Punjab
Batala Firing Incident: ਬਟਾਲਾ ਦੇ ਸਿੰਬਲ ਚੌਕ ਨੇੜੇ ਦੋ ਧਿਰਾਂ ਵਿਚਾਲੇ ਗੋਲੀਬਾਰੀ, ਇੱਕ ਦੀ ਮੌਤ ਤੇ ਤਿੰਨ ਜ਼ਖ਼ਮੀ
ਗੱਡੀ ਕ੍ਰਾਸ ਕਰਨ ਨੂੰ ਲੈ ਕੇ ਹੋਈ ਤਕਰਾਰ
Batala Firing Incident:
ਗੁਰਦਾਸਪੁਰ (ਸੱਚ ਕਹੂੰ ਨਿਊਜ਼/ਸ਼ਬਦ)। ਬਟਾਲਾ ਦੇ ਭੀੜ-ਭਾੜ ਵਾਲੇ ਇਲਾਕੇ ਬਟਾਲਾ-ਗੁਰਦਾਸਪੁਰ ਰੋਡ ਸਥਿਤ ਸਿੰਬਲ ਚੌਕ ਨੇੜੇ ਦੋ ਕਾਰ ਚਾਲਕਾਂ ਵਿਚਾਲੇ ਗੱਡੀ ਕ੍ਰਾਸ ਕਰਨ ਨੂੰ ਲੈ ਕੇ ਹੋਈ ਤਕਰਾਰ ਨੇ ਖੂਨੀ ਰੂਪ ਧਾਰ ਲਿਆ। ਜਾਣਕਾਰੀ ਅਨੁਸਾਰ ਇੱਕ ਪਾਸੇ ਫਾਰਚੂਨਰ ਗੱਡੀ ਵਿੱਚ ਤਿੰਨ ਨੌਜਵਾਨ ਸਵਾਰ ਸਨ, ਜਦਕਿ ਦੂਜੇ ਵਾਹਨ ਵਿੱਚ ਇੱਕ ਨਿਹੰਗ ਸਿੰਘ ਨੌਜਵਾਨ ਸਵਾਰ ਸੀ। ਪਹਿਲਾਂ ਦੋਵਾਂ ਧਿਰਾਂ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਅਤੇ ਮੌਕੇ ’ਤੇ ਮੌਜੂਦ ਲੋਕਾਂ ਨੇ ਮਾਮਲਾ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਕੁਝ ਹੀ ਪਲਾਂ ਵਿੱਚ ਦੋਵਾਂ ਧਿਰਾਂ ਵੱਲੋਂ ਆਪਣੇ ਲਾਇਸੈਂਸੀ ਹਥਿਆਰਾਂ ਨਾਲ ਇੱਕ-ਦੂਜੇ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ: Patiala Lathicharge: ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ 'ਤੇ ਪਟਿਆਲਾ ਵਿਖੇ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ
ਰਾਹਗੀਰਾਂ ਮੁਤਾਬਕ ਅਚਾਨਕ ਹੋਈ ਗੋਲੀਬਾਰੀ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਲੋਕ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗ ਪਏ। ਇਸ ਗੋਲੀਬਾਰੀ ਦੌਰਾਨ ਨਿਹੰਗ ਸਿੰਘ ਨੌਜਵਾਨ ਦੀਪਇੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਹੋਰ ਨੌਜਵਾਨ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਣ ਉਪਰੰਤ ਐੱਸਐੱਸਪੀ ਡਾ. ਮਹਿਤਾਬ ਸਿੰਘ ਸਮੇਤ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਐੱਸਐੱਸਪੀ ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਮਾਮਲਾ ਰੋਡ ਰੇਜ ਦਾ ਸਾਹਮਣੇ ਆਇਆ ਹੈ, ਜਿਸ ਦੌਰਾਨ ਦੋਵਾਂ ਧਿਰਾਂ ਨੇ ਆਪਣੇ ਲਾਇਸੈਂਸੀ ਰਿਵਾਲਵਰਾਂ ਨਾਲ ਇੱਕ-ਦੂਜੇ ’ਤੇ ਫਾਇਰਿੰਗ ਕੀਤੀ। ਉਨ੍ਹਾਂ ਪੁਸ਼ਟੀ ਕੀਤੀ ਕਿ ਦੀਪਇੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ, ਜਦਕਿ ਦੋ ਤੋਂ ਤਿੰਨ ਹੋਰ ਵਿਅਕਤੀ ਜ਼ਖ਼ਮੀ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।