ਪਾਵਰਕੌਮ ਦੀ ਵਾਗਡੋਰ ਸੁਹਿਰਦ ਹੱਥਾਂ ’ਚ! ਸਮਾਂ ਚੁਣੌਤੀਆਂ ਭਰਪੂਰ

Powercom Sachkahoon

ਪਾਵਰਕੌਮ ਦੀ ਵਾਗਡੋਰ ਸੁਹਿਰਦ ਹੱਥਾਂ ’ਚ! ਸਮਾਂ ਚੁਣੌਤੀਆਂ ਭਰਪੂਰ

ਪੰਜਾਬ ਦੀ ਮੌਜੂਦਾ ਚੰਨੀ ਸਰਕਾਰ ਨੇ ਸਮੇਂ ਦੀ ਲੋੜ ਮੁਤਾਬਿਕ ਇਹ ਪਛਾਣਿਆ ਹੈ ਕਿ ਪਾਵਰਕਾਮ ਦੀ ਤਰੱਕੀ ਤੇ ਲੱਗ ਚੁੱਕੇ ਵਿਰਾਮ ਚਿੰਨ ਨੂੰ ਹਟਾਉਣ ਲਈ ਇੰਜੀਨੀਅਰ ਬਲਦੇਵ ਸਿੰਘ ਸਰਾਂ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਕੇ ਪਾਵਰਕਾਮ ਦੀ ਗੱਡੀ ਨੂੰ ਪਟੜੀ ਤੇ ਚਾੜ੍ਹ ਕੇ ਤੇਜ ਰਫਤਾਰ ਚਲਾ ਸਕਦੇ ਹਨ। ਕਿਉਂਕਿ ਉਨ੍ਹਾਂ ਕੋਲ ਇਮਾਨਦਾਰੀ, ਦਿਆਨਤਦਾਰੀ ਤੇ ਬਿਜਲੀ ਕਾਰਪੋਰੇਸ਼ਨਾਂ ਵਿੱਚ ਐਸਡੀਓ ਤੋਂ ਲੈ ਕੇ ਚੀਫ ਇੰਜੀਨੀਅਰ ਤੱਕ ਦੇ ਉੱਚ ਅਹੁਦੇ ਦੀਆਂ ਵੱਖ-ਵੱਖ ਅਸਾਮੀਆਂ ’ਤੇ ਕੰਮ ਕਰਨ ਦੇ ਤਜਰਬੇ ਤੋਂ ਇਲਾਵਾ ਲੰਬਾ ਸਮਾਂ ਪੀਐਸਈਬੀ ਇੰਜੀਨੀਅਰ ਐਸੋਸ਼ੀਏਸਨ ਦੀ ਨੁਮਾਇੰਦਗੀ ਵੀ ਕੀਤੀ ਹੈ।

ਉਸ ਤੋਂ ਬਾਅਦ ਉਨ੍ਹਾਂ ਕੋਲ ਪੀਐਸਪੀਸੀਐਲ ਵਿੱਚ ਦੋ ਸਾਲ ਦਾ ਚੇਅਰਮੈਨ ਦੇ ਤੌਰ ’ਤੇ ਕੰਮ ਕਰਨ ਦਾ ਤਜ਼ਰਬਾ ਵੀ ਹੈ। ਇਸ ਵਿੱਚ ਇਮਾਨਦਾਰੀ ਮੁੱਖ ਕਾਰਨ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਹੀ ਪਾਵਰਕੌਮ ਵਿੱਚੋਂ ਚੇਅਰਮੈਨ ਦੇ ਮੁੱਖ ਅਹੁਦੇ ਤੋਂ ਉਨ੍ਹਾਂ ਅਸਤੀਫਾ ਦਿੱਤਾ ਸੀ ਤੇ ਆਰਜੀ ਤੌਰ ’ਤੇ ਇੱਕ ਆਈਏਐਸ ਅਧਿਕਾਰੀ ਨੂੰ ਪਾਵਰਕੌਮ ਦਾ ਚੇਅਰਮੈਨ ਲਾਇਆ ਗਿਆ ਸੀ। ਬਲਦੇਵ ਸਿੰਘ ਸਰਾਂ ਨੇ ਅਹੁਦਾ ਸੰਭਾਲਣ ਸਾਰ ਹੀ ਪਹਿਲੇ ਦਿਨ ਬਿਜਲੀ ਕਾਰਪੋਰੇਸਨਾਂ ਦੀਆਂ ਸਾਰੀਆਂ ਜੱਥੇਬੰਦੀਆਂ ਦੇ ਮੁੱਖ ਲੀਡਰਾਂ ਨਾਲ ਮੀਟਿੰਗ ਕਰਕੇ ਜੋ ਵਿਚਾਰ ਪ੍ਰਗਟ ਕੀਤੇ ਹਨ ਉਨ੍ਹਾਂ ਵਿੱਚੋਂ ਇਮਾਨਦਾਰੀ ਦੀ ਝਲਕ ਸਾਫ ਨਜਰੀਂ ਪੈਂਦੀ ਹੈ। ਉਨ੍ਹਾਂ ਨੇ ਆਪਣਾ ਪਹਿਲਾ ਭਾਸ਼ਣ ਹੀ ਪਾਵਰਕੌਮ ਤੇ ਪੰਜਾਬ ਨੂੰ ਤਰੱਕੀ ਦੇ ਰਾਹ ’ਤੇ ਲਿਜਾਣ ਲਈ ਲੋਕਾਂ ਵਿੱਚ ਇਮਾਨਦਾਰੀ ਨਾਲ ਵਿਚਰ ਕੇ ਬਿਜਲੀ ਵਾਲਿਆਂ ਦੇ ਗੁਆਚ ਚੁੱਕੇ ਵਕਾਰ ਨੂੰ ਬਹਾਲ ਕਰਨ ਤੋਂ ਹੀ ਸ਼ੁਰੂ ਕੀਤਾ ਸੀ। ਉਨ੍ਹਾਂ ਦੇ ਦਿਲ ਦੀ ਟੀਸ ਸੱਚਮੁੱਚ ਹੀ ਉੱਭਰ ਕੇ ਸਾਹਮਣੇ ਆਉਂਦੀ ਹੈ, ਜਦੋਂ ਉਹ ਕਹਿੰਦੇ ਹਨ ਕਿ ਅੱਜ ਬਿਜਲੀ ਮਹਿਕਮਾਂ ਰਿਸ਼ਵਤ ਲੈਣ ਲਈ ਲੋਕਾਂ ਵਿੱਚ ਬੁਰੀ ਤਰ੍ਹਾਂ ਬਦਨਾਮ ਹੋ ਚੁੱਕਾ ਹੈ, ਆਪਾਂ ਸਾਰੇ ਇਮਾਨਦਾਰੀ ਨਾਲ ਸੇਵਾਵਾਂ ਨਿਭਾ ਕੇ ਇਸ ਬਦਨਾਮੀ ਦੇ ਟਿੱਕੇ ਨੂੰ ਲਾਹੁਣਾ ਹੈ। ਪਿਛਲੀ 6 ਜੂਨ 2018 ਤੋਂ ਜੂਨ 2020 ਤੱਕ ਵਾਲੀ ਇਨ੍ਹਾਂ ਦੀ ਚੇਅਰਮੈਨੀ ਵਾਲੀ ਟਰਮ ਦੌਰਾਨ ਬਿਜਲੀ ਮੁਲਾਜ਼ਮਾਂ ਦਾ ਤਰੱਕੀ ਚੈਨਲ ਬਹੁਤ ਤੇਜ਼ ਹੋਇਆ ਸੀ।

ਬਹੁਤ ਪੁਰਾਣੀਆਂ ਰੁਕੀਆਂ ਤੋਂ ਰੁਕੀਆਂ ਤਰੱਕੀਆਂ ਕਰਕੇ ਇਨ੍ਹਾਂ ਨੇ ਨਾਮਣਾ ਖੱਟਿਆ ਸੀ, ਜਿਸ ਦਾ ਸਿਹਰਾ ਜਿਹੜੇ ਮੁਲਾਜਮ ਉਦੋਂ ਪ੍ਰਮੋਟ ਹੋਏ ਸਨ, ਉਨ੍ਹਾਂ ਦੇ ਮਨਾਂ ਵਿੱਚ ਤੇ ਮੌਜੂਦਾ ਦੌਰ ਵਿੱਚ ਹੁਣ ਫੇਰ ਪਿਛਲੇ ਦੋ ਸਾਲਾਂ ਤੋਂ ਬਿਜਲੀ ਮੁਲਾਜ਼ਮਾਂ ਦੀਆਂ ਤਰੱਕੀਆਂ ਰੁਕੀਆਂ ਹੋਈਆਂ ਹਨ, ਉਨ੍ਹਾਂ ਸਾਰਿਆਂ ਦੇ ਮਨ੍ਹਾਂ ਵਿੱਚ ਇੱਕ ਯਾਦ ਘਰ ਗਈ ਸੀ ਤੇ ਹੈ, ਕਿ ਇੰਜੀਨੀਅਰ ਬਲਦੇਵ ਸਿੰਘ ਸਰਾਂ ਵਰਗਾ ਕੋਈ ਆਵੇ ਤਾਂ ਹੀ ਇਨਸਾਫ ਦੇ ਸਕਦਾ ਹੈ। ਜਿਸਦੀ ਜਿਊਂਦੀ ਜਾਗਦੀ ਮਿਸਾਲ ਪਹਿਲੇ ਦਿਨ ਉਨ੍ਹਾਂ ਵੱਲੋਂ ਕੁਰਸੀ ਤੇ ਬੈਠਣ ਸਾਰ ਹੀ ਬਿਜਲੀ ਮੁਲਾਜਮਾਂ ਦੀ ਮਿਤੀ 24-12-2021 ਤੋਂ ਅਣਮਿੱਥੇ ਸਮੇਂ ਲਈ ਹੋ ਰਹੀ ਹੜਤਾਲ ਨੂੰ ਖਤਮ ਕਰਵਾ ਕੇ ਉਨ੍ਹਾਂ ਦੇ ਬਣਦੇ ਹੱਕਾਂ ਨੂੰ ਤੁਰੰਤ ਲਾਗੂ ਕਰਵਾਕੇ, ਪੰਜਾਬ ਵਾਸੀਆਂ ਨੂੰ ਹਨੇਰੇ ਵਿੱਚ ਡੁੱਬਣ ਤੋਂ ਕੱਢਿਆ।

ਮੌਜੂਦਾ ਦੌਰ ਵਿੱਚ ਪੰਜਾਬ ਅੰਦਰ ਹੋ ਰਹੀ ਸਿਆਸਤ ਦੇ ਅਨੁਸਾਰ ਤਾਂ ਇੰਜੀਨੀਅਰ ਬਲਦੇਵ ਸਿੰਘ ਸਰਾਂ ਵੱਲੋਂ ਪਾਵਰਕੌਮ ਨੂੰ ਚਲਾਉਣਾ ਸੱਚਮੁੱਚ ਹੀ ਚੁਣੌਤੀਆਂ ਭਰਪੂਰ ਹੈ। ਭਾਵੇਂ ਸਾਡੇ ਵਿਚਾਰ ਜਿਹੋ ਜਿਹੇ ਮਰਜ਼ੀ ਹੋਣ ਬਿਜਲੀ ਦੀ ਪੈਦਾਵਾਰ ਇੱਕ ਲਾਗਤ ਮੁੱਲ ਦੇ ਕੇ ਹੁੰਦੀ ਹੈ। ਸਿਆਸੀ ਤੌਰ ਤੇ ਵੱਖ-ਵੱਖ ਕਾਰਨਾਂ ਦੇ ਤਹਿਤ ਜੇਕਰ ਰੁਪਏ ਖਰਚ ਕੇ ਪੈਦਾ ਕੀਤੀ ਗਈ ਬਿਜਲੀ ਨੂੰ ਵੱਖ-ਵੱਖ ਵਰਗਾਂ ਵਿੱਚ ਰਿਉੜੀਆਂ ਦੀ ਤਰ੍ਹਾਂ ਮੁਫ਼ਤ ਵੰਡਿਆ ਜਾਵੇ ਤਾਂ ਪਾਵਰਕੌਮ ਅਤੇ ਟਰਾਂਸਕੋ ਨੂੰ ਘਾਟੇ ਦੇ ਸਮੁੰਦਰ ਵਿੱਚ ਡੁਬੋਣ ਵਾਲੀ ਕਵਾਇਦ ਹੈ। ਸਿਆਸੀ ਪਾਰਟੀਆਂ ਬਿਜਲੀ ਮਹਿਕਮੇ ਨੂੰ ਲੋਕਾਂ ਨੂੰ ਸਹੂਲਤ ਦੇਣ ਦਾ ਸਾਧਨ ਨਾ ਬਣਾਉਣ। ਬਿਜਲੀ ਦੀ ਪੈਦਾਵਾਰ ਤੋਂ ਲੈ ਕੇ ਲੋਕਾਂ ਤੱਕ ਪਹੁੰਚਾਉਣ ਲਈ ਕਾਫੀ ਬੱਜਟ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ ਵੀ ਜਾਂਦਾ ਹੈ, ਜੋ ਕਿ ਦੇਣਾ ਵੀ ਬਣਦਾ ਹੈ। ਜੋਖ਼ਮ ਭਰੀ ਡਿਊਟੀ ਕਾਰਨ ਜੋ ਤਨਖਾਹਾਂ ਤੇ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ, ਨਹੀਂ ਮਿਲ ਰਹੀਆਂ, ਉਨ੍ਹਾਂ ਦਾ ਮੁੱਢਲਾ ਕਾਰਨ ਲੋਕਾਂ ਨੂੰ ਮੁਫ਼ਤ ਬਿਜਲੀ ਵੰਡਣਾ ਹੈ। ਬਲਦੇਵ ਸਿੰਘ ਸਰਾਂ ਦੇ ਪਿਛਲੇ ਕਾਰਜਕਾਲ ਦੌਰਾਨ ਬਿਜਲੀ ਮੁਲਾਜਮਾਂ ਦੀਆਂ ਤਨਖਾਹਾਂ ਵੀ ਲੇਟ ਮਿਲੀਆਂ ਸਨ, ਜਦਕਿ ਪਾਵਰਕਾਮ ਇੱਕ ਕਮਰਸੀਅਲ ਅਦਾਰਾ ਹੈ। ਅਸੀਂ ਦਿਨ-ਰਾਤ ਲਗਾਤਾਰ ਬਿਜਲੀ ਵੇਚ ਰਹੇ ਹਾਂ, ਪੈਸਾ ਆ ਰਿਹਾ ਹੈ।

ਇਨ੍ਹਾਂ ਚੀਜਾਂ ਤੋਂ ਬਚਣ ਲਈ ਉਨ੍ਹਾਂ ਨੂੰ ਸਖਤ ਫੈਸਲੇ ਲੈਣੇ ਪੈਣਗੇ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਇਨ੍ਹਾਂ ਨੂੰ ਪੂਰਨ ਅਧਿਕਾਰ ਦਿੱਤੇ ਜਾਣ ਨਾ ਕਿ ਸਿਆਸੀ ਦਬਾਅ ਪਾ ਕੇ ਰੋਕਿਆ ਜਾਵੇ। ਸਖਤ ਫੈਸਲਿਆਂ ਸਬੰਧੀ ਸਰਾਂ ਸਾਬ ਸਰਕਾਰਾਂ ਨੂੰ ਵੀ ਲਿਖਤੀ ਰੂਪ ਵਿੱਚ ਸਿਫਾਰਸ ਕਰਨ। ਸਰਕਾਰ ਵਿੱਚ ਸਿਆਸੀ ਆਕਾ ਬਿਜਲੀ ਤਾਂ ਮੁਫ਼ਤ ਵੰਡਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੇ, ਪਾਵਰਕੌਮ ਤੇ ਟਰਾਂਸਕੋ ਦਾ ਸਬਸਿਡੀ ਵਾਲਾ ਬਣਦਾ ਪੈਸਾ ਸਰਕਾਰਾਂ ਅਡਵਾਸ ਜਮ੍ਹਾਂ ਕਰਵਾਉਣ। ਇੱਕ ਸਮਾਂ ਸੀ ਜਦੋਂ ਸਾਡੇ ਇਸ ਕਮੱਰਸ਼ੀਅਲ ਅਦਾਰੇ ਵਿੱਚ ਮਹੀਨਾ ਖਤਮ ਹੋਣ ਤੋਂ ਦੋ ਦਿਨ ਪਹਿਲਾਂ ਤਨਖਾਹ ਦਿੱਤੀ ਜਾਂਦੀ ਸੀ ਹੁਣ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ। ਤਨਖਾਹਾਂ ਲੇਟ ਮਿਲਣ ਕਾਰਨ ਮੁਲਾਜ਼ਮਾਂ ਵਿੱਚ ਨਿਰਾਸ਼ਾ ਪੈਦਾ ਹੁੰਦੀ ਹੈ, ਜਿਸ ਕਾਰਨ ਬਿਜਲੀ ਮੁਲਾਜ਼ਮਾਂ ਨੂੰ ਲੱਗਦਾ ਹੈ ਕਿ ਹੁਣ ਬਿਜਲੀ ਬੰਦ ਕਰਕੇ ਧਰਨੇ ਲਾਉਣ ਤੋਂ ਸਿਵਾਏ ਇਸਦਾ ਕੋਈ ਹੱਲ ਹੀ ਨਹੀਂ ਹੈ। ਜੋ ਕਿ ਵਾਕਿਆ ਹੀ ਸੱਚ ਹੈ। ਪਿਛਲੇ ਸਾਲ ਦੇ ਅਖੀਰਲੇ ਮਹੀਨਿਆਂ ਦੌਰਾਨ ਮੁਲਾਜਮਾਂ ਨੂੰ ਆਪਣੇ ਹੱਕਾਂ ਦੀ ਖਾਤਰ ਅਜਿਹਾ ਕਰਨਾ ਪਿਆ ਤਾਂ ਜਾ ਕੇ ਕਿਧਰੇ ਸੁਣਵਾਈ ਹੋਈ।ਬਿਜਲੀ ਬੰਦ ਕਰਨਾ ਭਾਵ ਪੰਜਾਬ ਦੀ ਤਰੱਕੀ ਦੇ ਪਹੀਏ ਨੂੰ ਜਾਮ ਕਰਨਾ ਹੈ!! ਪੰਜਾਬ ਦੀ ਤਰੱਕੀ ਦਾ ਪਹੀਆ ਚੱਲਦਾ ਰਹੇ, ਨੂੰ ਹੋਰ ਤੇਜ਼ ਕਰਨ ਲਈ ਸਰਕਾਰ ਠੋਸ ਤੇ ਜਾਇਜ ਫੈਸਲੇ ਲਵੇ!! ਪੰਜਾਬ ਵਿੱਚ ਦੋ ਤਰ੍ਹਾਂ ਦੇ ਕਿਸਾਨ ਹਨ। ਇੱਕ ਸੱਚੀ ਮੁੱਚੀ ਕਿਸਾਨ ਤੇ ਦੂਜੇ ਲੈਂਡਲਾਰਡ ਹਨ। ਪੰਜਾਬ ਅੰਦਰ ਲੁੱਟ ਦਾ ਬਾਜਾਰ ਗਰਮ ਹੈ। ਸਰਕਾਰ ਤੋਂ ਲੋਕਾਂ ਦਾ ਭਰੋਸਾ ਉਠ ਚੁੱਕਾ ਹੈ। ਜਿਸ ਕਾਰਨ ਕਿਸਾਨ, ਮਜ਼ਦੂਰ ਤੇ ਲੈਂਡਲਾਰਡ ਇੱਕੋ ਕਤਾਰ ਵਿੱਚ ਲੱਗਕੇ ਉਪਰੋਂ- ਥਲੀ ਹੋ-ਹੋ ਪੈਂਦੇ ਹਨ।

ਬਲਦੇਵ ਸਿੰਘ ਸਰਾਂ ਦੇ ਪਹਿਲੇ ਦਿਨ ਦੇ ਹੋਕੇ ਤੋਂ ਹੀ ਪਤਾ ਲੱਗਦਾ ਹੈ ਕਿ ਉਹ ਆਪਣੇ ਨਾਲ ਦੇ ਇੰਜੀਨੀਅਰ ਸਾਥੀਆਂ ਨੂੰ ਵੀ ਕਹਿ ਰਹੇ ਹਨ ਕਿ ਆਪਾਂ ਇਸ ਬਿਜਲੀ ਸਿਸਟਮ ਨੂੰ ਤਰੱਕੀ ਤੇ ਲੈ ਕੇ ਜਾਣਾ ਹੈ। ਤੁਸੀਂ ਮਲਾਈਦਾਰ ਅਸਾਮੀਆਂ ਦੀ ਝਾਕ ਛੱਡ ਕੇ ਇਮਾਨਦਾਰੀ ਦਾ ਪੱਲਾ ਫੜ੍ਹੋ ਤੇ ਲੋਕਾਂ ਵਿੱਚ ਗੁਆਚੇ ਆਪਣੇ ਵਕਾਰ ਨੂੰ ਮੁੜ੍ਹ ਦੁਬਾਰਾ ਕਾਇਮ ਕਰਕੇ ਉਸ ਧਾਰਨਾ ਨੂੰ ਤੋੜੋ ਕਿ ਬਿਜਲੀ ਵਾਲੇ ਤਾਂ ਪੈਸੇ ਤੋਂ ਬਿਨਾਂ ਤੁਰਦੇ ਹੀ ਨਹੀਂ। ਬਾਕੀ ਕਈ ਅਧਿਕਾਰੀ ਜਾਂ ਕਰਮਚਾਰੀ ਤਾਂ ਆਪਣੀ ਮੁੱਢਲੀ ਪੋਸਟਿੰਗ ਤੋਂ ਲੈ ਕੇ ਰਿਟਾਇਰ ਹੋਣ ਤੱਕ ਦੇ ਸਾਰੇ ਅਹੁਦਿਆਂ ਦਾ ਅਨੰਦ ਇੱਕ ਹੀ ਜਗ੍ਹਾ ਮਾਣਦੇ ਹਨ। ਅੱਜ ਸਰਾਂ ਸਾਬ ਲਈ ਵੱਡੀ ਚੁਣੌਤੀ ਠੇਕੇਦਾਰੀ ਸਿਸਟਮ ਤੋਂ ਪਾਸਾ ਵੱਟਦੇ ਹੋਏ ਰੈਗੂਲਰ ਸਟਾਫ ਭਰਤੀ ਕਰਕੇ ਪਾਵਰਕਾਮ ਨੂੰ ਸਥਾਈ ਤੌਰ ਤੇ ਤਰੱਕੀ ਦੇ ਰਾਹ ਵੱਲ ਮੋੜਾ ਦੇਣਾ ਹੈ।

ਕਿਉਂਕਿ ਮੈਨ ਪਾਵਰ ਤੋਂ ਬਿਨਾਂ ਬਿਜਲੀ ਘਰਾਂ ਨੂੰ ਚਲਾਉਣਾ ਘੱਟ ਸਟਾਫ ਦੇ ਵੱਸੋਂ ਬਾਹਰ ਹੋ ਰਿਹਾ ਹੈ। ਬਠਿੰਡਾ ਜ਼ਿਲ੍ਹੇ ਦੇ ਚਾਉਂਕੇ ਪਿੰਡ ਦੇ ਸਧਾਰਨ ਪਰਿਵਾਰ ਵਿੱਚ ਜਨਮੇ ਇੰਜੀਨੀਅਰ ਬਲਦੇਵ ਸਿੰਘ ਸਰਾਂ ਸਾਲ 1982 ਦੌਰਾਨ ਬਿਜਲੀ ਬੋਰਡ ਵਿੱਚ ਬਤੌਰ ਐਸ.ਡੀ.ਓ. ਨਿਯੁਕਤ ਹੋਏ। ਕਈ ਦਹਾਕੇ ਉਤਪਾਦਨ, ਵੰਡ ਅਤੇ ਟਰਾਂਸਮਿਸਨ ਵਿੱਚ ਐਸ.ਡੀ.ਓ. ਤੋਂ ਲੈ ਕੇ ਚੀਫ ਇੰਜੀਨੀਅਰ ਦੇ ਉੱਚ ਅਹੁਦੇ ਤੇ ਆਪਣੀਆਂ ਸੇਵਾਵਾਂ ਇਮਾਨਦਾਰੀ ਨਾਲ ਬਾਖੂਬੀ ਨਿਭਾਈਆਂ। ਸੇਵਾ ਮੁਕਤ ਹੋਣ ਤੋਂ ਬਾਅਦ ਬਿਜਲੀ ਕਾਰਪੋਰੇਸ਼ਨ ’ਚ 6 ਜੂਨ 2018 ਤੋਂ ਜੂਨ 2020 ਤੱਕ ਚੇਅਰਮੈਨ ਦੇ ਅਹੁਦੇ ’ਤੇ ਰਹੇ ਸਾਲ 2019 ਦੌਰਾਨ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਸਪਲਾਈ ਦੇ ਕੇ 13603 ਮੈਗਾਵਾਟ ਦੀ ਵੱਡੀ ਮੰਗ ਨੂੰ ਬਾਕੀ ਖਪਤਕਾਰਾਂ ਦੀਆਂ ਸ੍ਰੇਣੀਆਂ ਤੇ ਬਿਨਾਂ ਕੱਟ ਲਗਾਏ ਬਾਖੂਬੀ ਪੂਰਾ ਕੀਤਾ। ਸਾਲ 2019 ਦੇ ਪੈਡੀ ਸੀਜਨ ਦੌਰਾਨ ਹੀ ਬਾਰਾਂ ਸੌ ਕਰੋੜ ਰੁਪਏ ਦੀ ਬਿਜਲੀ ਦੂਸਰੇ ਸੂਬਿਆਂ ਨੂੰ ਵੇਚ ਕੇ 400 ਕਰੋੜ ਦੇ ਮੁਨਾਫੇ ਸਹਿਤ ਬਾਰਾਂ ਸੌ ਕਰੋੜ ਤੋਂ ਵੱਧ ਦਾ ਲਾਭ ਪ੍ਰਾਪਤ ਕੀਤਾ ਸੀ।

ਉਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰਨ ਕਰਕੇ 2117 ਕਰੋੜ ਰੁਪਏ ਇਕੱਠੇ ਹੋਏ ਸਨ। ਰੈਗੂਲਰ ਨੌਕਰੀ ਦੇ ਆਖਰੀ ਛੇ ਮਹੀਨਿਆਂ ਦੌਰਾਨ ਪਣ ਬਿਜਲੀ ਪ੍ਰੋਜੈਕਟਾਂ ਦੇ ਮੁਖੀ ਰਹਿੰਦੇ ਹੋਏ ਇਸ ਦੇ ਉਤਪਾਦਨ ਵਿਚ ਰਿਕਾਰਡ ਤੋੜ 22 ਫੀਸਦੀ ਵਾਧਾ ਕਰਨ ਵਾਲੇ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਲਹਿਰਾ ਮੁਹੱਬਤ ਥਰਮਲ ਪਲਾਂਟ ਨੂੰ ਵੀ ਉਤਪਾਦਨ ਦੀਆਂ ਨਵੀਆਂ ਸਿਖਰਾਂ ਤੇ ਪਹੁੰਚਾ ਕੇ ਸਾਲ 2010 ਵਿੱਚ ਬੈਸਟ ਇੰਜੀਨੀਅਰ ਦਾ ਐਵਾਰਡ ਹਾਸਲ ਕੀਤਾ। ਪੰਜਾਬ ਰਾਜ ਪਾਵਰ ਇੰਜੀਨੀਅਰ ਐਸੋਸ਼ੀਏਸਨ ਦੇ ਲਗਾਤਾਰ ਦੋ ਵਾਰ ਪ੍ਰਧਾਨ ਰਹਿ ਕੇ ਮੁਲਾਜਮਾਂ ਦੀਆਂ ਹੱਕੀ ਮੰਗਾਂ ਲਈ ਮੈਨੇਜਮੈਂਟਾਂ ਅਤੇ ਸਰਕਾਰਾਂ ਨਾਲ ਟੱਕਰ ਲੈਣ ਵਾਲੇ ਇੰਜੀਨੀਅਰ ਬਲਦੇਵ ਸਿੰਘ ਸਰਾਂ ਜਿੱਥੇ ਆਪਣੇ ਮਹਿਕਮੇ ਵਿੱਚ ਇਮਾਨਦਾਰੀ ਤੇ ਮਿਹਨਤ ਦੀ ਮਿਸਾਲ ਮੰਨੇ ਜਾਂਦੇ ਹਨ, ਅੱਜ ਖੁਦ ਮੈਨੇਜਮੈਂਟ ਦੀ ਕੁਰਸੀ ਤੇ ਦੂਜੀ ਵਾਰ ਬੈਠ ਕੇ ਪਾਵਰਕੌਮ ਦੀਆਂ ਬਰੀਕੀਆਂ ਨੂੰ ਧੁਰ ਅੰਦਰ ਤੱਕ ਜਾਣਦੇ ਤੇ ਸਮਝਣ ਵਾਲੇ ਸਾਡੇ ਚੇਅਰਮੈਨ ਤੋਂ ਮਹਿਕਮੇ ਦੇ ਮੁਲਾਜ਼ਮਾਂ ਨੂੰ ਫਿਰ ਉਮੀਦਾਂ ਬੱਝੀਆਂ ਹਨ ਕਿ ਪਾਵਰਕੌਮ ਦੀ ਬੇੜੀ ਨੂੰ ਬੰਨੇ ਲਾਉਣ ਵਾਲੇ ਮਲਾਹ ਨੇ ਅੱਜ ਫਿਰ ਦੁਬਾਰਾ ਚੱਪੂ ਫੜ ਕੇ ਇਸ ਨੂੰ ਪਾਰ ਲਾਉਣ ਦੀ ਹੱਠ ਕੀਤੀ ਹੈ।

ਇੰਜ. ਜਗਜੀਤ ਸਿੰਘ ਕੰਡਾ, ਕੋਟਕਪੁਰਾ
ਮੋਬਾਇਲ 96462-00468

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ