ਮਨਪ੍ਰੀਤ ਬਾਦਲ ਅਤੇ ਕੇਂਦਰ ਸਰਕਾਰ ‘ਚ ਉਲਝੀ ਆਯੁਸ਼ਮਾਨ, ਪੰਜਾਬ ‘ਚ ਨਹੀਂ ਹੋਈ ਲਾਗੂ

Manpreetk, Ayushmann, Entrapped, Central, Government, Not, Permission, Punjab

 ਕੇਂਦਰ ਸਰਕਾਰ ਨੇ ਨਕਾਰੀ ਸਰਕਾਰ ਦੀ ਮੰਗ, ਆਖ਼ਰੀ ਦਿਨ ਤੱਕ ਨਹੀਂ ਹੋ ਸਕਿਆ ਐਮਓਯੂ

 ਮਨਪ੍ਰੀਤ ਬਾਦਲ ਨਹੀਂ ਦੇਣ ਨੂੰ ਤਿਆਰ 350 ਕਰੋੜ ਰੁਪਏ ਸਾਲਾਨਾ, ਅਮਰਿੰਦਰ ਦੀ ਅਪੀਲ ਵੀ ਠੁਕਰਾਈ

ਚੰਡੀਗੜ੍ਹ 

ਪੰਜਾਬ ‘ਚ ਕਾਂਗਰਸ ਪਾਰਟੀ ‘ਤੇ ਹਮੇਸ਼ਾ ਭਾਰੂ ਰਿਹਾ ਬਾਦਲ ਪਰਿਵਾਰ ਇੱਕ ਵਾਰ ਫਿਰ ਸਰਕਾਰ ਦੀ ਇੱਕ ਸਕੀਮ ਨੂੰ ਲਾਗੂ ਕਰਵਾਉਣ ‘ਚ ਅੜਿੱਕਾ ਬਣ ਗਿਆ। ਇਸ ਵਾਰ ਪਰਕਾਸ਼ ਸਿੰਘ ਬਾਦਲ ਜਾਂ ਫਿਰ ਸੁਖਬੀਰ ਬਾਦਲ ਨਹੀਂ, ਸਗੋਂ ਅਕਾਲੀ ਤੋਂ ਹੀ ਕਾਂਗਰਸੀ ਬਣੇ ਮਨਪ੍ਰੀਤ ਬਾਦਲ ਅੜਿੱਕਾ ਬਣ ਗਏ ਹਨ। ਐਤਵਾਰ ਨੂੰ ਦੇਸ਼ ਭਰ ਵਿੱਚ ਆਯੂਸ਼ਮਾਨ ਸਕੀਮ ਲਾਗੂ ਹੋ ਗਈ ਹੈ ਤੇ ਦੇਸ਼ ਦਾ ਗਰੀਬ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਲੈਣ ਦਾ ਹੱਕਦਾਰ ਬਣ ਗਿਆ ਹੈ ਪਰ ਪੰਜਾਬ ‘ਚ ਮਨਪ੍ਰੀਤ ਬਾਦਲ ਤੇ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੇ ਪੰਜਾਬੀਆਂ ਨੂੰ ਇਸ ਤੋਂ ਵਾਂਝਾ ਕਰਕੇ ਰੱਖ ਦਿੱਤਾ ਹੈ। ਪੰਜਾਬ ਦੇ ਇੱਕ ਵੀ ਵਾਸੀ ਨੂੰ ਫਿਲਹਾਲ ਆਯੂਸ਼ਮਾਨ ਸਕੀਮ ਦਾ ਫਾਇਦਾ ਨਹੀਂ ਮਿਲੇਗਾ।
ਕੇਂਦਰ ਵੱਲੋਂ ਸੂਬਾ ਸਰਕਾਰ ਨੂੰ ਹਰ ਸਕੀਮ ਵਿੱਚ ਹਿੱਸੇਦਾਰੀ ‘ਚ ਵੱਡਾ ਫਰਕ ਪਾਉਂਦੇ ਹੋਏ ਫਾਰਮੂਲਾ 10-90 ਕਰ ਦਿੱਤਾ ਸੀ, ਜਿਸ ‘ਚ 10 ਪੈਸੇ ਕੇਂਦਰ ਸਰਕਾਰ ਤੇ 90 ਪੈਸੇ ਸੂਬਾ ਸਰਕਾਰ ਨੂੰ ਪਾਉਣੇ ਪੈਣਗੇ। ਆਯੂਸ਼ਮਾਨ ਸਕੀਮ ਹੇਠ ਪੰਜਾਬ ‘ਚ ਲਗਭਗ 35 ਲੱਖ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾਣਾ ਹੈ ਤੇ ਇਸ ਦੇ ਤਹਿਤ ਲਗਭਗ 350 ਕਰੋੜ ਰੁਪਏ ਖ਼ਰਚ ਆਉਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸਿਰਫ਼ 10 ਫੀਸਦੀ ਪੈਸਾ ਹੀ ਕੇਂਦਰ ਸਰਕਾਰ ਦੇਣ ਲਈ ਤਿਆਰ ਹੈ, ਬਾਕੀ ਸਾਰਾ ਖ਼ਰਚ ਪੰਜਾਬ ਸਰਕਾਰ ਨੂੰ ਆਪਣੀ ਜੇਬ ‘ਚੋਂ ਹੀ ਕਰਨਾ ਪਏਗਾ। ਕੇਂਦਰ ਸਰਕਾਰ ਤੋਂ 10-90 ਦੀ ਬਜਾਇ 40-60 ਅਨੁਪਾਤ ‘ਚ ਪੈਸਾ ਲੈਣ ਲਈ ਪੰਜਾਬ ਸਰਕਾਰ ਨੇ ਕਾਫ਼ੀ ਜਿਆਦਾ ਜ਼ੋਰ ਲਗਾਇਆ ਅਤੇ ਇੱਥੇ ਤੱਕ ਕਿ ਇਸ ਸਕੀਮ ਦੇ ਐੱਮਓਯੂ ‘ਤੇ ਅਜੇ ਤੱਕ ਦਸਤਖ਼ਤ ਵੀ ਨਹੀਂ ਕੀਤੇ ਹਨ ਪਰ ਫਿਰ ਵੀ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਸਾਫ਼ ਇਨਕਾਰ ਕਰ ਦਿੱਤਾ ਹੈ ਕਿ ਜੇਕਰ ਉਨ੍ਹਾਂ ਨੇ ਆਯੂਸ਼ਮਾਨ ਵਿੱਚ ਸ਼ਾਮਲ ਹੋਣਾ ਹੈ ਤਾਂ ਉਨ੍ਹਾਂ ਨੂੰ 90 ਫੀਸਦੀ ਹਿੱਸਾ ਜੇਬ ‘ਚੋਂ ਹੀ ਪਾਉਣਾ ਪਏਗਾ, ਨਹੀਂ ਤਾਂ ਸੂਬੇ ਨੂੰ ਇਸ ਸਕੀਮ ‘ਚ ਸ਼ਾਮਲ ਨਹੀਂ ਕੀਤਾ ਜਾਏਗਾ।
ਕੇਂਦਰ ਸਰਕਾਰ ਵੱਲੋਂ ਕੋਰੀ ਨਾਂਹ ਕਰਨ ਤੋਂ ਬਾਅਦ ਹੁਣ ਸਰਕਾਰ ਦੀ ਸੂਈ ਬਾਦਲ ਦੀ ਹਾਮੀ ‘ਤੇ ਅੜੀ ਹੋਈ ਹੈ, ਕਿਉਂਕਿ ਮਨਪ੍ਰੀਤ ਬਾਦਲ ਖ਼ਜ਼ਾਨੇ ‘ਚ ਪੈਸਾ ਨਾ ਹੋਣ ਦਾ ਲਾਰਾ ਲਾਉਂਦੇ ਹੋਏ ਹਰ ਸਾਲ 300 ਕਰੋੜ ਦੇ ਲਗਭਗ ਫੰਡ ਜਾਰੀ ਕਰਨ ਤੋਂ ਸਾਫ਼ ਇਨਕਾਰ ਕਰ ਰਹੇ ਹਨ। ਇਸ ਸਬੰਧੀ ਖ਼ੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਮਨਪ੍ਰੀਤ ਬਾਦਲ ਨਾਲ ਗੱਲਬਾਤ ਕੀਤੀ ਹੈ ਪਰ ਮਨਪ੍ਰੀਤ ਬਾਦਲ ਇਸ ਸਬੰਧੀ ਕੋਈ ਜ਼ਿਆਦਾ ਤਿਆਰ ਨਹੀਂ ਹੋਏ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।