ਨਾਭਾ ਦਾ ਸਰਵਪ੍ਰਿਯਾ ਹੋਟਲ ਹੋਇਆ ਸੀਲ

Nabha, Sarpriya Hotel, Sealed

ਨਾਭਾ (ਤਰੁਣ ਕੁਮਾਰ ਸ਼ਰਮਾ) | ਸ਼ਹਿਰ ਦੇ ਸਰਕੂਲਰ ਰੋਡ ‘ਤੇ ਸਥਿੱਤ ਅੱਜ ਮਸ਼ਹੂਰ ਸਰਵਪ੍ਰਿਆ ਹੋਟਲ ਨੂੰ ਸੀਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਸ ਮਸ਼ਹੂਰ ਹੋਟਲ ਦੇ ਹਿੱਸੇਦਾਰਾਂ ਵੱਲੋਂ ਸਟੇਟ ਬੈਂਕ ਆਫ ਇੰਡੀਆ ਤੋਂ ਕਰਜ਼ਾ ਲਿਆ ਗਿਆ ਸੀ, ਜਿਸ ਦਾ ਭੁਗਤਾਨ ਸਮੇਂ ਸਿਰ ਨਾ ਹੋਣ ਕਾਰਨ ਇਹ ਕਰਜ਼ਾ ਵਧਦਾ ਗਿਆ। ਇਸ ਸਬੰਧੀ ਐਸਬੀਆਈ ਵੱਲੋਂ ਕਈ ਵਾਰ ਸਰਵਪ੍ਰਿਆ ਹੋਟਲ ਦੇ ਹਿੱਸੇਦਾਰਾਂ ਨੂੰ ਨੋਟਿਸ ਜਾਰੀ ਕਰਕੇ ਬੈਂਕ ਦੇ ਖੜ੍ਹੇ ਬਕਾਏ ਨੂੰ ਜਮ੍ਹਾਂ ਕਰਵਾਉਣ ਦੀ ਹਦਾਇਤ ਜਾਰੀ ਕੀਤੀ ਗਈ ਪਰੰਤੂ ਹੋਟਲ ਦੇ ਹਿੱਸੇਦਾਰਾਂ ਦੇ ਕੰਨਾਂ ‘ਤੇ ਜੂੰ ਨਾ ਸਰਕੀ
ਸਟੇਟ ਬੈਂਕ ਆਫ ਇੰਡੀਆ ਦੇ ਕਬਜ਼ਾ ਨੋਟਿਸ ਅਨੁਸਾਰ ਹੋਟਲ ਸਰਵਪ੍ਰਿਆ ਦੇ ਹਿੱਸੇਦਾਰਾਂ ਵੱਲ ਕੁੱਲ 02 ਕਰੋੜ, 16 ਲੱਖ, 02 ਹਜ਼ਾਰ, 05 ਸੌ ਸਤਾਨਵੇਂ ਰੁਪਏ ਬਕਾਇਆ ਖੜ੍ਹੇ ਸਨ। ਜਿਕਰਯੋਗ ਹੈ ਕਿ ਇਸ ਹੋਟਲ ਨਾਲ ਸ਼ਹਿਰ ਦੇ ਇੱਕ ਮੰਨੇ ਪ੍ਰਮੰਨੇ ਉਦਯੋਗਪਤੀਆਂ ਦਾ ਨਾਂਅ ਜੁੜਿਆ ਹੋਇਆ ਹੈ ਅਤੇ ਇਸ ਉਦਯੋਗਪਤੀ ਦਾ ਪੁੱਤਰ ਅਤੇ ਪਤਨੀ ਵੀ ਇਸ ਹੋਟਲ ਵਿੱਚ ਹਿੱਸੇਦਾਰ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਸਟੇਟ ਬੈਂਕ ਆਫ ਇੰਡੀਆ ਨੇ ਹੋਟਲ ਦੇ ਹਿੱਸੇਦਾਰਾਂ ਖਿਲਾਫ ਕਬਜ਼ਾ ਵਾਰੰਟ ਲਈ ਮਾਣਯੋਗ ਹਾਈਕੋਰਟ ਵਿਖੇ ਸੀ ਡਬਲਿਊ ਪੀ 11301 ਵੀ ਦਾਖਲ ਕੀਤੀ ਗਈ ਸੀ, ਜਿਸ ਲਈ 03 ਜੁਲਾਈ ਦੀ ਤਾਰੀਖ ਤੈਅ ਕੀਤੀ ਗਈ ਹੈ। ਇਸੇ ਕੇਸ ਸਬੰਧੀ  ਫੀਲਡ ਕਾਨੂੰਨਗੋ ਨਾਭਾ ਵੱਲੋਂ ਹੋਟਲ ਸਰਵਪ੍ਰਿਆ ਦੇ ਹਿੱਸੇਦਾਰਾਂ ਨੂੰ 31 ਮਈ ਤੱਕ ਬੈਂਕ ਕੋਲ ਗਹਿਣੇ ਰੱਖੀ ਜਾਇਦਾਦ ਨੂੰ ਖਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ , ਜਿਨ੍ਹਾਂ ਦੀ ਪੂਰਤੀ ਨਾ ਹੁੰਦੀ ਵੇਖ ਕੇ ਅੱਜ ਸਰਕਾਰ ਵੱਲੋਂ ਭਾਰੀ ਗਿਣਤੀ ਵਿੱਚ ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਅੰਜਾਮ ਦਿੱਤੀ ਕਾਰਵਾਈ ਦੌਰਾਨ ਇਸ ਹੋਟਲ ਨੂੰ ਸੀਲ ਕਰ ਦਿੱਤਾ ਗਿਆ ਅਤੇ ਹੋਟਲ ਦੇ ਬਾਹਰ ਬੈਂਕ ਦੇ ਕਬਜ਼ੇ ਦਾ ਨੋਟਿਸ ਵੀ ਲਾ ਦਿੱਤਾ ਗਿਆ। ਸਾਰਾ ਦਿਨ ਸ਼ਹਿਰ ਦੇ ਇਸ ਮਸ਼ਹੂਰ ਹੋਟਲ ਦੇ ਸੀਲ ਹੋਣ ਦੀ ਸਾਰੇ ਸ਼ਹਿਰ ‘ਚ ਚਰਚਾ ਹੁੰਦੀ ਰਹੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।