Punjab
QUAD Strategic Cooperation: ਕੁਆਡ ’ਚ ਆਰਥਿਕ ਅਤੇ ਰਣਨੀਤਕ ਸਹਿਯੋਗ ਦਾ ਨਵਾਂ ਦੌਰ
ਹਿੰਦ-ਪ੍ਰਸ਼ਾਂਤ ਖੇਤਰ ਅੱਜ ਵਿਸ਼ਵ ਰਾਜਨੀਤੀ, ਵਪਾਰ ਅਤੇ ਸੁਰੱਖਿਆ ਦਾ ਸਭ ਤੋਂ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ
QUAD Strategic Cooperation: ਹਿੰਦ-ਪ੍ਰਸ਼ਾਂਤ ਖੇਤਰ ਅੱਜ ਵਿਸ਼ਵ ਰਾਜਨੀਤੀ, ਵਪਾਰ ਅਤੇ ਸੁਰੱਖਿਆ ਦਾ ਸਭ ਤੋਂ ਮਹੱਤਵਪੂਰਨ ਕੇਂਦਰ ਬਣ ਚੁੱਕਾ ਹੈ। ਵਿਸ਼ਵ ਆਰਥਿਕਤਾ ਦਾ ਵੱਡਾ ਹਿੱਸਾ ਇਸੇ ਖੇਤਰ ਤੋਂ ਚੱਲਦਾ ਹੈ ਅਤੇ ਸਮੁੰਦਰੀ ਵਪਾਰ ਦੀਆਂ ਮੁੱਖ ਜੀਵਨ ਰੇਖਾਵਾਂ ਵੀ ਇੱਥੋਂ ਲੰਘਦੀਆਂ ਹਨ। ਇਸੇ ਸਮੇਂ ’ਚ ਭਾਰਤ, ਅਮਰੀਕਾ, ਜਪਾਨ ਅਤੇ ਅਸਟਰੇਲੀਆ ਵਾਲੇ ਸਮੂਹ ਕੁਆਡ ਦੀ ਨਵੀਂ ਦਿੱਲੀ ’ਚ ਹੋਈ ਵਿਦੇਸ਼ ਮੰਤਰੀਆਂ ਦੀ ਬੈਠਕ ਨੇ ਇਹ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਇਹ ਪਲੇਟਫਾਰਮ ਹੁਣ ਸਿਰਫ਼ ਸੁਰੱਖਿਆ ਸਹਿਯੋਗ ਤੱਕ ਸੀਮਤ ਨਹੀਂ ਰਿਹਾ, ਸਗੋਂ ਆਰਥਿਕ, ਤਕਨੀਕੀ ਅਤੇ ਰਣਨੀਤਕ ਭਾਈਵਾਲੀ ਦਾ ਵਿਸ਼ਾਲ ਰੂਪ ਅਪਣਾ ਰਿਹਾ ਹੈ। ਬੈਠਕ ’ਚ ਅੱਤਵਾਦ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਦੁਹਰਾਈ ਗਈ। ਇਸ ਤੋਂ ਇਲਾਵਾ ਹਿੰਦ-ਪ੍ਰਸ਼ਾਂਤ ਖੇਤਰ ਨੂੰ ਆਜ਼ਾਦ, ਖੁੱਲ੍ਹਾ ਅਤੇ ਨਿਯਮ-ਆਧਾਰਿਤ ਬਣਾਈ ਰੱਖਣ ਦੀ ਵਚਨਬੱਧਤਾ ਵੀ ਜ਼ਾਹਰ ਕੀਤੀ ਗਈ।
ਮੈਂਬਰ ਦੇਸ਼ਾਂ ਨੇ ਸਮੁੰਦਰੀ ਗਤੀਵਿਧੀਆਂ ਦੀ ਨਿਗਰਾਨੀ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਤਕਨੀਕੀ ਸਹਿਯੋਗ ਵਧਾਉਣ ਦਾ ਫੈਸਲਾ ਲਿਆ ਹੈ। ਇਸ ਤਹਿਤ ਸਮੁੰਦਰੀ ਨਿਗਰਾਨੀ ਸਮਰੱਥਾ ਨੂੰ ਵਧਾਉਣ ਦੀ ਪਹਿਲ ਕੀਤੀ ਗਈ ਹੈ, ਜਿਸ ਨਾਲ ਹਿੰਦ ਮਹਾਂਸਾਗਰ ਅਤੇ ਪ੍ਰਸ਼ਾਂਤ ਮਹਾਂਸਾਗਰ ’ਚ ਜਹਾਜ਼ਾਂ ਦੀ ਆਵਾਜਾਈ ਅਤੇ ਸੰਭਾਵਿਤ ਸੁਰੱਖਿਆ ਚੁਣੌਤੀਆਂ ’ਤੇ ਵਧੇਰੇ ਅਸਰਦਾਰ ਨਿਗਰਾਨੀ ਰੱਖੀ ਜਾ ਸਕੇਗੀ। ਹਿੰਦ-ਪ੍ਰਸ਼ਾਂਤ ਖੇਤਰ ਦਾ ਮਹੱਤਵ ਸਿਰਫ਼ ਰਣਨੀਤਕ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਹੈ। ਵਿਸ਼ਵ ਵਪਾਰ ਦਾ ਵੱਡਾ ਹਿੱਸਾ ਇਸੇ ਖੇਤਰ ਵਿਚੋਂ ਲੰਘਦਾ ਹੈ। ਊਰਜਾ ਸਪਲਾਈ, ਵਿਸ਼ਵਿਕ ਸਪਲਾਈ ਚੇਨਾਂ ਅਤੇ ਅੰਤਰਰਾਸ਼ਟਰੀ ਵਪਾਰਕ ਗਤੀਵਿਧੀਆਂ ਇਸ ਖੇਤਰ ਦੀ ਸਥਿਰਤਾ ’ਤੇ ਨਿਰਭਰ ਕਰਦੀਆਂ ਹਨ।
Read Also : Batala Firing Incident: ਬਟਾਲਾ ਦੇ ਸਿੰਬਲ ਚੌਕ ਨੇੜੇ ਦੋ ਧਿਰਾਂ ਵਿਚਾਲੇ ਗੋਲੀਬਾਰੀ, ਇੱਕ ਦੀ ਮੌਤ ਤੇ ਤਿੰਨ ਜ਼ਖ਼ਮੀ
ਇਸੇ ਲਈ ਇੱਥੇ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣਾ ਸਾਰੇ ਮੁੱਖ ਦੇਸ਼ਾਂ ਦੀ ਸਾਂਝੀ ਲੋੜ ਬਣ ਗਈ ਹੈ।ਨਵੀਂ ਦਿੱਲੀ ਬੈਠਕ ਦਾ ਇੱਕ ਮਹੱਤਵਪੂਰਨ ਪਹਿਲੂ ਮਹੱਤਵਪੂਰਨ ਖਣਿਜਾਂ ਨਾਲ ਸਬੰਧਿਤ ਸਾਂਝਾ ਢਾਂਚਾ ਤਿਆਰ ਕਰਨਾ ਵੀ ਰਿਹਾ। ਆਧੁਨਿਕ ਤਕਨਾਲੋਜੀ, ਬਿਜਲੀ ਉਪਕਰਣਾਂ, ਸੰਚਾਰ ਸਾਧਨਾਂ ਅਤੇ ਰੱਖਿਆ ਉਤਪਾਦਨ ’ਚ ਵਰਤੇ ਜਾਣ ਵਾਲੇ ਦੁਰਲੱਭ ਖਣਿਜਾਂ ਦੀ ਸਪਲਾਈ ’ਤੇ ਲੰਮੇ ਸਮੇਂ ਤੋਂ ਚੀਨ ਦਾ ਪ੍ਰਭਾਵ ਰਿਹਾ ਹੈ। ਦੁਨੀਆਂ ਦੇ ਬਹੁਤੇ ਵਸੀਲਿਆ ’ਚੋਂ ਦੁਰਲੱਭ ਖਣਿਜ ਚੀਨ ਤੋਂ ਆਉਂਦੇ ਹਨ। ਇਸ ਸਥਿਤੀ ’ਚ ਕੁਆਡ ਦੇਸ਼ਾਂ ਵੱਲੋਂ ਸਪਲਾਈ ਸਰੋਤਾਂ ’ਚ ਵਿਭਿੰਨਤਾ ਲਿਆਉਣ ਦਾ ਯਤਨ ਆਰਥਿਕ ਤੌਰ ’ਤੇ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਨਾਲ ਮੈਂਬਰ ਦੇਸ਼ਾਂ ਨੂੰ ਭਵਿੱਖ ’ਚ ਕਿਸੇ ਇੱਕ ਦੇਸ਼ ’ਤੇ ਅਧਿਕ ਨਿਰਭਰਤਾ ਤੋਂ ਬਚਣ ’ਚ ਮੱਦਦ ਮਿਲੇਗੀ। ਕੁਆਡ ਦੀ ਵਧਦੀ ਸਰਗਰਮੀ ’ਤੇ ਚੀਨ ਦੀ ਪ੍ਰਤੀਕਿਰਿਆ ਵੀ ਸੁਭਾਵਿਕ ਤੌਰ ’ਤੇ ਸਾਹਮਣੇ ਆਈ ਹੈ।
ਚੀਨ ਲੰਮੇ ਸਮੇਂ ਤੋਂ ਇਸ ਗਰੁੱਪ ਨੂੰ ਆਪਣੇ ਵਿਰੋਧ ’ਚ ਬਣਦੇ ਇੱਕ ਰਣਨੀਤਕ ਪਲੇਟਫਾਰਮ ਵਜੋਂ ਵੇਖਦਾ ਰਿਹਾ ਹੈ। ਹਾਲਾਂਕਿ ਕੁਆਡ ਦੇ ਮੈਂਬਰ ਦੇਸ਼ ਵਾਰ-ਵਾਰ ਇਹ ਸਪੱਸ਼ਟ ਕਰਦੇ ਰਹੇ ਹਨ ਕਿ ਉਨ੍ਹਾਂ ਦਾ ਉਦੇਸ਼ ਕਿਸੇ ਇੱਕ ਦੇਸ਼ ਨੂੰ ਘੇਰਨਾ ਨਹੀਂ, ਸਗੋਂ ਅੰਤਰਰਾਸ਼ਟਰੀ ਨਿਯਮਾਂ, ਸਮੁੰਦਰੀ ਅਜ਼ਾਦੀ ਅਤੇ ਖੇਤਰੀ ਸਥਿਰਤਾ ਦੀ ਰੱਖਿਆ ਕਰਨਾ ਹੈ। ਫਿਰ ਵੀ ਚੀਨ ਦੀਆਂ ਚਿੰਤਾਵਾਂ ਘੱਟ ਨਹੀਂ ਹੋਈਆਂ। ਅਸਲ ’ਚ ਦੱਖਣੀ ਚੀਨੀ ਸਾਗਰ ਅਤੇ ਪੂਰਬੀ ਚੀਨੀ ਸਾਗਰ ’ਚ ਪਿਛਲੇ ਕੁਝ ਸਾਲਾਂ ’ਚ ਚੀਨ ਦੀਆਂ ਗਤੀਵਿਧੀਆਂ ਨੇ ਕਈ ਦੇਸ਼ਾਂ ਨੂੰ ਚਿੰਤਤ ਕੀਤਾ ਹੈ। ਸਮੁੰਦਰੀ ਸੀਮਾਵਾਂ ਨਾਲ ਜੁੜੇ ਵਿਵਾਦ, ਨਕਲੀ ਟਾਪੂਆਂ ਦਾ ਨਿਰਮਾਣ ਅਤੇ ਗੁਆਂਢੀ ਦੇਸ਼ਾਂ ਨਾਲ ਵਧਦਾ ਤਣਾਅ ਖੇਤਰੀ ਸੰਤੁਲਨ ਨੂੰ ਪ੍ਰਭਾਵਿਤ ਕਰ ਰਿਹਾ ਹੈ।
ਇਸੇ ਲਈ ਕਈ ਦੇਸ਼ ਹੁਣ ਸਮੂਹਿਕ ਸਹਿਯੋਗ ਨੂੰ ਆਪਣੀ ਸੁਰੱਖਿਆ ਅਤੇ ਮਲਕੀਅਤ ਲਈ ਲਾਜ਼ਮੀ ਮੰਨਣ ਲੱਗੇ ਹਨ। ਕੁਆਡ ਦੀ ਸੋਚ ਕੋਈ ਅਚਾਨਕ ਉਪਜੀ ਵਿਵਸਥਾ ਨਹੀਂ ਹੈ। ਇਸ ਦੇ ਪਿੱਛੇ ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿਨਜ਼ੋ ਆਬੇ ਦੀ ਦੂਰਦਰਸ਼ੀ ਸੋਚ ਦਾ ਮਹੱਤਵਪੂਰਨ ਯੋਗਦਾਨ ਮੰਨਿਆ ਜਾਂਦਾ ਹੈ। ਸਾਲ 2007 ’ਚ ਭਾਰਤੀ ਸੰਸਦ ’ਚ ਦਿੱਤੇ ਗਏ ਉਨ੍ਹਾਂ ਦੇ ਸੰਬੋਧਨ ’ਚ ਹਿੰਦ ਅਤੇ ਪ੍ਰਸ਼ਾਂਤ ਮਹਾਂਸਾਗਰ ਨੂੰ ਇੱਕ ਸਾਂਝੇ ਰਣਨੀਤਕ ਖੇਤਰ ਵਜੋਂ ਵੇਖਣ ਦੀ ਸੋਚ ਸਾਹਮਣੇ ਆਈ ਸੀ। ਸਮੇਂ ਦੇ ਨਾਲ ਇਹੀ ਵਿਚਾਰ ਅੱਗੇ ਵਧ ਕੇ ਕੁਆਡ ਦੀ ਮਜ਼ਬੂਤ ਨੀਂਹ ਬਣਿਆ। ਅੱਜ ਕੁਆਡ ਦਾ ਰੂਪ ਪਹਿਲਾਂ ਨਾਲੋਂ ਕਿਤੇ ਵਧੇਰੇ ਵਿਸ਼ਾਲ ਹੋ ਚੁੱਕਾ ਹੈ। ਇਹ ਪਲੇਟਫਾਰਮ ਹੁਣ ਸਮੁੰਦਰੀ ਸੁਰੱਖਿਆ ਦੇ ਨਾਲ-ਨਾਲ ਤਕਨਾਲੋਜੀ, ਸਪਲਾਈ ਚੇਨ, ਆਫ਼ਤ ਪ੍ਰਬੰਧਨ, ਊਰਜਾ ਸੁਰੱਖਿਆ, ਸਿਹਤ ਸਹਿਯੋਗ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਰਗੇ ਖੇਤਰਾਂ ’ਚ ਵੀ ਸਰਗਰਮ ਭੂਮਿਕਾ ਨਿਭਾ ਰਿਹਾ ਹੈ।
ਮੈਂਬਰ ਦੇਸ਼ਾਂ ਨੂੰ ਇਹ ਅਹਿਸਾਸ ਹੈ ਕਿ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਇਕੱਲੇ ਕਰਨਾ ਸੰਭਵ ਨਹੀਂ। ਇਸ ਲਈ ਸਹਿਯੋਗ ਅਤੇ ਤਾਲਮੇਲ ਹੀ ਸਭ ਤੋਂ ਅਸਰਦਾਰ ਰਾਹ ਹੈ। ਹਿੰਦ-ਪ੍ਰਸ਼ਾਂਤ ਖੇਤਰ ਦੀ ਵਧਦੀ ਅਹਿਮੀਅਤ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਵਿਸ਼ਵ ਦੇ ਕੁੱਲ ਉਤਪਾਦਨ ਅਤੇ ਅੰਤਰਰਾਸ਼ਟਰੀ ਵਪਾਰ ਦਾ ਵੱਡਾ ਹਿੱਸਾ ਇੱਥੇ ਕੇਂਦਰਿਤ ਹੈ। ਇੱਥੇ ਸਥਿਤ ਮੁੱਖ ਬੰਦਰਗਾਹਾਂ ਵਿਸ਼ਵ ਵਪਾਰ ਦੀ ਧੁਰੀ ਮੰਨੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇਹ ਖੇਤਰ ਊਰਜਾ ਆਵਾਜਾਈ ਦਾ ਵੀ ਮੁੱਖ ਰਾਹ ਹੈ। ਜੇ ਇੱਥੇ ਅਸਥਿਰਤਾ ਵਧੀ ਤਾਂ ਉਸਦਾ ਅਸਰ ਪੂਰੀ ਦੁਨੀਆਂ ਦੀ ਆਰਥਿਕਤਾ ’ਤੇ ਪੈ ਸਕਦਾ ਹੈ। ਭਾਰਤ ਲਈ ਵੀ ਕੁਆਡ ਦਾ ਮਹੱਤਵ ਲਗਾਤਾਰ ਵਧ ਰਿਹਾ ਹੈ।
ਇੱਕ ਪਾਸੇ ਇਹ ਭਾਰਤ ਨੂੰ ਖੇਤਰੀ ਅਤੇ ਕੌਮਾਂਤਰੀ ਪੱਧਰ ’ਤੇ ਆਪਣੀ ਭੂਮਿਕਾ ਮਜ਼ਬੂਤ ਕਰਨ ਦਾ ਮੌਕਾ ਦਿੰਦਾ ਹੈ, ਦੂਜੇ ਪਾਸੇ ਸਮੁੰਦਰੀ ਸੁਰੱਖਿਆ, ਆਰਥਿਕ ਸਹਿਯੋਗ ਅਤੇ ਤਕਨੀਕੀ ਵਿਕਾਸ ਦੀਆਂ ਨਵੀਂਆਂ ਖਿੜਕੀਆਂ ਵੀ ਖੋਲ੍ਹਦਾ ਹੈ। ਜਪਾਨ, ਅਮਰੀਕਾ ਅਤੇ ਅਸਟਰੇਲੀਆ ਨਾਲ ਵਧਦੀ ਭਾਈਵਾਲੀ ਭਾਰਤ ਦੀ ਵਿਦੇਸ਼ ਨੀਤੀ ਨੂੰ ਨਵੀਂ ਮਜ਼ਬੂਤੀ ਪ੍ਰਦਾਨ ਕਰ ਰਹੀ ਹੈ।ਮੌਜ਼ੂਦਾ ਹਾਲਾਤ ’ਚ ਇਹ ਸਪੱਸ਼ਟ ਦਿਸਦਾ ਹੈ ਕਿ ਹਿੰਦ-ਪ੍ਰਸ਼ਾਂਤ ਖੇਤਰ ਆਉਣ ਵਾਲੀਆਂ ਦਹਾਕਿਆਂ ਦੀ ਵਿਸ਼ਵ ਰਾਜਨੀਤੀ ਅਤੇ ਆਰਥਿਕਤਾ ਦਾ ਕੇਂਦਰ ਬਣਿਆ ਰਹੇਗਾ। ਇਸੇ ’ਚ ਕੁਆਡ ਵਰਗੇ ਪਲੇਟਫਾਰਮਾਂ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਵੇਗੀ। ਨਵੀਂ ਦਿੱਲੀ ’ਚ ਹੋਈ ਬੈਠਕ ਨੇ ਇਹ ਸੁਨੇਹਾ ਦਿੱਤਾ ਹੈ ਕਿ ਮੈਂਬਰ ਦੇਸ਼ ਖੇਤਰੀ ਸਥਿਰਤਾ, ਆਰਥਿਕ ਸੁਰੱਖਿਆ ਅਤੇ ਸਾਂਝੀ ਖੁਸ਼ਹਾਲੀ ਲਈ ਇੱਕਜੁੱਟ ਹੋ ਕੇ ਅੱਗੇ ਵਧਣ ਲਈ ਤਿਆਰ ਹਨ। ਜੇ ਇਹ ਸਹਿਯੋਗ ਇਸੇ ਗਤੀ ਨਾਲ ਅੱਗੇ ਵਧਦਾ ਰਿਹਾ ਤਾਂ ਕੁਆਡ ਭਵਿੱਖ ’ਚ ਵਿਸ਼ਵ ਦਾ ਇੱਕ ਪ੍ਰਭਾਵਸ਼ਾਲੀ ਥੰਮ ਬਣ ਕੇ ਉਭਰ ਸਕਦਾ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਅਰਵਿੰਦ ਜੈਤਿਲਕ