸ ਦਾ ਮਿਲਿਆ-ਜੁਲਿਆ ਅਸਰ ਹੋਇਆ। ਕੁਝ ਵਧੀਆ ਨਤੀਜੇ ਵੀ ਨਿੱਕਲੇ । ਹੁਣ ਫਿਰ ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ’ ਪ੍ਰਾਜੈਕਟ ਸ਼ੁਰੂ ਕੀਤਾ ਗਿਆ । ਜਿਸ ਦਾ ਅਧਿਆਪਕ ਵਰਗ ਵੱਲੋਂ ਵੱਖ-ਵੱਖ ਕਾਰਨਾਂ ਕਰੇਕ ਵਿਰੋਧ ਕੀਤਾ ਗਿਆ। ਪਰ ਇਨ੍ਹਾਂ ਪ੍ਰਾਜੈਕਟਾਂ ਦਾ ਅਸਰ ਇਹ ਹੋਇਆ ਕਿ ਸਰਕਾਰੀ ਸਕੂਲ, ਪ੍ਰਾਈਵੇਟ ਸਕੂਲਾਂ ਨੂੰ ਟੱਕਰ ਦੇਣ ਲੱਗ ਪਏ। ਅੰਗਰੇਜ਼ੀ ਪੜ੍ਹਾਉਣ ਦਾ ਕਹਿ ਕੇ ਪ੍ਰਾਈਵੇਟ ਸਕੂਲਾਂ ਵਿੱਚ ਬੱਚੇ ਪੜ੍ਹਾਉਣ ਵਾਲੇ ਮਾਪਿਆਂ ਨੂੰ ਵੀ ਸਰਕਾਰੀ ਸਕੂਲਾਂ ਨੇ ਆਪਣੇ ਵੱਲ ਖਿੱਚਿਆ । ਅੱਜ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅੰਗਰੇਜ਼ੀ ਬੋਲ ਲੈਂਦੇ ਹਨ ।

ਭਾਵੇਂ ਸੀਮਤ ਹੀ ਸਹੀ । ਜੋ ਪ੍ਰਾਈਵੇਟ ਸਕੂਲਾਂ ਵਾਲੇ ਅੰਗਰੇਜ਼ੀ ਕਵਿਤਾਵਾਂ ਦਾ ਰੱਟਾ ਲਗਵਾ ਕੇ ਮਾਪਿਆਂ ਨੂੰ ਪ੍ਰਭਾਵਿਤ ਕਰਦੇ ਸਨ। ਅੱਜ ਉਹ ਸਭ ਕੁਝ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਿੱਖ ਰਹੇ ਹਨ। ਇਸ ਸੁਧਾਰ ਦਾ ਸਿਹਰਾ ਇੱਕ ਆਈ. ਏ. ਐਸ. ਅਫਸਰ ਸ੍ਰੀ ਕ੍ਰਿਸ਼ਨ ਕੁਮਾਰ ਨੂੰ ਜਾਂਦਾ ਹੈ। ਚੰਗੇ ਨੂੰ ਚੰਗਾ ਕਹਿਣ ਵਿੱਚ ਬੁਰਾਈ ਨਹੀਂ ਹੈ। ਪੰਜਾਬ ਦੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਅਤੇ ਪੰਜਾਬ ਸਰਕਾਰ ਵੱਲੋਂ ਇੱਕ ਕ੍ਰਾਂਤੀਕਾਰੀ ਫੈਸਲਾ ਕੀਤਾ ਗਿਆ ਜੋ ਸਿੱਖਿਆ ਵਿਭਾਗ ਵਿੱਚ ਮੀਲ ਪੱਥਰ ਸਾਬਤ ਹੋ ਰਿਹਾ ਹੈ, ਉਹ ਹੈ ’14 ਨਵੰਬਰ 2017 ਨੂੰ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪਾਇਮਰੀ ਕਲਾਸਾਂ ਸ਼ੁਰੂ ਕਰਨ ਦਾ’ ਇਸ ਫੈਸਲੇ ਨਾਲ ਸਰਕਾਰੀ ਸਕੂਲਾਂ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਵਿਦਿਆਰਥੀ ਮਿਲ ਗਏ। ਇਸ ਫੈਸਲੇ ਨਾਲ ਉਨ੍ਹਾਂ ਮਾਪਿਆਂ ਨੂੰ ਬਹੁਤ ਰਾਹਤ ਮਹਿਸੂਸ ਹੋਈ ਜੋ ਰੋਜ਼ੀ-ਰੋਟੀ ਲਈ ਜੱਦੋ-ਜਹਿਦ ਕਰਨ ਲਈ ਜਾਣ ਲਈ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਭੇਜਦੇ ਸਨ। ਉਹਨਾਂ ਨੂੰ ਪ੍ਰਾਈਵੇਟ ਸਕੂਲਾਂ ਨੂੰ ਫੀਸਾਂ ਦੇਣੀਆਂ ਪੈਂਦੀਆਂ ਸਨ। ਉਹ ਬੱਚੇ ਹੁਣ ਸਰਕਾਰੀ ਸਕੂਲਾਂ ਵਿੱਚ ਆ ਰਹੇ ਹਨ।

ਮੁਫਤ ਵਿੱਚ ਪੜ੍ਹ ਰਹੇ ਹਨ। ਪ੍ਰੀ-ਪਾਇਮਰੀ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਆਉਣ ਕਰਕੇ ਵਾਧੂ ਹੋ ਰਹੀਆਂ ਪੋਸਟਾਂ ਨੂੰ ਬਚਾਇਆ ਗਿਆ। ਇਸ ਕਦਮ ਨਾਲ ਸਰਕਾਰੀ ਸਕੂਲਾਂ ਦਾ ਵਿਸ਼ਵਾਸ ਆਮ ਲੋਕਾਂ ਵਿੱਚ ਵਧਿਆ ਹੈ । ਸਰਕਾਰੀ ਸਕੂਲਾਂ ਵਿੱਚ ਕੰਮ ਕਰਦੇ ਈ. ਜੀ. ਐਸ., ਏ. ਆਈ. ਈ. ਅਤੇ ਐਸ. ਟੀ. ਆਰ. ਵਲੰਟੀਅਰ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ । ਇਸ ਨਾਲ ਉਨ੍ਹਾਂ ਨੂੰ ਪੱਕੇ ਹੋਣ ਦੀ ਆਸ ਬੱਝੀ ਹੈ । ਇਸ ਵਿੱਚ ਹਾਲੇ ਬਹੁਤ ਸੁਧਾਰ ਕਰਨ ਦੀ ਲੋੜ ਹੈ। ਪਰ ਇਸ ਨਾਲ ਪ੍ਰਾਇਮਰੀ ਸਕੂਲਾਂ ਵਿੱਚ ਸਾਰਥਿਕ ਸਿੱਟੇ ਨਿੱਕਲ ਰਹੇ ਹਨ ।

ਅੱਜ-ਕੱਲ੍ਹ ਲੋਕਾਂ ਦਾ ਨਜ਼ਰੀਆ ਸਰਕਾਰੀ ਸਕੂਲਾਂ ਪ੍ਰਤੀ ਬਦਲ ਰਿਹਾ ਹੈ। ਲੋਕ ਪੇਂਡੂ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਹਟਾ ਕੇ ਸਰਕਾਰੀ ਸਕੂਲ ਵਿੱਚ ਲਿਆਉਣ ਲੱਗ ਪਏ ਹਨ। ਭਾਵੇਂ ਅਜਿਹੇ ਮਾਪਿਆਂ ਦੀ ਗਿਣਤੀ ਘੱਟ ਹੈ। ਜੇਕਰ ਸਰਕਾਰੀ ਸਕੂਲਾਂ ਵਿੱਚ ਗੁਣਾਤਮਕ ਸੁਧਾਰ ਹੁੰਦੇ ਰਹੇ ਤਾਂ ਲੋਕਾਂ ਦਾ ਪੂਰਨ ਵਿਸ਼ਵਾਸ ਬਹਾਲ ਕੀਤਾ ਜਾ ਸਕਦਾ ਹੈ। ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਹੋਰ ਉਪਰਾਲੇ ਕਰਨ ਦੀ ਲੋੜ ਹੈ ।  ਸਕੂਲਾਂ ਵਿੱਚ ਅਧਿਆਪਕ, ਮੁੱਖ ਅਧਿਆਪਕ, ਹੈੱਡ ਮਾਸਟਰ ਅਤੇ ਪ੍ਰਿੰਸੀਪਲ ਦੀਆਂ ਅਸਾਮੀਆਂ ਭਰਨੀਆਂ ਚਾਹੀਦੀਆਂ ਹਨ । ਅਧਿਆਪਕਾਂ ਦਾ ਮਾਣ-ਸਨਮਾਨ ਬਹਾਲ ਕਰਨ ਲਈ ਪੜ੍ਹੋ ਪੰਜਾਬ, ਪੜ੍ਹਾਉ ਪ੍ਰਾਜੈਕਟ ਵਿੱਚ ਕੰਮ ਕਰਦੇ ਜੂਨੀਅਰ ਅਧਿਆਪਕਾਂ ਨੂੰ ਤੁਰੰਤ ਰੀਲੀਵ ਕਰਕੇ ਪ੍ਰੋਪਰ ਚੈਨਲ ਵਿੱਚ ਸੀ. ਐਚ. ਟੀ. ਨੂੰ ਲਾਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਤਜ਼ਰਬੇ ਤੋਂ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ। ਸਮੂਹ ਅਧਿਆਪਕਾਂ ਨੂੰ ਬੱਚਿਆਂ ਦਾ ਸਿੱਖਣ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਤੇਜ਼ ਕਰਨੇ ਪੈਣਗੇ ਤਾਂ ਹੀ ਸਾਰਥਿਕ ਸਿੱਟੇ ਨਿੱਕਲ ਸਕਣਗੇ ।

ਸ੍ਰੀ ਮੁਕਤਸਰ ਸਾਹਿਬ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।