ਸ਼ਹਿਰੀ ਚੋਣਾਂ ਲਈ ਮੈਦਾਨ ਤਿਆਰ : ਜ਼ਿਲ੍ਹਾ ਸੰਗਰੂਰ ’ਚ ਸੱਤਾਧਾਰੀ ਕਾਂਗਰਸ ਪਾਰਟੀ ਨੇ ਸਾਰੇ ਵਾਰਡਾਂ ’ਚ ਉਤਾਰੇ ਉਮੀਦਵਾਰ

ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ 100 ਵਾਰਡਾਂ ਤੋਂ ਵੱਧ

ਸੰਗਰੂਰ, (ਗੁਰਪ੍ਰੀਤ ਸਿੰਘ) 14 ਫਰਵਰੀ ਨੂੰ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਲਈ ਮੈਦਾਨ ਤਿਆਰ ਹੋ ਚੁੱਕਿਆ ਹੈ ਅੱਜ ਨਾਮਜ਼ਦਗੀ ਪੇਪਰ ਵਾਪਿਸ ਲੈਣ ਦੇ ਅਖ਼ੀਰਲੇ ਦਿਨ ਭਾਵੇਂ ਹਾਲੇ ਤਾਈਂ ਚੋਣ ਲੜਨ ਵਾਲੇ ਮੈਂਬਰਾਂ ਦੀ ਗਿਣਤੀ ਸਪੱਸ਼ਟ ਨਹੀਂ ਹੋ ਸਕੀ ਪਰ ਇਹ ਸਪੱਸ਼ਟ ਹੈ ਕਿ ਕਾਂਗਰਸ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਸਾਰੇ ਵਾਰਡਾਂ ਵਿੱਚੋਂ ਆਪਣੇ ਉਮੀਦਵਾਰ ਉਤਾਰੇ ਹਨ

ਜਾਣਕਾਰੀ ਮੁਤਾਬਕ ਜ਼ਿਲ੍ਹਾ ਸੰਗਰੂਰ ’ਚ ਭਵਾਨੀਗੜ੍ਹ, ਲਹਿਰਾਗਾਗਾ, ਸੁਨਾਮ, ਲੌਂਗੋਵਾਲ, ਅਮਰਗੜ੍ਹ, ਮਾਲੇਰਕੋਟਲਾ, ਧੂਰੀ, ਅਹਿਮਦਗੜ੍ਹ ਦੇ ਕੁੱਲ 150 ਵਾਰਡ ਬਣਦੇ ਹਨ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਇਨ੍ਹਾਂ ਸਾਰੇ ਵਾਰਡਾਂ ਵਿੱਚ ਆਪਣੇ ਉਮੀਦਵਾਰ ‘ਪੰਜੇ’ ਦੇ ਚੋਣ ਨਿਸ਼ਾਨ ’ਤੇ ਮੈਦਾਨ ਵਿੱਚ ਉਤਾਰੇ ਹਨ ਭਵਾਨੀਗੜ੍ਹ ਵਿੱਚ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ, ਸੁਨਾਮ ਤੇ ਲੌਂਗੋਵਾਲ ਵਿੱਚ ਬੀਬੀ ਦਾਮਨ ਥਿੰਦ ਬਾਜਵਾ, ਲਹਿਰਾਗਾਗਾ ਵਿੱਚ ਰਾਜਿੰਦਰ ਕੌਰ ਭੱਠਲ, ਅਮਰਗੜ੍ਹ ਤ ਅਹਿਮਦਗੜ੍ਹ ਵਿੱਚ ਸੁਰਜੀਤ ਸਿੰਘ ਧੀਮਾਨ ਵੱਲੋਂ ਕਾਂਗਰਸੀ ਉਮੀਦਵਾਰਾਂ ਦੀ ਚੋਣ ਪੂਰੀ ਤਰ੍ਹਾਂ ਭਖ਼ਾਈ ਹੋਈ ਹੈ ਸੰਗਰੂਰ ਵਿੱਚ ਫਿਲਹਾਲ ਚੋਣਾਂ ਨਾ ਹੋਣ ਕਾਰਨ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਆਪਣਾ ਸਾਰਾ ਧਿਆਨ ਭਵਾਨੀਗੜ੍ਹ ਨਗਰ ਕੌਂਸਲ ’ਤੇ ਕੇਂਦਰਤ ਕੀਤਾ ਹੋਇਆ ਹੈ

ਦੂਜੇ ਪਾਸੇ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਵੀ ਪਹਿਲੀ ਵਾਰ ਇਨ੍ਹਾਂ ਚੋਣਾਂ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਅੱਜ ਜ਼ਿਲ੍ਹਾ ਸੰਗਰੂਰ ਦੇ ਵੱਖੋ ਵੱਖ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਝਾੜੂ ਫੇਰ ਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ ਨੇ ਦੱਸਿਆ ਕਿ ਕੁੱਲ 150 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ 100 ਤੋਂ ਜ਼ਿਆਦਾ ਵਾਰਡਾਂ ਵਿੱਚ ਚੋਣ ਲੜ ਰਹੀ ਹੈ ਉਨ੍ਹਾਂ ਕਿਹਾ ਕਿ ਅਸੀਂ ਪਹਿਲੀ ਵਾਰ ਸਥਾਨਕ ਚੋਣਾਂ ਵਿੱਚ ਲੜ ਰਹੇ ਹਾਂ ਜਿਸ ਕਾਰਨ ਕਈ ਚੁਣੌਤੀਆਂ ਦੇ ਬਾਵਜ਼ੂਦ ਅਸੀਂ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਫ਼ਲ ਹੋਵਾਂਗੇ

Harmful promises for riot victims

ਸ਼੍ਰੋਮਣੀ ਅਕਾਲੀ ਦਲ ਵੀ ਪਹਿਲੀ ਵਾਰ ਆਪਣੀ ਭਾਈਵਾਲ ਪਾਰਟੀ ਰਹੀ ਭਾਰਤੀ ਜਨਤਾ ਪਾਰਟੀ ਤੋਂ ਵੱਖ ਹੋ ਚੋਣਾਂ ਲੜ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਲੇਰਕੋਟਲਾ ਵਿੱਚ 33 ਵਾਰਡਾਂ ਵਿੱਚ, ਅਮਰਗੜ੍ਹ ਦੇ 30 ਵਿੱਚੋਂ 22 ਵਾਰਡਾਂ, ਧੂਰੀ ਵਿੱਚ 21 ਵਾਰਡਾਂ ਵਿੱਚੋਂ 13 ਵਾਰਡਾਂ ਤੇ ‘ਤੱਕੜੀ’ ਚੋਣ ਨਿਸ਼ਾਨ ਤੇ ਚੋਣਾਂ ਲੜ ਰਹੇ ਹਾਂ ਉਨ੍ਹਾਂ ਕਿਹਾ ਕਿ ਲਹਿਰਾਗਾਗਾ, ਅਹਿਮਦਗੜ੍ਹ, ਲੌਂਗੋਵਾਲ, ਭਵਾਨੀਗੜ੍ਹ ਵਿੱਚ ਮਿਲਾ ਕੇ 100 ਤੋਂ ਜ਼ਿਆਦਾ ਵਾਰਡਾਂ ਵਿੱਚ ਆਪਣੀ ਮਜ਼ਬੂਤੀ ਨਾਲ ਚੋਣਾਂ ਲੜ ਰਹੀ ਹੈ ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਸ਼ਹਿਰਾਂ ਦੇ ਲੋਕ ਵੀ ਅਕਾਲੀ ਦਲ ਦੇ ਹੱਕ ਵਿੱਚ ਆਪਣਾ ਫ਼ਤਵਾ ਦੇਣਗੇ

ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਦੀਪ ਦਿਓਲ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਤਕਰੀਬਨ 75 ਵਾਰਡਾਂ ਵਿੱਚ ਪਾਰਟੀ ਵੱਲੋਂ ‘ਕਮਲ ਦੇ ਫੁੱਲ’ ਚੋਣ ਨਿਸ਼ਾਨ ਤੇ ਚੋਣ ਲੜੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਭਾਜਪਾ ਵੱਲੋਂ ਇਕੱਲਿਆਂ ਚੋਣ ਲੜਨ ਦਾ ਫੈਸਲਾ ਕੀਤਾ ਗਿਆ ਹੈ ਉਨ੍ਹਾਂ ਦੱਸਿਆ ਕਿ ਪਾਰਟੀ ਉਮੀਦਵਾਰਾਂ ਦੀ ਚੋਣ ਨੂੰ ਚੁਣੌਤੀਆਂ ਮਿਲ ਰਹੀਆਂ ਹਨ ਪਰ ਇਸ ਦੇ ਬਾਵਜੂਦ ਪਾਰਟੀ ਦੇ ਉਮੀਦਵਾਰ ਮਜ਼ਬੂਤੀ ਨਾਲ ਚੋਣ ਮੈਦਾਨ ਵਿੱਚ ਡਟੇ ਹੋਏ ਹਨ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਵੱਲੋਂ ਇਨ੍ਹਾਂ ਚੋਣਾਂ ਨੂੰ ਰੱਦ ਕਰਨ ਦੀਆਂ ਅਪੀਲਾਂ ਕੀਤੀਆਂ ਗਈਆਂ ਸਨ ਜਿਸ ਕਾਰਨ ਉਨ੍ਹਾਂ ਦਾ ਕੋਈ ਉਮੀਦਵਾਰ ਚੋਣਾਂ ਨਹੀਂ ਲੜ ਰਿਹਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.