ਵਿਧਵਾਵਾਂ ਦੇ ਦੁੱਖਾਂ ਦਾ ‘ਘੜਾ ਭੰਨਣ’ ਦੇ ਰਾਹ ਤੁਰੀ ਉਮੀਦਵਾਰ ਵੀਰਪਾਲ ਕੌਰ

Opposition, Candidates, VeerpalKaur, Campaigning, Against, Widows, Sufferings

ਪ੍ਰਵਾਸੀਆਂ ਦੀ ਮੱਦਦ ਨਾਲ ਪੜ੍ਹ ਰਹੇ ਬੱਚੇ ਕਰ ਰਹੇ ਹਨ ਮਾਂ ਲਈ ਚੋਣ ਪ੍ਰਚਾਰ

ਬਠਿੰਡਾ, ਸੁਖਜੀਤ ਮਾਨ

ਵਿਧਵਾ ਵੀਰਪਾਲ ਕੌਰ ਰੱਲਾ ਦੀ ਜ਼ਿੰਦਗੀ ਘੜੇ ਵਾਂਗ ਖੁਰ ਗਈ ਹੈ ਉਸ ਵਰਗੀਆਂ ਅਨੇਕਾਂ ਹੋਰ ਮਹਿਲਾਵਾਂ ਨੇ ਜਿਨ੍ਹਾਂ ਦੇ ਘਰਾਂ ‘ਚ ਵੀ ਦੁੱਖਾਂ ਦੀ ਅੱਗ ਧੁਖਦੀ ਹੈ ਸਰਕਾਰਾਂ ਨੇ ਕੋਈ ਸਾਰ ਨਾ ਲਈ ਤਾਂ ਉਹ ਚੋਣ ਮੈਦਾਨ ‘ਚ ਨਿੱਤਰੀ ਹੈ ਉਹ ਆਪਣੇ ਚੋਣ ਨਿਸ਼ਾਨ ਘੜੇ ਨੂੰ ਸਿਰ ‘ਤੇ ਚੁੱਕ ਕੇ ਵਿਧਵਾਵਾਂ ਦੀ ਜ਼ਿੰਦਗੀ ਦੇ ਦੁੱਖਾਂ ਵਾਲਾ ਘੜਾ ਭੰਨਣ ਦੇ ਯਤਨ ਕਰ ਰਹੀ ਹੈ ।

 ਵੀਰਪਾਲ ਕੌਰ ਆਖਦੀ ਹੈ ਕਿ ਉਹ ਜਿੱਤਣ-ਹਾਰਨ ਵਾਸਤੇ ਚੋਣਾਂ ‘ਚ ਖੜ੍ਹੀ ਨਹੀਂ ਹੋਈ, ਸਗੋਂ ਉਹ ਤਾਂ ਖੁਦਕੁਸ਼ੀ ਪੀੜਤਾਂ ਦਾ ਮੁੱਦਾ ਉਭਾਰਨਾ ਚਾਹੁੰਦੀ ਹੈ ਇਸ ਮਹਿਲਾ ਉਮੀਦਵਾਰ ਦੀ ਧੀ ਦਿਲਜੋਤ ਸ਼ਰਮਾ ਵੀ ਚੋਣ ਪ੍ਰਚਾਰ ‘ਚ ਹੱਥ ਵੰਡਾ ਰਹੀ ਹੈ ਪੁੱਤ ਅਭਿਸ਼ੇਕ ਸ਼ਰਮਾ ਵੀ ਪੇਪਰ ਦੇ ਕੇ ਆਉਣ ਮਗਰੋਂ ਪ੍ਰਚਾਰ ‘ਚ ਜੁਟ ਜਾਂਦਾ ਹੈ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਵੀਰਪਾਲ ਕੌਰ ਨੇ ਦੱਸਿਆ ਕਿ ਉਸਦੀ ਜ਼ਿੰਦਗੀ ‘ਚ ਤਾਂ ਦੁੱਖ ਹੀ ਦੁੱਖ ਆਏ ਹਨ ਪਿਓ, ਸਹੁਰਾ ਤੇ ਪਤੀ ਖੁਦਕੁਸ਼ੀ ਕਰ ਗਏ ਦੁੱਖਾਂ ਦੇ ਪਹਾੜਾਂ ਨੇ ਜਿੰਦਗੀ ਬੋਝ ਬਣਾ ਦਿੱਤੀ ਪਰ ਹਿੰਮਤ ਨਹੀਂ ਹਾਰੀ ਉਸਨੇ ਦੱਸਿਆ ਕਿ ਜਦੋਂ ਉਸਦੇ ਬੱਚੇ ਬਾਰਾਂ ਜਮਾਤਾਂ ਪੜ੍ਹ ਗਏ ਤਾਂ ਉਸ ਕੋਲ ਅੱਗੇ ਪੜ੍ਹਾਉਣ ਦੀ ਗੁੰਜਾਇਸ਼ ਨਹੀਂ ਸੀ ਪਰ ਐਨਆਰਆਈ ਭਰਾਵਾਂ ਨੇ ਉਸਦੇ ਬੱਚਿਆਂ ਦੀ ਬਾਂਹ ਫੜ੍ਹੀ ਤਾਂ ਪੜ੍ਹਾਈ ਅੱਗੇ ਤੁਰੀ ਦਿਲਜੋਤ ਸ਼ਰਮਾ ਨੇ ਦੱਸਿਆ ਕਿ ਉਹ ਬੀਏ ਭਾਗ ਦੂਜਾ ਦੀ ਵਿਦਿਆਰਥਣ ਹੈ ਆਪਣੇ ਕਾਲਜ ਦੀਆਂ ਸਹੇਲੀਆਂ ਨੂੰ ਉਹ ਆਪਣੀ ਮਾਤਾ ਦੇ ਹੱਕ ‘ਚ ਭੁਗਤਣ ਲਈ ਆਖਦੀ ਹੈ ਉਸਨੇ ਦੱਸਿਆ ਕਿ ਸਾਡੇ ਘਰ ਤਾਂ ਮਹਿੰਗਾ ਮੋਬਾਇਲ ਫੋਨ ਵੀ ਨਹੀਂ ਇਸ ਕਰਕੇ ਉਸਦੀਆਂ ਸਹੇਲੀਆਂ ਹੀ ਆਪਣੇ ਫੋਨਾਂ ਤੋਂ ਉਸਦੀ ਮਾਤਾ ਦੇ ਹੱਕ ‘ਚ ਸੋਸ਼ਲ ਮੀਡੀਆ ‘ਤੇ ਚੋਣ ਪ੍ਰਚਾਰ ਕਰ ਰਹੀਆਂ ਹਨ ਵੀਰਪਾਲ ਕੌਰ ਦਾ ਪੁੱਤਰ ਅਭਿਸ਼ੇਕ ਬੀਏ ਭਾਗ ਪਹਿਲਾ ‘ਚ ਪੜ੍ਹਦਾ ਹੈ ਇਸ ਵੇਲੇ ਉਹ ਆਪਣੀ ਪ੍ਰੀਖਿਆ ‘ਚ ਵੀ ਰੁੱਝਿਆ ਹੋਇਆ ਹੈ ਅਤੇ ਮਾਂ ਦੇ ਚੋਣ ਪ੍ਰਚਾਰ ‘ਚ ਵੀ ਉਹ ਸਵੇਰੇ-ਸ਼ਾਮ ਚੋਣ ਪ੍ਰਚਾਰ ਕਰਦਾ ਹੈ ਵੀਰਪਾਲ ਕੌਰ ਦੇ ਭਰਾ ਸ਼ਿਵਜੀ ਰਾਮ, ਕੌਰ ਸੈਨ, ਭਤੀਜੇ ਲਖਵਿੰਦਰ ਸ਼ਰਮਾ, ਸਜਾਨ ਸ਼ਰਮਾ ਅਤੇ ਸੌਰਵ ਵੀ ਚੋਣ ਪ੍ਰਚਾਰ ‘ਚ ਜੁਟੇ ਹੋਏ ਹਨ।

ਅੱਜ ਵੀਰਪਾਲ ਕੌਰ ਰੱਲਾ ਦੀ ਹਮਾਇਤ ‘ਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਪ੍ਰੋ. ਮਨਜੀਤ ਸਿੰਘ ਤੇ ਕਰਨੈਲ ਸਿੰਘ ਜਖੇਪਲ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ ਉਨ੍ਹਾਂ ਆਖਿਆ ਕਿ ਕਿਸਾਨ ਧਿਰਾਂ ਨੂੰ ਵੀ ਵੀਰਪਾਲ ਕੌਰ ਦੇ ਹੱਕ ‘ਚ ਖੜ੍ਹਨਾ ਚਾਹੀਦਾ ਹੈ ਉਨ੍ਹਾਂ ਆਖਿਆ ਕਿ ਜੇਕਰ ਕਿਸਾਨ-ਮਜ਼ਦੂਰ ਧਿਰਾਂ ਅਜਿਹਾ ਨਹੀਂ ਕਰਦੀਆਂ ਤਾਂ ਉਨ੍ਹਾਂ ਦਾ ਕੇਸ ਕਮਜ਼ੋਰ ਹੋਵੇਗਾ ਇਸ ਮੌਕੇ ਕਿਸਾਨ ਮਜ਼ਦੂਰ ਖੁਦਕੁਸ਼ੀ ਪੀੜ੍ਹਤ ਕਮੇਟੀ ਦੀ ਸੂਬਾ ਕਨਵੀਨਰ ਕਿਰਨਜੀਤ ਕੌਰ ਝੁਨੀਰ ਨੇ ਆਖਿਆ ਕਿ ਖੁਦਕੁਸ਼ੀ ਪੀੜਤਾਂ ਦਾ ਜਦੋਂ ਸਰਕਾਰਾਂ ਨੇ ਕੋਈ ਹੱਲ ਨਾ ਕੀਤਾ ਤਾਂ ਉਨ੍ਹਾਂ ਨੇ ਸਰਵੇਖਣ ਮਗਰੋਂ ਹੀ ਚੋਣ ਮੈਦਾਨ ‘ਚ ਉੱਤਰਨ ਦਾ ਫੈਸਲਾ ਲਿਆ ਸੀ ਉਹ ਹੁਣ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਮਿਲ ਰਹੇ ਹਨ।

ਧੀ ਦੀ ਪਹਿਲੀ ਵੋਟ ਹੀ ਪਵੇਗੀ ਮਾਂ ਨੂੰ

ਵੀਰਪਾਲ ਕੌਰ ਰੱਲਾ ਦੀ ਧੀ ਦਿਲਜੋਤ ਸ਼ਰਮਾ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰੇਗੀ ਦਿਲਜੋਤ ਨੇ ਦੱਸਿਆ ਕਿ ਉਸਦੀ ਵੋਟ ਹੁਣੇ ਹੀ ਬਣੀ ਹੈ ਤੇ ਉਸਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਆਪਣੀ ਜਿੰਦਗੀ ਦੀ ਪਹਿਲੀ ਵੋਟ ਹੀ ਆਪਣੀ ਮਾਂ ਨੂੰ ਪਾਵੇਗੀ।

ਧੀ ਦਾ ਸੁਫ਼ਨਾ ਵੀ ਕਿਸਾਨਾਂ-ਮਜ਼ਦੂਰਾਂ ਦੀ ਲੜਾਈ ਲੜਨਾ

ਪੋਲ ਰਿੰਗ ਦੇ ਕੌਮੀ ਮੁਕਾਬਲਿਆਂ ‘ਚੋਂ ਸੋਨ ਤਗ਼ਮਾ ਤੇ ਹਾਕੀ ‘ਚ ਸੂਬਾ ਪੱਧਰੀ ਮੁਕਾਬਲਿਆਂ ‘ਚ ਹਿੱਸਾ ਲੈ ਚੁੱਕੀ ਵੀਰਪਾਲ ਕੌਰ ਦੀ ਧੀ ਦਿਲਜੋਤ ਦਾ ਸੁਫ਼ਨਾ ਵੀ ਉਚੇਰੀ ਪੜ੍ਹਾਈ ਕਰਕੇ ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜਨ ਦਾ ਹੈ ਉਹ ਆਪਣੀ ਮਾਤਾ ਦੇ ਚੋਣ ਪ੍ਰਚਾਰ ‘ਚ ਲੋਕਾਂ ਨੂੰ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਮੁੱਦਾ ਉਭਾਰਨ ਤੇ ਨਵੇਂ ਪੰਜਾਬ ਦੀ ਸਿਰਜਣਾ ਦੇ ਹੋਕੇ ਦਾ ਪੰਫਲੇਟ ਵੀ ਹੱਥੋਂ ਹੱਥ ਵੰਡ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।