ਰੱਬੀ ਬੰਦਾ

ਰੱਬੀ ਬੰਦਾ

”ਸੋਚਿਆ ਸੀ ਕਿ ਇਸ ਵਾਰ ਢਿੱਡ ਨੂੰ ਗੰਢ ਦੇ ਜਿਵੇਂ-ਕਿਵੇਂ ਕਰ ਆ ਛੱਤ ਹਰ ਹੀਲੇ ਬਦਲਵਾ ਲਵਾਂਗੇ ਪਰ ਰਤਾ ਵੀ ਇਲਮ ਨਹੀਂ ਸੀ ਕਿ ਇਹ ਕਰਫਿਊ ਮਹੀਨੇ ਭਰ ਲਈ ਅੰਦਰ ਤਾੜ ਕੇ ਰੱਖ ਦਊ।” ਆਪਣੀ ਇੱਕ ਕੱਚੀ ਕੋਠੜੀਨੁਮਾ ਘਰ ਦੀ ਦਿਨ-ਬ-ਦਿਨ ਝੁਕਦੀ ਜਾ ਰਹੀ ਛੱਤ ਵੱਲ ਦੇਖ ਦੇਬੂ ਬੁੜ-ਬੁੜਾਇਆ। ”ਛੱਤ ਨੂੰ ਛੱਡ, ਕੁੱਝ ਨਿਆਣਿਆਂ ਬਾਰੇ ਸੋਚ, ਅੱਜ ਤਾਂ ਰੁੱਖੀ-ਸੁੱਖੀ ਖਾ ਕੇ ਸੌਂ ਗਏ ਕੱਲ੍ਹ ਵਾਸਤੇ ਮੁੱਠੀ ਭਰ ਵੀ ਆਟਾ ਨ੍ਹੀਂ ਭੜੋਲੇ ‘ਚ।” ਬੱਚਿਆਂ ਨੂੰ ਪੱਖੀ ਝੱਲਦੀ ਸ਼ਾਂਤੀ ਕੁੜ੍ਹਦੀ ਬੋਲੀ।

”ਕੋਈ ਨਾ ‘ਵਾਗੁਰੂ ਤੰਦਰੁਸਤੀ ਬਖਸ਼ੇ ਸਭ ਠੀਕ ਹੋਜੂ, ਉਸੇ ਨੂੰ ਫਿਕਰ ਐ!” ਦੇਬੂ ਨੇ ਧਰਵਾਸਾ ਦਿੰਦਿਆਂ ਠੰਢਾ ਜਿਹਾ ਸਾਹ ਲਿਆ। ”ਨਾ ਫੋਟੋ ਖਿਚਾਉਣ ਨਾਲ ਕੀ ਫਾਹਾ ਪੈ ਜਾਣਾ ਸੀ?” ਚਿਰਾਂ ਤੋਂ ਭਰੀ-ਪੀਤੀ ਸ਼ਾਂਤੀ ਨੇ ਆਖਰ ਮਨ ਦੀ ਭੜਾਸ ਕੱਢ ਮਾਰੀ। ”ਓ ਅੱਛਾ ਤੂੰ ਤਾਂ ਹਰਖੀ ਬੈਠੀ ਐਂ। ਸੱਚ ਦੱਸਾਂ ਸ਼ਾਂਤੀ ਅੱਜ ਸੱਥ ‘ਚ ਉਹ ਪੰਦਰਾਂ-ਵੀਹ ਜਣੇ ਜਦੋਂ ਥੋੜ੍ਹਾ-ਥੋੜ੍ਹਾ ਆਟਾ ਦਿੰਦਿਆਂ ਸਾਰੇ ਗਰੀਬ ਬੇਵੱਸ ਪਰਿਵਾਰ ਨੂੰ ਆਪਣੇ ਮੂਹਰੇ ਬਿਠਾ ਕੇ ਫੋਟੋਆਂ ਖਿਚਵਾ ਰਹੇ ਸਨ ਤਾਂ ਇਹ ਵਿਚਾਰੇ ਮਾਸੂਮ ਨਿਆਣੇ ਤੇ ਤੇਰੇ ਵੱਲ ਦੇਖ ਮੇਰਾ ਮਨ ਨਹੀਂ ਮੰਨਿਆ, ਹਾਂ ਜੇ ਉਹ ਮੇਰੇ ‘ਕੱਲੇ ਦੀ ਫੋਟੋ ਖਿਚ ਲੈਂਦੇ ਤਾਂ ਮੈਂ ਖੁਸ਼ੀ-ਖੁਸ਼ੀ ਖਿਚਵਾ ਵੀ ਲੈਂਦਾ।

ਇਸ ਕਰਕੇ ਮੈਂ ਉੱਥੇ ਝੂਠ ਹੀ ਬੋਲ ਦਿੱਤਾ ਕਿ ਮੇਰੇ ਘਰ ਤਾਂ ਆਟਾ ਪਿਆ ਹੈ।” ਜਜ਼ਬਾਤੀ ਹੋਏ ਦੇਬੂ ਨੇ ਦਿਲ ਦੀ ਦੱਸੀ ਪਰ ਬਿਨਾ ਕੁੱਝ ਸੁਣੇ ਭੁੜਕੀ ਸ਼ਾਂਤੀ ਅਜੇ ਵੀ ਉਸ ਨੂੰ ਬੁਰਾ-ਭਲਾ ਬੋਲੀ ਜਾ ਰਹੀ ਸੀ। ”ਉਂਜ ਦੇਖਿਆ ਜਾਵੇ ਸ਼ਾਂਤੀ ਵਿਚਾਰੀ ਠੀਕ ਹੀ ਤਾਂ ਕਹਿੰਦੀ ਹੈ ਸਮਾਂ ਵਿਚਾਰ ਲੈਣਾ ਚਾਹੀਦਾ ਬੰਦੇ ਨੂੰ, ਪਤਾ ਨਹੀਂ ਮੇਰੀ ਅਕਲ ‘ਤੇ ਕੀ ਪਰਦਾ ਪੈ ਗਿਆ ਸੀ? ਕੀ ਹੋ ਜਾਣਾ ਸੀ ਜੇ ਸਾਰੇ ਫੋਟੋ ਖਿਚਵਾ ਵੀ ਲੈਂਦੇ।” ਆਪਣੇ-ਆਪ ਨੂੰ ਕੋਸਦਾ ਦੇਬੂ ਟੁੱਟੀ ਦੌਣ ਵਾਲੇ ਘਰੋੜੇ ਮੰਜੇ ‘ਤੇ ਲੰਮਾ ਪੈ ਗਿਆ ਤੇ ਉਸਦੀ ਨਿਗ੍ਹਾ ਮੱਲੋ-ਮੱਲੀ ਟੁੱਟੇ ਬਾਲਿਆਂ ਵਾਲੀ ਡਿਗੂੰ-ਡਿਗੂੰ ਕਰਦੀ ਛੱਤ ‘ਤੇ ਜਾ ਟਿਕੀ।

ਅਚਾਨਕ ਦਰਵਾਜੇ ‘ਤੇ ਹੋਈ ਦਸਤਕ ਨਾਲ ਦੇਬੂ ਤ੍ਰਭਕਿਆ। ਸਿਉਂਕ ਖਾਧੀਆਂ ਪਤਲੀਆਂ ਫੱਟੀਆਂ ਦੇ ਕੌਲੇ ਤੋਂ ਲੱਥੇ ਮੋਟੀਆਂ ਝੀਤਾਂ ਵਾਲੇ ਦਰਵਾਜੇ ਨੂੰ ਘੜੀਸ ਜਿਉਂ ਹੀ ਦੇਬੂ ਨੇ ਇੱਕ ਪਾਸੇ ਸਰਕਾਇਆ, ”ਆ ਥੋੜ੍ਹਾ ਰਾਸ਼ਨ ਹੈ ਜੀ!” ਸੰਜੀਦਗੀ ਭਰੇ ਬੋਲਾਂ ਨਾਲ ਕਿਸੇ ਨੇ ਰਾਸ਼ਨ ਦਾ ਭਰਿਆ ਵੱਡਾ ਬੋਰਾ ਦਰਾਂ ਅੰਦਰ ਟਿਕਾ ਦਿੱਤਾ। ”ਸ…ਸ… ਸ਼ਾਂਤੀ ਛੇਤੀ ਆ, ਨਾਲੇ ਦੋਵੇਂ ਬੱਚਿਆਂ ਨੂੰ ਵੀ ਲਿਆ।” ਅਣਕਿਆਸੀ ਤੇ ਹੈਰਾਨੀ ਭਰੀ ਖੁਸ਼ੀ ਨਾਲ ਭੌਚੱਕੇ ਹੋਏ ਦੇਬੂ ਮੂੰਹੋਂ ਮਸਾਂ ਨਿੱਕਲਿਆ।

”ਚੰਗਾ ਜੀ, ਰੱਬ ਭਲੀ ਕਰੇ।” ਦਰਾਂ ‘ਚ ਖੜ੍ਹੇ ਸ਼ਖਸ ਨੇ ਇਜਾਜ਼ਤ ਲੈਂਦਿਆਂ ਨਿਮਰਤਾ ਨਾਲ ਕਿਹਾ। ”ਫ…. ਫੋਟੋ ਨ੍ਹੀਂ ਖਿੱਚਦੇ ਜੀ?” ਬੇਚਾਰਗੀ ਭਰੇ ਬੋਲਾਂ ਨਾਲ ਦੇਬੂ ਨੇ ਜਿਵੇਂ ਉਸ ਨੂੰ ਚਿਤਾਰਿਆ। ”ਓ ਨਹੀਂ ਜੀ ਜਦ ਉੱਪਰ ਵਾਲੇ ਨੇ ਸਾਡੇ ‘ਤੇ ਆਪਣੀ ਅਪਾਰ ਮਿਹਰ ਕਰਨ ਲੱਗਿਆਂ ਕੋਈ ਫੋਟੋ ਖਿੱਚਣ ਦੀ ਜਰੂਰਤ ਨ੍ਹੀਂ ਸਮਝੀ ਤਾਂ ਸਾਡੀ ਔਕਾਤ ਹੀ ਕੀ ਐ ਕਿ ਅਸੀਂ ਇਹ ਤਿਲ-ਫੁੱਲ ਦੇ ਕੇ ਫੋਟੋ ਖਿਚਵਾਈਏ?” ”ਪਰ ਤੁਸੀਂ ਕੌਣ ਤੇ ਕਿੱਥੋਂ ਆਏ ਹੋ? ਅਸੀਂ ਤੁਹਾਨੂੰ ਪਹਿਚਾਣਿਆ ਨਹੀਂ!”

ਕੱਚੀ ਨੀਂਦ ਜਗਾਏ ਨੰਗ-ਧੜੰਗੇ ਬੱਚਿਆਂ ਨੂੰ ਕੁੱਛੜ ਚੁੱਕੀ ਖੜ੍ਹੀ ਸ਼ਾਂਤੀ ਨੇ ਉਤਸੁਕਤਾ ਨਾਲ ਪੁੱਛਿਆ। ”ਆ ਲਾਗਿਓ ਹੀ ਹਾਂ ਜੀ, ਦੋ-ਚਾਰ ਦਿਨਾਂ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ।” ਰੱਬੀ ਬੰਦਾ ਬੜੀ ਹਲੀਮੀ ਨਾਲ ਆਖ ਟੁੱਟੇ ਦਰਵਾਜ਼ੇ ਨੂੰ ਖਿੱਚ ਕੌਲਿਆਂ ਵਿਚਕਾਰ ਕਰਕੇ ਤੇਜ਼ ਕਦਮੀਂ ਮੁੜ ਪਿਆ। ਗਾਰੇ ‘ਚ ਚਿਣੀਆਂ ਕੱਚੀਆਂ-ਪਿੱਲੀਆਂ ਇੱਟਾਂ ਦੀ ਕੰਧ ‘ਤੇ ਲੱਗੀ ਬਾਬੇ ਨਾਨਕ ਦੀ ਨੂਰਾਨੀ ਤਸਵੀਰ ਅੱਗੇ ਹੱਥ ਜੋੜ ਨਤਮਸਤਕ ਹੋਏ ਖੜ੍ਹੇ ਦੇਬੂ ਦੀਆਂ ਅੱਖਾਂ ਸ਼ੁਕਰਾਨੇ ਦੇ ਹੰਝੂ ਕੇਰ ਰਹੀਆਂ ਸਨ ਤੇ ਸ਼ਾਂਤੀ ਠਰੇ ਹਿਰਦੇ ਨਾਲ ਬੱਚਿਆਂ ਦਾ ਮੂੰਹ ਚੁੰਮ ਰਹੀ ਸੀ।
ਨੀਲ ਕਮਲ ਰਾਣਾ, ਦਿੜ੍ਹਬਾ
ਮੋ. 98151-71874

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।