Babu Singh Maan: ਬਾਬੂ ਸਿੰਘ ਮਾਨ ਤੋਂ ‘ਗੀਤਕਾਰ ਮਾਨ ਮਰਾੜ੍ਹਾਂ ਵਾਲੇ’ ਤੱਕ ਦਾ ਸਫਰ
ਬਾਬੂ ਸਿੰਘ ਮਾਨ ਤੋਂ ‘ਗੀਤਕਾਰ ਮਾਨ ਮਰਾੜ੍ਹਾਂ ਵਾਲੇ’ ਤੱਕ ਦਾ ਸਫਰ
ਪੰਜਾਬੀ ਗੀਤਕਾਰੀ ਵਿੱਚ ਪਿੰਡ, ਪੰਜਾਬੀ ਲੋਕ-ਜੀਵਨ, ਰਿਸ਼ਤਿਆਂ, ਪਿਆਰ ਅਤੇ ਸੱਭਿਆਚਾਰ ਨੂੰ ਆਪਣੀ ਵਿਲੱਖਣ ਬੋਲੀ ਅਤੇ ਅੰਦਾਜ਼ ਵਿੱਚ ਪੇਸ਼ ਕਰਨ ਵਾਲੇ ਸਰਦਾਰ ਬਾਬੂ ਸਿੰਘ ਮਾਨ ਉਰਫ਼ ਮਾਨ ਮਰਾੜ੍ਹਾਂ ਵਾਲਾ ਪੰਜਾਬੀ ਗੀਤਕਾਰੀ ਦੇ ਅਜਿਹੇ ਹਸਤਾਖ਼ਰ ਹਨ, ਜਿਨ੍ਹਾਂ ਨੂੰ ਪਿਆਰ ਨਾਲ ‘ਬਾਬਾ ਬੋਹੜ’ ਵੀ ਕਿਹਾ ਜਾਂਦਾ ਹੈ। ਮੈਨੂੰ ਉਨ੍ਹਾਂ ਨੂੰ ਆਪਣੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’ ਭੇਟ ਕਰਨ ਦਾ ਸੁਭਾਗ ਮਿਲਿਆ। ਕਿਤਾਬ ਦਾ ਸਿਰਲੇਖ ਪੜ੍ਹਦਿਆਂ ਹੀ ਉਨ੍ਹਾਂ ਦੇ ਚਿਹਰੇ ’ਤੇ ਇੱਕ ਖ਼ਾਸ ਚਮਕ ਆ ਗਈ। ਉਹ ਆਪਣੇ ਬਚਪਨ, ਸਕੂਲ, ਕਾਲਜ, ਪਿੰਡ ਅਤੇ ਬੀਤੇ ਸਮੇਂ ਦੀਆਂ ਗੱਲਾਂ ਕਰਨ ਲੱਗੇ। ਇੰਜ ਮਹਿਸੂਸ ਹੋਇਆ ਜਿਵੇਂ ਕਿਤਾਬ ਦਾ ਸਿਰਲੇਖ ਉਨ੍ਹਾਂ ਨੂੰ ਵੀ ਆਪਣੇ ਬਚਪਨ ਦੇ ਸਮੇਂ ਵਿੱਚ ਲੈ ਗਿਆ ਹੋਵੇ। ਮਾਨ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ 10 ਅਕਤੂਬਰ 1942 ਨੂੰ ਪਿੰਡ ਮਰਾੜ੍ਹ, ਜ਼ਿਲ੍ਹਾ ਫ਼ਰੀਦਕੋਟ ਵਿੱਚ ਹੋਇਆ। ਉਸ ਸਮੇਂ ਮਰਾੜ੍ਹ ਤੋਂ ਫ਼ਰੀਦਕੋਟ ਤੱਕ ਟਿੱਬੇ ਹੀ ਟਿੱਬੇ ਸਨ।
ਨੇੜਲੇ ਪਿੰਡ ਤੋਂ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੂੰ ਫ਼ਰੀਦਕੋਟ ਪੜ੍ਹਨ ਲਈ ਭੇਜ ਦਿੱਤਾ ਗਿਆ। ਆਉਣ-ਜਾਣ ਦੇ ਸਾਧਨ ਨਹੀਂ ਸਨ। ਉਨ੍ਹਾਂ ਦੇ ਇਲਾਕੇ ਦਾ ਕੋਈ ਲੜਕਾ ਕਾਲਜ ਨਹੀਂ ਪੜ੍ਹਦਾ ਸੀ। ਉਹ ਹੱਸਦਿਆਂ ਇੱਕ ਘਟਨਾ ਸੁਣਾਉਂਦੇ ਹਨ ਕਿ ਜਦੋਂ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਕਾਲਜ ਵਿੱਚ ਟਰੈਕਟਰ ’ਤੇ ਉਨ੍ਹਾਂ ਨੂੰ ਮਿਲਣ ਆਇਆ ਤਾਂ ਉਹ ਆਪਣਾ ਬੈਗ ਟਰੈਕਟਰ ’ਤੇ ਰੱਖ ਕੇ ਕਾਲਜ ਛੱਡ ਕੇ ਚਲੇ ਗਏ। ਪਰ ਘਰ ਵਾਲੇ ਉਨ੍ਹਾਂ ਨੂੰ ਮੁੜ ਘੋੜੀ ’ਤੇ ਬਿਠਾ ਕੇ ਕਾਲਜ ਛੱਡ ਗਏ। ਬਾਅਦ ਵਿੱਚ ਪਿੰਡ ਲਈ ਬੱਸ ਚੱਲਣੀ ਸ਼ੁਰੂ ਹੋਈ। ਰਸਤੇ ਵਿੱਚ ਤਿੰਨ ਟਿੱਬੇ ਆਉਂਦੇ ਸਨ। ਟਿੱਬਾ ਆਉਂਦਾ ਤਾਂ ਸਵਾਰੀਆਂ ਬੱਸ ਤੋਂ ਉੱਤਰ ਕੇ ਧੱਕਾ ਲਾਉਂਦੀਆਂ। ਬੱਸ ਦੋ ਘੰਟਿਆਂ ਵਿੱਚ ਫ਼ਰੀਦਕੋਟ ਪਹੁੰਚਦੀ। ਉਹ ਸਮਾਂ ਵੀ ਉਨ੍ਹਾਂ ਨੂੰ ਤਰੱਕੀ ਵਰਗਾ ਲੱਗਦਾ ਸੀ ਕਿ ਹੁਣ ਪਿੰਡ ਤੋਂ ਸਿਰਫ਼ ਦੋ ਘੰਟਿਆਂ ਵਿੱਚ ਸ਼ਹਿਰ ਪਹੁੰਚ ਜਾਂਦੇ ਹਾਂ। ਕੁਝ ਸਮੇਂ ਬਾਅਦ ਉਨ੍ਹਾਂ ਦੇ ਮਨ ਵਿੱਚ ਪ੍ਰੋਫ਼ੈਸਰ ਬਣਨ ਦਾ ਖ਼ਿਆਲ ਆਇਆ। ਉਸ ਲਈ ਪੜ੍ਹਨਾ ਬਹੁਤ ਪੈਂਦਾ ਸੀ।
ਫਿਰ ਉਨ੍ਹਾਂ ਨੇ ਕਵਿਤਾ ਲਿਖ ਕੇ ਪ੍ਰੋਫ਼ੈਸਰ ਨਰੂਲਾ ਨੂੰ ਦਿਖਾਈ। ਨਰੂਲਾ ਸਾਹਿਬ ਨੇ ਉਨ੍ਹਾਂ ਦੀ ਲਿਖਤ ਨੂੰ ਦੇਖਦਿਆਂ ਕਿਹਾ ਕਿ ਤੂੰ ਜੱਟਾਂ ਦਾ ਮੁੰਡਾ ਹੈਂ, ਆਪਣੇ ਪਿੰਡ ਬਾਰੇ ਲਿਖ। ਪਿੰਡ ਦੇ ਲੋਕ, ਗਲੀਆਂ, ਖੇਤੀ, ਸਰਪੰਚੀ ਅਤੇ ਪਿੰਡ ਦੀ ਜ਼ਿੰਦਗੀ- ਜੋ ਕੁਝ ਅੱਖਾਂ ਸਾਹਮਣੇ ਦੇਖਦਾ ਹੈਂ, ਉਸ ਨੂੰ ਸ਼ਬਦਾਂ ਵਿੱਚ ਲਿਆ। ਇਹ ਗੱਲ ਉਨ੍ਹਾਂ ਦੇ ਮਨ ਵਿੱਚ ਵੱਸ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਅਤੇ ਲੋਕ-ਜੀਵਨ ਨੂੰ ਆਪਣੀ ਗੀਤਕਾਰੀ ਦਾ ਕੇਂਦਰ ਬਣਾਇਆ। ਬਿਸਮਿਲ ਫ਼ਰੀਦਕੋਟੀ ਤੋਂ ਮਿਲੇ ਇੱਕ ਮੁਖੜੇ ਨੇ ਵੀ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ। ਉਹ ਰਿਕਸ਼ਾ ਚਲਾਉਂਦੇ ਸਨ ਅਤੇ ਉਨ੍ਹਾਂ ਦੇ ਜੀਵਨ ਤੇ ਸ਼ਬਦਾਂ ਤੋਂ ਮਾਨ ਸਾਹਿਬ ਬਹੁਤ ਪ੍ਰਭਾਵਿਤ ਹੋਏ। ਫਿਰ ਗੀਤਕਾਰੀ ਦਾ ਸਫ਼ਰ ਸ਼ੁਰੂ ਹੋਇਆ। ਉਨ੍ਹਾਂ ਦੇ ਲਿਖੇ ਗੀਤਾਂ ਨੂੰ ਕੁਲਦੀਪ ਮਾਣਕ, ਮੁਹੰਮਦ ਸਦੀਕ, ਬੀਬੀ ਰਣਜੀਤ ਕੌਰ, ਹਰਚਰਨ ਗਰੇਵਾਲ, ਸੁਰਿੰਦਰ ਕੌਰ, ਸੁਖਵਿੰਦਰ ਸਿੰਘ, ਹਰਭਜਨ ਮਾਨ, ਦਿਲਸ਼ਾਦ ਅਖ਼ਤਰ ਸਮੇਤ ਅਨੇਕਾਂ ਗਾਇਕਾਂ ਨੇ ਆਪਣੀ ਆਵਾਜ਼ ਦਿੱਤੀ। ਉਨ੍ਹਾਂ ਨੇ ਫ਼ਿਲਮਾਂ ਲਈ ਵੀ ਗੀਤ ਲਿਖੇ ਅਤੇ ਪੰਜਾਬ ਦੀਆਂ ਪ੍ਰਸਿੱਧ ਲੋਕ-ਕਥਾਵਾਂ ਤੇ ਇਤਿਹਾਸਕ ਪਾਤਰਾਂ ਨੂੰ ਵੀ ਆਪਣੀ ਗੀਤਕਾਰੀ ਦਾ ਵਿਸ਼ਾ ਬਣਾਇਆ।
1963 ਵਿੱਚ ਉਨ੍ਹਾਂ ਦੀ ਪਹਿਲੀ ਪੁਸਤਕ ‘ਗੀਤਾਂ ਦਾ ਵਣਜਾਰਾ’ ਪ੍ਰਕਾਸ਼ਿਤ ਹੋਈ। ਉਹ ਆਪਣੇ ਪਿੰਡ ਮਰਾੜ੍ਹ ਦੇ ਤਿੰਨ ਵਾਰ ਸਰਪੰਚ ਵੀ ਰਹੇ ਹਨ। ਮਾਨ ਸਾਹਿਬ ਆਪਣੀ ਗੀਤਕਾਰੀ ਬਾਰੇ ਇੱਕ ਮਹੱਤਵਪੂਰਨ ਗੱਲ ਕਹਿੰਦੇ ਹਨ ਕਿ ਗੀਤ ਲਿਖਣ ਤੋਂ ਪਹਿਲਾਂ ਉਹ ਉਸ ਦੀ ਧੁਨ ਅਤੇ ਰਵਾਨਗੀ ਨੂੰ ਆਪਣੇ ਅੰਦਰ ਮਹਿਸੂਸ ਕਰਦੇ ਹਨ। ਫਿਰ ਉਸ ਵਿੱਚ ਸ਼ਬਦ ਜੜਦੇ ਹਨ। ਜਦੋਂ ਪੁੱਛਿਆ ਕਿ ਤੁਸੀਂ ਖੁਦ ਕਿਉਂ ਨਹੀਂ ਗਾਉਂਦੇ? ਤਾਂ ਉਨ੍ਹਾਂ ਹੱਸਦਿਆਂ ਕਿਹਾ, ਜਦੋਂ ਦੁੱਧ ਵਿਕਦਾ ਹੋਵੇ ਤਾਂ ਦਹੀਂ ਜਮਾਉਣ ਦੀ ਕੀ ਲੋੜ ਹੈ। ਉਨ੍ਹਾਂ ਅਨੁਸਾਰ ਕਈ ਵਾਰ ਗੀਤ ਦੇ ਇੱਕ ਸ਼ਬਦ ਨੂੰ ਬਦਲਣ ਨਾਲ ਪੂਰੇ ਗੀਤ ਦੀ ਰਵਾਨਗੀ ਖ਼ਰਾਬ ਹੋ ਸਕਦੀ ਹੈ। ਇਸ ਲਈ ਸ਼ਬਦ ਸਿਰਫ਼ ਅਰਥ ਲਈ ਨਹੀਂ, ਲੈਅ, ਰਵਾਨਗੀ ਅਤੇ ਸੁਭਾਵਿਕਤਾ ਲਈ ਵੀ ਹੁੰਦਾ ਹੈ। ਜਿਵੇਂ:- ਲੈ ਜਾ ਛੱਲੀਆਂ ਭੁੰਨਾਂ ਲਈਂ ਦਾਣੇ, ਵੇ ਮਿੱਤਰਾ ਦੂਰ ਦਿਆ। ਉਨ੍ਹਾਂ ਦੀ ਇੱਕ ਹੋਰ ਗੱਲ ਬਹੁਤ ਦਿਲ ਨੂੰ ਛੂੰਹਦੀ ਹੈ- ਮੈਂ ਗਾਉਣ ਵਾਲੇ ਨੂੰ ਕਹਿੰਦਾ ਹਾਂ ਕਿ ਇਹ ਗੀਤ ਨਾ ਮੇਰਾ ਰਹੇ, ਨਾ ਤੇਰਾ ਰਹੇ, ਇਹ ਲੋਕਾਂ ਦਾ ਬਣ ਜਾਵੇ। ਸ਼ਾਇਦ ਇਹੀ ਕਿਸੇ ਗੀਤ ਦੀ ਸਭ ਤੋਂ ਵੱਡੀ ਕਾਮਯਾਬੀ ਹੈ।
ਜਿਵੇਂ:-ਮਾਨਾਂ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ।
ਮਨ ਵਿੱਚ ਵੱਸਦਾ ਸੱਜਣਾ ਵੇ ਰਹਿਨਾਂ ਅੱਖੀਆਂ ਤੋਂ ਦੂਰ।
ਮਾਨ ਸਾਹਿਬ ਨੇ ਪੁਰਾਣੀ ਪੰਜਾਬੀ ਲੋਕ-ਗਾਇਕੀ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਪਹਿਲਾਂ ਲੋਕ-ਗਾਇਕਾਂ ਦੇ ਗਾਉਣ ਦਾ ਢੰਗ ਵੀ ਆਪਣੇ-ਆਪ ਵਿੱਚ ਇੱਕ ਕਲਾ ਸੀ। ਚਾਰ ਗਾਇਕ ਇਕੱਠੇ ਤੁਰਦੇ-ਫਿਰਦੇ ਗਾਉਂਦੇ ਅਤੇ ਅਲਾਪ ਲੈਂਦੇ ਸਮੇਂ ਉਨ੍ਹਾਂ ਦੀਆਂ ਪਿੱਠਾਂ ਇੱਕ-ਦੂਜੇ ਨਾਲ ਜੁੜ ਜਾਂਦੀਆਂ, ਅਤੇ ਅਲਾਪ ਘੁੰਮਦਾ ਹੋਇਆ ਉੱਪਰ ਜਾਂਦਾ। ਉਹ ਅਵਾਜ਼ ਦਾ ਗੁੰਬਦ ਬਣਾ ਦਿੰਦੇ ਸਨ। ਉਨ੍ਹਾਂ ਦੇ ਅਨੁਸਾਰ ਉਸ ਸਮੇਂ ਦੀ ਉਹ ਸਾਂਝੀ ਆਵਾਜ਼ ਅੱਜ ਵੀ ਉਨ੍ਹਾਂ ਦੇ ਮਨ ਅਤੇ ਅੱਖਾਂ ਸਾਹਮਣੇ ਵੱਸਦੀ ਹੈ। ਮਾਨ ਸਾਹਿਬ ਆਪਣੀ ਗੀਤਕਾਰੀ ਦੀ ਜੜ੍ਹ ਆਪਣੀ ਧਰਤੀ ਅਤੇ ਆਪਣੀ ਬੋਲੀ ਵਿੱਚ ਮੰਨਦੇ ਹਨ। ਉਹ ਕਹਿੰਦੇ ਹਨ ਕਿ ਉਨ੍ਹਾਂ ਨੇ ਜੋ ਕੁਝ ਸਿੱਖਿਆ, ਉਹ ਫ਼ਰੀਦਕੋਟ, ਮਰਾੜ੍ਹ, ਆਪਣੀ ਬੋਲੀ ਅਤੇ ਆਪਣੀ ਧਰਤੀ ਤੋਂ ਸਿੱਖਿਆ।
ਉਨ੍ਹਾਂ ਦੀ ਗੀਤਕਾਰੀ ਨੇ ਮਾਲਵੇ ਦੀ ਬੋਲੀ ਨੂੰ ਪੰਜਾਬੀ ਗਾਇਕੀ ਦੇ ਵੱਡੇ ਮੰਚ ਤੱਕ ਪਹੁੰਚਾਇਆ।ਫਿਰ ਉਨ੍ਹਾਂ ਦੱਸਿਆ ਕਿ ਜਦੋਂ ਪਾਕਿਸਤਾਨ ਦੀ ਇੱਕ ਫਿਲਮ ਵਿੱਚ ਮੇਰਾ ਲਿਖਿਆ ਗੀਤ ਇੱਕ ਲੇਡੀਜ਼ ਸਿੰਗਰ ਨੇ ਗਾਇਆ ਜਿਸ ਵਿਚ ਪੈੜ ਸ਼ਬਦ ਆਉਂਦਾ ਹੈ ਤਾਂ ਉਨ੍ਹਾਂ ਵੱਲੋਂ ‘ਪੈੜ’ ਸ਼ਬਦ ਦੀ ਥਾਂ ਚਾਲ ਬੋਲ ਕੇ ‘ਪੈੜ’ ਸ਼ਬਦ ਦਾ ਅਰਥ ਹੀ ਬਦਲ ਦਿੱਤਾ । ਮਾਨ ਸਾਹਿਬ ਨੇ ਸਮਝਾਇਆ ਕਿ ਪੈੜ ਕੱਕੇ ਰੇਤੇ ’ਤੇ ਪੈਰਾਂ ਨਾਲ ਬਣੇ ਨਿਸ਼ਾਨ ਹੁੰਦੇ ਹਨ। ਉਨ੍ਹਾਂ ਲਈ ਸ਼ਬਦ ਸਿਰਫ਼ ਸ਼ਬਦ ਨਹੀਂ, ਸਗੋਂ ਪੂਰੇ ਲੋਕ-ਜੀਵਨ ਦੀ ਤਸਵੀਰ ਹੁੰਦਾ ਹੈ। ਉਹ ਕਹਿੰਦੇ ਹਨ ਕਿ ਪੰਜਾਬੀ ਵਿਰਸੇ ਦੀਆਂ ਬਹੁਤ ਸਾਰੀਆਂ ਗੱਲਾਂ ਇੰਨੀਆਂ ਸੁਭਾਵਿਕ ਹਨ ਕਿ ਉਨ੍ਹਾਂ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨਾ ਵੀ ਕਈ ਵਾਰ ਉਸ ਅਸਲ ਭਾਵਨਾ ਨੂੰ ਨਹੀਂ ਫੜ ਸਕਦਾ। ਅੱਜ ਦੀ ਗਾਇਕੀ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਸਮੇਂ ਦੇ ਨਾਲ ਸੰਗੀਤ ਦਾ ਰੂਪ ਬਦਲਦਾ ਹੈ। ਅੱਜ ਸ਼ੋਰ ਅਤੇ ਦਿਖਾਵਾ ਵਧ ਗਿਆ ਹੈ, ਪਰ ਸਮਾਂ ਆਪਣੇ ਨਾਲ ਬਹੁਤ ਕੁਝ ਲੈ ਜਾਂਦਾ ਹੈ। ਉਨ੍ਹਾਂ ਨੂੰ ਭਰੋਸਾ ਹੈ ਕਿ ਲੋਕ ਆਖ਼ਰਕਾਰ ਸੁਭਾਵਿਕਤਾ, ਪੁਰਾਣੇ ਸੁਰਾਂ, ਪੁਰਾਣੇ ਪਹਿਰਾਵਿਆਂ ਤੇ ਆਪਣੀ ਮਿੱਟੀ ਨਾਲ ਜੁੜੀ ਗਾਇਕੀ ਵੱਲ ਮੁੜਦੇ ਹਨ।
ਉਨ੍ਹਾਂ ਨਾਲ ਹੋਈ ਇਹ ਮੁਲਾਕਾਤ ਮੇਰੇ ਲਈ ਸਿਰਫ਼ ਇੱਕ ਪ੍ਰਸਿੱਧ ਗੀਤਕਾਰ ਨਾਲ ਮੁਲਾਕਾਤ ਨਹੀਂ ਸੀ। ਇਹ ਮਾਲਵੇ ਦੀ ਮਿੱਟੀ, ਪਿੰਡ ਦੀਆਂ ਗਲੀਆਂ, ਪੁਰਾਣੀ ਬੋਲੀ, ਲੋਕ-ਜੀਵਨ ਅਤੇ ਪੰਜਾਬੀ ਗੀਤਕਾਰੀ ਦੇ ਇੱਕ ਲੰਮੇ ਸਫ਼ਰ ਨਾਲ ਮੁਲਾਕਾਤ ਸੀ। ਉਨ੍ਹਾਂ ਦੀਆਂ ਗੱਲਾਂ ਸੁਣਦਿਆਂ ਮੈਨੂੰ ਵਾਰ-ਵਾਰ ਆਪਣੀ ਪੁਸਤਕ ਦਾ ਸਿਰਲੇਖ ਯਾਦ ਆਉਂਦਾ ਰਿਹਾ—‘ਹੁਣ ਉਹ ਗੱਲਾਂ ਕਿੱਥੇ’ ਜਿਨ੍ਹਾਂ ਗੱਲਾਂ ਨੂੰ ਅਸੀਂ ਬੀਤਿਆ ਸਮਾਂ ਸਮਝਦੇ ਹਾਂ, ਉਹ ਬਾਬੂ ਸਿੰਘ ਮਾਨ ਵਰਗੇ ਕਲਾਕਾਰਾਂ ਦੀ ਯਾਦ ਅਤੇ ਕਲਮ ਵਿੱਚ ਅੱਜ ਵੀ ਜਿਉਂਦੀਆਂ ਹਨ। ਮੁਲਾਕਾਤ ਦੇ ਅੰਤ ਵਿੱਚ ਮੈਂ ਆਪਣੀ ਪੁਸਤਕ ‘ਹੁਣ ਉਹ ਗੱਲਾਂ ਕਿੱਥੇ’ ਉਨ੍ਹਾਂ ਨੂੰ ਭੇਟ ਕੀਤੀ। ਪੰਜਾਬੀ ਗੀਤਕਾਰੀ ਦੇ ਇਸ ਮਾਣਮੱਤੇ ਹਸਤਾਖ਼ਰ ਨਾਲ ਮਿਲਣਾ ਅਤੇ ਉਨ੍ਹਾਂ ਦੀਆਂ ਯਾਦਾਂ ਸੁਣਨਾ ਮੇਰੇ ਲਈ ਹਮੇਸ਼ਾ ਯਾਦਗਾਰੀ ਰਹੇਗਾ। ਅੱਜ-ਕੱਲ੍ਹ ਬਾਬੂ ਸਿੰਘ ਮਾਨ ਸਾਹਿਬ ਆਪਣਾ ਵਧੇਰੇ ਸਮਾਂ ਮੋਹਾਲੀ ਅਤੇ ਆਪਣੇ ਜੱਦੀ ਪਿੰਡ ਵਿੱਚ ਪਰਿਵਾਰ ਨਾਲ ਬਿਤਾਉਂਦੇ ਹਨ। ਉਹ ਅਨੇਕਾਂ ਲਿਖਣ ਵਾਲਿਆਂ ਲਈ ਇੱਕ ਰੌਸ਼ਨ ਮੀਨਾਰ ਹਨ। ਮੈਂ ਉਨ੍ਹਾਂ ਦੀ ਲੰਮੀ ਅਤੇ ਤੰਦਰੁਸਤ ਉਮਰ ਦੀ ਅਰਦਾਸ ਕਰਦਾ ਹਾਂ ਅਤੇ ਜਨਮ ਦਿਨ ’ਤੇ ਦਿਲੋਂ ਵਧਾਈ ਦਿੰਦਾ ਹਾਂ।
ਸਰਸਾ, ਹਰਿਆਣਾ
ਮੋ. 74948-87787
ਗੁਰਬਾਜ ਸਿੰਘ